ਮੇਲਾ ਧੀਆਂ ਦਾ ਸਬੱਬ ਤੀਆਂ ਦਾ

ਮੇਲਾ ਧੀਆਂ ਦਾ ਸਬੱਬ ਤੀਆਂ ਦਾ

ਡਾ. ਅਮਨਦੀਪ ਕੌਰ ਬਰਾੜ

ਸਾਉਣ ਦੇ ਮਹੀਨੇ ਵਿੱਚ ਪੂਰੀ ਕਾਇਨਾਤ ਦਾ ਹੁਸਨ ਸਿਖ਼ਰ ’ਤੇ ਹੁੰਦਾ ਹੈ। ਇਸ ਮਹੀਨੇ ਪੈਂਦੇ ਮੀਂਹ ਲੋਕਾਂ ਨੂੰ ਜੇਠ-ਹਾੜ੍ਹ ਦੀ ਲੂ ਅਤੇ ਗਰਮੀ ਤੋਂ ਰਾਹਤ ਦਿਵਾਉਂਦੇ ਹਨ। ਹਰ ਪਾਸੇ ਹਰਿਆਵਲ ਹੁੰਦੀ ਹੈ ਅਤੇ ਪ੍ਰਕਿਰਤੀ ਖੁਸ਼ੀ ਨਾਲ ਝੂਮ ਉੱਠਦੀ ਹੈ।

ਇੱਕ ਵੇਲਾ ਸੀ ਜਦੋਂ ਸਮਾਂ ਪੱਬਾਂ ਭਾਰ ਪਿੰਡਾਂ ਦੀਆਂ ਫਿਰਨੀਆਂ ’ਤੇ ਨੱਚਦਾ, ਟੱਪਦਾ, ਗਾਉਂਦਾ ਜ਼ਿੰਦਗੀ ਦੀ ਮਸ਼ਰੂਫ਼ੀਅਤ ਅਤੇ ਤਲਖ਼ ਹਕੀਕਤਾਂ ਨੂੰ ਟਿੱਚਰਾਂ ਕਰਦਾ ਰੂਹ ਦਾ ਖੇੜਾ ਬਖ਼ਸ਼ਦਾ ਸੀ। ਨਾ ਜ਼ਿੰਦਗੀ ਵਿੱਚ ਅੱਜ ਵਰਗੀ ਕਾਹਲ ਸੀ ਅਤੇ ਨਾ ਹੀ ਰੁੱਖਾਪਣ। ਜ਼ਿੰਦਗੀ ਦੀ ਰੌਂ-ਰੌਂ ਵਿੱਚ ਸੰਗੀਤ ਰਸਿਆ ਹੋਇਆ ਸੀ। ਸਾਉਣ ਦਾ ਮਹੀਨਾ ਇਸ ਨੂੰ ਹੋਰ ਖ਼ੂਬਸੂਰਤ ਬਣਾ ਦਿੰਦਾ ਸੀ। ਸਾਉਣ ਦੇ ਮਹੀਨੇ ਵਿੱਚ ਇਨਸਾਨ ਹੀ ਨਹੀਂ ਪਿੱਪਲ, ਨਿੰਮਾਂ, ਬੇਰੀਆਂ ਅਤੇ ਕਿੱਕਰਾਂ ਆਦਿ ਵੀ ਗਾਉਂਦੀਆਂ ਸਨ। ਚਰਖਿਆਂ ਦੀ ਘੂਕਰ, ਮੋਰਾਂ ਦੀ ਕੂਕਰ, ਖੂਹਾਂ ’ਤੇ ਬੋਲਦੇ ਬੀਂਡੇ ਅਤੇ ਸਾਉਣ ਦੀ ਰਿੰਮ-ਝਿੰਮ ਮਾਨੋਂ ਜ਼ਿੰਦਗੀ ਦਾ ਨਿਚੋੜ ਸੀ। ਹਾਰੇ ਰਿੱਝਦੀ ਖੀਰ ਤੇ ਪੂੜਿਆਂ ਦੀ ਮਹਿਕ ਅਤੇ ਗੁਲਗਲਿਆਂ ਦੀ ਮਿਠਾਸ ਇਸ ਨੂੰ ਹੋਰ ਵੀ ਸੁਗੰਧਮਈ ਬਣਾ ਦਿੰਦੀ। ਇਸ ਮਹੀਨੇ ਦੀ ਬੇਸਬਰੀ ਨਾਲ ਸਭ ਤੋਂ ਜ਼ਿਆਦਾ ਉਡੀਕ ਪੱਬਾਂ ਭਾਰ ਹੋ ਕਿ ਮੁਟਿਆਰਾਂ ਕਰਦੀਆਂ ਕਿਉਂਕਿ ਸਾਉਣ ਵਿੱਚ ਉਨ੍ਹਾਂ ਦਾ ਸਭ ਤੋਂ ਪਿਆਰਾ ਤਿਉਹਾਰ ਤੀਆਂ ਮਨਾਈਆਂ ਜਾਂਦੀਆਂ ਹਨ। ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਨੂੰ ਸ਼ੁਰੂ ਹੁੰਦੀਆਂ ਹਨ। ਵਿਆਹੀਆਂ ਕੁੜੀਆਂ ਪੇਕੇ ਆਉਣ ਲਈ ਉਤਾਵਲੀਆਂ ਹੁੰਦੀਆਂ ਹਨ ਅਤੇ ਆਪਣੀ ਮਾਂ ਨੂੰ ਇਹੀ ਸੁਨੇਹੇ ਭੇਜਦੀਆਂ ਹਨ:

ਤੀਆਂ ਆ ਗਈਆਂ ਤੀਆਂ ਦੇ ਦਿਨ ਥੋੜ੍ਹੇ

ਘੱਲੀਂ ਮਾਏ ਚੰਨ ਵੀਰ ਨੂੰ

ਧੀਆਂ ਮਾਪਿਆਂ ਦੇ ਘਰ ਦੀ ਰੌਣਕ ਅਤੇ ਵਿਹੜੇ ਦੇ ਭਾਗ ਹੁੰਦੀਆਂ ਹਨ। ਨਿੱਕੇ ਨਿੱਕੇ ਚਾਵਾਂ ਅਤੇ ਸੱਧਰਾਂ ਨਾਲ ਭਰੀਆਂ ਬਾਲੜੀਆਂ ਦਾ ਬਚਪਨ ਤੋਂ ਹੀ ਬਾਪ ਦੇ ਵਿਹੜੇ ਦੀ ਹਰ ਕੂੰਟ ਨਾਲ ਇੱਕ ਅਭੁੱਲ ਅਤੇ ਅਟੁੱਟ ਰਿਸ਼ਤਾ ਕਾਇਮ ਹੋ ਜਾਂਦਾ ਹੈ। ਜੋ ਰਹਿੰਦੀ ਉਮਰ ਤੱਕ ਉਨ੍ਹਾਂ ਦੀ ਚੇਤਨਾ ਵਿੱਚ ਵਿਗਸਦਾ ਰਹਿੰਦਾ ਹੈ। ਇਹ ਬੱਚੀਆਂ ਜਦੋਂ ਅੰਮੀ ਦੀ ਚੌਖਟ ਅੰਦਰ ਖੇਡਦੀਆਂ ਹਨ ਤਾਂ ਘਰ ਹੀ ਬਣਾਉਂਦੀਆਂ ਹਨ। ਰੱਬ ਦਾ ਅਜ਼ੀਮ ਸ਼ਾਹਕਾਰ ਇਹ ਅਣਭੋਲ ਸੂਰਤਾਂ ਉਦੋਂ ਇਸ ਗੱਲੋਂ ਪੂਰੀ ਤਰ੍ਹਾਂ ਅਣਜਾਣ ਹੁੰਦੀਆਂ ਹਨ ਕਿ ਇਨ੍ਹਾਂ ਨੇ ਅੱਗੇ ਜਾ ਕੇ ਵੀ ਘਰ ਹੀ ਬਣਾਉਣੇ ਅਤੇ ਵਸਾਉਣੇ ਹਨ। ਸੋ ਘਰਾਂ ਨੂੰ ਜੋੜਨ ਦੀ ਕਲਾਕਾਰੀ ਪਰਮਾਤਮਾ ਵੱਲੋਂ ਇਨ੍ਹਾਂ ਨੂੰ ਜਮਾਂਦਰੂ ਬਖ਼ਸ਼ਿਸ਼ ਹੀ ਹੈ। ਧੀਆਂ ਦੀ ਬਾਬਲ ਦੇ ਵਿਹੜੇ ਨਾਲ ਪੀਢੀ ਸਾਂਝ ਬਾਰੇ ਕਿਸੇ ਨੇ ਖੂਬ ਲਿਖਿਆ ਹੈ:

ਇਹ ਨਿੱਘੀਆਂ ਜੇਹੀਆਂ ਧੁੱਪਾਂ, ਇਹ ਠੰਢੇ ਜੇ ਸਾਵਣ

ਪੇਕਿਆਂ ’ਚੋਂ ਧੀਆਂ ਦੀਆਂ, ਮਹਿਕਾਂ ਨਾ ਜਾਵਣ
ਸਾਉਣ ਮਹੀਨੇ ਦੀ ਰਿਮ-ਝਿਮ ਵਿੱਚ ਪੰਜਾਬ ਦੀਆਂ ਜੋਬਨ ਮੱਤੀਆਂ ਪਿੱਪਲਾਂ ’ਤੇ ਪੀਘਾਂ ਝੂਟਦੀਆਂ ਅਤੇ ਗਿੱਧਾ ਪਾਉਂਦੀਆਂ। ਗਿੱਧਾ ਧੀਆਂ ਦੇ ਮਨਾਂ ਦੇ ਵਲਵਲਿਆਂ, ਜਜ਼ਬਾਤਾਂ ਅਤੇ ਅਹਿਸਾਸਾਂ ਨੂੰ ਜ਼ੁਬਾਨ ਦਿੰਦਾ ਹੈ। ਗਿੱਧੇ ਵਿੱਚ ਵੀਰਾਂ ਦੀਆਂ ਸਿਫਤਾਂ ਕਰਦੀਆਂ, ਸੱਸਾਂ-ਨਨਾਣਾਂ ਨੂੰ ਮਿਹਣੇ ਮਾਰਦੀਆਂ ਪੰਜਾਬਣਾਂ ਜਦੋਂ ਨੱਚਦੀਆਂ ਧਰਤੀ ਹਿਲਾਉਂਦੀਆਂ ਤਾਂ ਬੱਦਲਾਂ ਦਾ ਚੰਨ ਵੀ ਝੁਕ-ਝੁਕ ਸਲਾਮਾਂ ਕਰਦਾ। ਮਾਣ-ਮੱਤੀਆਂ ਦੇ ਦਿਲ ਵਿੱਚ ਚਾਅ ਹੁੰਦਾ ਕਿ ਉਨ੍ਹਾਂ ਦਾ ਮਾਹੀ ਉਨ੍ਹਾਂ ਨੂੰ ਤੀਆਂ ਵਿੱਚ ਨੱਚਦੀਆਂ ਨੂੰ ਵੇਖਣ ਲਈ ਆਵੇ। ਜੇ ਕਿਸੇ ਮੁਟਿਆਰ ਦਾ ਮਾਹੀ ਨਹੀਂ ਆਉਂਦਾ ਤਾਂ ਉਹ ਦੂਰ ਬੈਠੇ ਮਾਹੀ ਨੂੰ ਨਿਹੋਰਾ ਮਾਰਦੀ:

ਹੋਰਾਂ ਦੇ ਮਾਹੀ ਤੀਆਂ ਵੇਖਣ

ਮੇਰਾ ਗੁੱਡੇ ਕਪਾਹ

ਵੇ ਕੀ ਰਾਹ ਨੀਂ ਜਾਣਦਾ

ਤੀਆਂ ਵੇਖਣ ਆ…

ਸਾਉਣ ਦੇ ਮਹੀਨੇ ਵਿੱਚ ਚਿਰਾਂ ਦੀਆਂ ਵਿੱਛੜੀਆਂ ਸਹੇਲੀਆਂ ਪੇਕੇ ਪਿੰਡ ਆ ਕੇ ਤੀਆਂ ਵਿੱਚ ਮਿਲਦੀਆਂ। ਧਰਮੀ ਬਾਬਲ ਦੇ ਵਿਹੜੇ ਵਿੱਚ ਮਾਣੀਆਂ ਖੁਸ਼ੀਆਂ ਕਦੇ ਵਿਸਾਰ ਨਾ ਸਕਦੀਆਂ ਤੇ ਮਾਪਿਆਂ ਦਾ ਗੀਤਾਂ-ਬੋਲੀਆਂ ਵਿੱਚ ਜਸ ਗਾਉਂਦੀਆਂ:

ਧਾਈਆਂ…

ਮਾਪਿਓ ਵੇ ਥੋਡੇ ਰਾਜ ਨੂੰ

ਧੀਆਂ ਖੇਡ ਕੇ ਘਰਾਂ ਨੂੰ ਆਈਆਂ

ਵੀਰੋ ਵੇ ਥੋਡੀ ਵੇਲ ਵਧੇ

ਭੈਣਾਂ ਖੇਡ ਕੇ ਘਰਾਂ ਨੂੰ ਆਈਆਂ

ਉਹ ਤੀਆਂ ਦਾ ਇੱਕ ਵੀ ਪਲ ਅਜਾਈਂ ਨਹੀਂ ਜਾਣ ਦੇਣਾ ਚਾਹੁੰਦੀਆਂ। ਜਿਸ ਦੀ ਗਵਾਹੀ ਇਹ ਬੋਲ ਭਰਦੇ ਹਨ:

ਤੀਆਂ ਲੱਗੀਆਂ ਪਿੱਪਲ ਦੀ ਛਾਵੇਂ

ਨੀਂ ਕਾਹਲੀ ਕਾਹਲੀ ਪੈਰ ਪੱਟ ਲੈ।

ਤੀਆਂ ਦਾ ਮਹੀਨਾ ਛੱਡ ਕੇ ਸਹੁਰੇ ਘਰ ਜਾਣਾ ਮੁਟਿਆਰਾਂ ਨੂੰ ਕਦੇ ਮਨਜ਼ੂਰ ਨਾ ਹੁੰਦਾ। ਜੇਕਰ ਕਿਤੇ ਮਾਹੀ ਤੀਆਂ ਦੌਰਾਨ ਲੈਣ ਆ ਜਾਵੇ ਤਾਂ ਮੁਟਿਆਰਾਂ ਦੀ ਪੱਕੀ ਨਾਂਹ ਹੁੰਦੀ। ਪਰ ਮਾਹੀ ਵੀ ਅੱਗੋਂ ਘੱਟ ਨਹੀਂ:

ਸਾਉਣ ਦੇ ਮਹੀਨੇ ਲੱਗੇ ਨੇ ਮੀਂਹ ਪੈਣ ਨੀਂ

ਖਿੱਚ ਲੈ ਤਿਆਰੀ ਜੱਟ ਆਇਆ ਤੈਨੂੰ ਲੈਣ ਨੀਂ।

ਪੁੰਨਿਆ ਵਾਲੇ ਦਿਨ ਤੀਆਂ ਦਾ ਅੰਤ ਬੱਲੋ ਪਾ ਕੇ ਕੀਤਾ ਜਾਂਦਾ। ਕੁੜੀਆਂ ਸਾਉਣ ਦੇ ਗੁਣ ਗਾਉਂਦੀਆਂ ਤੇ ਭਾਦੋਂ ਦੇ ਮਹੀਨੇ ਨੂੰ ਨਿਹੋਰੇ ਮਾਰਦੀਆਂ ਵਾਪਸ ਸਹੁਰੇ ਘਰ ਜਾਣ ਦੀ ਤਿਆਰੀ ਵਿੱਚ ਜੁਟ ਜਾਂਦੀਆਂ:

ਸਾਉਣ ਵੀਰ ’ਕੱਠੀਆਂ ਕਰੇ

ਭਾਦੋਂ ਚੰਦਰੀ ਵਿਛੋੜੇ ਪਾਵੇ।

ਪੱਛਮੀਕਰਨ ਅਤੇ ਮੰਡੀ ਦੇ ਪਸਾਰ ਨੇ ਸਾਡੇ ਪਦਾਰਥਕ ਢਾਂਚੇ ਨੂੰ ਮੁੱਢੋਂ ਬਦਲ ਦਿੱਤਾ ਹੈ। ਜਿਸ ਨਾਲ ਮਾਨਵੀ ਸੰਵੇਦਨਾ ਵੀ ਬਦਲ ਗਈ ਹੈ। ਆਪਣੀ ਨੈਤਿਕਤਾ ਅਤੇ ਅਮੀਰ ਵਿਰਾਸਤ ਨੂੰ ਹਾਸ਼ੀਏ ਵੱਲ ਧੱਕ ਕੇ ਸਮਾਜ ਵਿੱਚ ਨਹੀਂ ਸਗੋਂ ਖ਼ੁਦ ਨੂੰ ਮੰਡੀ ਵਿੱਚ ਸਥਾਪਿਤ ਕਰਨ ਲਈ ਅਸੀਂ ਹਰ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਜਾ ਰਹੇ ਹਾਂ ਅਤੇ ਨਤੀਜੇ ਵਜੋਂ ਸਮਕਾਲੀ ਸਮਾਜ ਵਿੱਚ ਰਿਸ਼ਤਿਆਂ ਦੀ ਜਗ੍ਹਾ ਵਸਤੂਆਂ ਹੰਢਾਉਣ ਦੀ ਪ੍ਰਵਿਰਤੀ ਭਾਰੂ ਹੋ ਰਹੀ ਹੈ। ਭੈਣ-ਭਰਾ ਦਾ ਪਿਆਰ ਅਤੇ ਸਹਿਚਾਰ ਉਮਰਾਂ ਤੱਕ ਦਾ ਨਹੀਂ ਸਗੋਂ ਸੁੰਗੜ ਕੇ ਮਾਪਿਆਂ ਦੀ ਵਿਰਾਸਤ ਵੰਡਣ ਤੱਕ ਦਾ ਹੀ ਰਹਿ ਗਿਆ ਹੈ। ਭਰਾ ਸਾਉਣ ਦੇ ਮਹੀਨੇ ਭੈਣਾਂ ਨੂੰ ਪੇਕੇ ਲਿਆਉਣ ਤੋਂ ਭਾਰ-ਮੁਕਤ ਹੋ ਰਹੇ ਹਨ। ਸਾਡੀ ਨੈਤਿਕਤਾ ਦੇ ਥੰਮ੍ਹ-ਪਰਿਵਾਰਕ ਪ੍ਰਬੰਧ, ਸਾਂਝੀਵਾਲਤਾ, ਨਿੱਗਰ ਤੇ ਬੁਨਿਆਦੀ ਅਸੂਲ ਅਤੇ ਵਿਰਸੇ ਨੂੰ ਵਿਸਾਰ ਕੇ ਸਾਡੇ ਹਿੱਸੇ ਸਿਰਫ਼ ਸੱਭਿਆਚਾਰਕ ਨਿਘਾਰ ਅਤੇ ਸਮਾਜਿਕ ਗਿਰਾਵਟ ਹੀ ਆਈ ਹੈ।

ਪੱਛਮੀ ਸੱਭਿਅਤਾ ਦੀਆਂ ਮਾਰੂ ਹਨੇਰੀਆਂ ਵਿੱਚ ਉੱਡੀ ਫਿਰਦੀ ਸਾਡੀ ਨੌਜਵਾਨ ਪੀੜ੍ਹੀ ਪੱਛਮੀ ਤਿਉਹਾਰਾਂ ਨੂੰ ਜ਼ਿਆਦਾ ਉਤਸ਼ਾਹ ਨਾਲ ਮਨਾਉਣ ਵੱਲ ਰੁਚਿਤ ਹੈ। ਹੁਣ ਮੁਟਿਆਰਾਂ ਵੀ ਤੀਆਂ ਵਰਗੇ ਤਿਉਹਾਰਾਂ ਨੂੰ ਤਰਜੀਹ ਨਹੀਂ ਦਿੰਦੀਆਂ, ਪਰ ਸਾਰੇ ਪੱਛਮੀ ਤਿਉਹਾਰ ਮਿਲ ਕੇ ਵੀ ਸਾਉਣ ਮਹੀਨੇ ਦੀਆਂ ਤੀਆਂ ’ਤੇ ਭਾਰੂ ਨਹੀਂ ਪੈ ਸਕਦੇ ਕਿਉਂਕਿ ਸਾਉਣ ਇੱਕ ਅਜਿਹਾ ਮਹੀਨਾ ਹੈ ਜਿਸ ਵਿੱਚ ਕੁਦਰਤ ਦਾ ਸੁਹੱਪਣ ਅਤੇ ਧਰਤੀ ਦਾ ਹੁਸਨ ਇੱਕ ਸਰਦਲ ਉਤੇ ਆ ਕੇ ਮਿਲਦੇ ਹਨ। ਕੁਦਰਤੀ ਚੌਗਿਰਦਾ ਜੋ ਇਨ੍ਹਾਂ ਦਿਨਾਂ ਵਿੱਚ ਪੂਰੇ ਜੋਬਨ ’ਤੇ ਹੁੰਦਾ ਹੈ, ਇਸ ਤਿਉਹਾਰ ਲਈ ਰਮਣੀਕ ਮਾਹੌਲ ਸਿਰਜਦਾ ਹੈ। ਪੱਛਮੀ ਤਿਉਹਾਰਾਂ ਵਾਂਗ ਇਸ ਤਿਉਹਾਰ ਲਈ ਕਿਸੇ ਬਣਾਉਟੀ ਸਜਾਵਟ ਦੀ ਜ਼ਰੂਰਤ ਨਹੀਂ, ਪਰ ਵਕਤ ਦੀ ਸਿਤਮ-ਜ਼ਰੀਫੀ ਹੈ ਕਿ ਗਲੈਮਰ ਦੇ ਇਸ ਦੌਰ ਵਿੱਚ ਤੀਆਂ ਫੈਸ਼ਨ ਬਣ ਗਈਆਂ ਹਨ। ਕੁਦਰਤ ਦੀ ਗੋਦ ਵਿੱਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਮਹਿਜ਼ ਇੱਕ ਸਟੇਜੀ ਸ਼ੋਅ ਬਣ ਕੇ ਰਹਿ ਗਿਆ ਹੈ। ਹੁਣ ਹਰੇ-ਭਰੇ ਚੌਗਿਰਦੇ ਦੀ ਥਾਂ ਹਰ ਪਾਸੇ ਕੰਕਰੀਟ ਜੰਗਲ ਨਜ਼ਰ ਆਉਂਦੇ ਹਨ। ਨਿੰਮਾਂ, ਟਾਹਲੀਆਂ, ਪਿੱਪਲ ਬੀਤੇ ਸਮੇਂ ਦੀ ਗੱਲ ਬਣਦੇ ਜਾ ਰਹੇ ਹਨ। ਪੀਘਾਂ ਪਾਉਣ ਲਈ ਪਿੱਪਲ, ਬੋਹੜ ਹੀ ਨਹੀਂ ਤਾਂ ਤੀਆਂ ਦੀ ਸਾਰਥਿਕਤਾ ਖਤਮ ਹੋਣ ਵਿੱਚ ਕੋਈ ਸੰਦੇਹ ਨਹੀਂ ਰਹਿ ਜਾਂਦਾ।

ਅਜੋਕੀ ਪੀੜ੍ਹੀ ਨੂੰ ਸ਼ਾਇਦ ਇਸ ਤਿਉਹਾਰ ਬਾਰੇ ਮੁੱਢਲੀ ਜਾਣਕਾਰੀ ਹੀ ਨਹੀਂ ਹੈ ਕਿ ਲੜਕੀਆਂ ਦੇ ਚਾਵਾਂ-ਮੁਲਾਰਾਂ, ਰੀਝਾਂ, ਸੱਧਰਾਂ ਅਤੇ ਸਾਂਝਾਂ ਦੀ ਤਰਜ਼ਮਾਨੀ ਕਰਨ ਵਾਲਾ ਇਕਲੌਤਾ ਤਿਉਹਾਰ ਸਿਰਫ਼ ਤੀਆਂ ਹਨ। ਮੁਟਿਆਰਾਂ ਜੇਕਰ ਇਸ ਤਿਉਹਾਰ ਦੀ ਪਾਕੀਜ਼ਗੀ, ਖ਼ੂਬਸੂਰਤੀ ਅਤੇ ਅਹਿਮੀਅਤ ਨੂੰ ਬਰਕਰਾਰ ਰੱਖਣ ਲਈ ਹੰਭਲਾ ਮਾਰਨ ਤਾਂ ਆਪ-ਮੁਹਾਰੇ ਹੀ ਸਾਡਾ ਵਾਤਾਵਰਨ ਦੀ ਸੰਭਾਲ ਪ੍ਰਤੀ ਲਗਾਅ ਹੋਰ ਵਧ ਜਾਵੇਗਾ। ਸਾਡੇ ਵਿਰਸੇ ਦਾ ਅਲੋਪ ਹੋ ਰਿਹਾ ਅੰਗ ਤੀਆਂ ਮੁੜ ਪੰਜਾਬੀਅਤ ਦਾ ਸ਼ਿੰਗਾਰ ਬਣ ਜਾਵੇਗਾ ਅਤੇ ਮੁਟਿਆਰਾਂ ਦੇ ਦਿਲਾਂ ਦੇ ਅਕਹਿ ਵਲਵਲਿਆਂ ਦੇ ਪ੍ਰਗਟਾਵੇ ਲਈ ਸਾਰਥਕ ਸਿੱਧ ਹੋਣਗੀਆਂ।