ਮੇਰੇ ਤੀਜੇ ਕਾਰਜਕਾਲ ’ਚ ਭਾਰਤ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣੇਗਾ: ਮੋਦੀ

ਮੇਰੇ ਤੀਜੇ ਕਾਰਜਕਾਲ ’ਚ ਭਾਰਤ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣੇਗਾ: ਮੋਦੀ

ਸੂਰਤ ’ਚ ਡਾਇਮੰਡ ਬੋਰਸ ਦਾ ਉਦਘਾਟਨ; 67 ਲੱਖ ਵਰਗ ਫੁੱਟ ’ਚ ਬਣੀ ਵਿਸ਼ਵ ਦੀ ਸਭ ਤੋਂ ਵੱਡੀ ਦਫ਼ਤਰੀ ਇਮਾਰਤ
ਸੂਰਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਵਿੱਚ ਭਾਰਤ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣੇਗਾ। ਸ੍ਰੀ ਮੋਦੀ ਨੇ ਕਿਹਾ ਕਿ ਕੌਮਾਂਤਰੀ ਹੀਰਾ ਤੇ ਗਹਿਣਿਆਂ ਦੇ ਕਾਰੋਬਾਰ ਲਈ ਵਿਸ਼ਵ ਦਾ ਸਭ ਤੋਂ ਵੱਡਾ ਤੇ ਆਧੁਨਿਕ ਸੂਰਤ ਡਾਇਮੰਡ ਬੋਰਸ (ਹੱਬ) ‘ਨਵੇਂ ਭਾਰਤ ਦੀ ਤਾਕਤ ਤੇ ਸੰਕਲਪ ਦਾ ਪ੍ਰਤੀਕ’ ਹੈ। ਪ੍ਰਧਾਨ ਮੰਤਰੀ ‘ਸੂਰਤ ਡਾਇਮੰਡ ਬੋਰਸ’ ਦੇ ਉਦਘਾਟਨ ਮਗਰੋਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਕਿਹਾ ਕਿ ਸੂਰਤ ਦੀ ਹੀਰਾ ਸਨਅਤ ਨੇ 8 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ ਜਦੋਂਕਿ ਨਵੇਂ ਬੋਰਸ ਕਰਕੇ ਡੇਢ ਲੱਖ ਹੋਰ ਨੌਕਰੀਆਂ ਪੈਦਾ ਹੋਣਗੀਆਂ। ਸੂਰਤ ਸ਼ਹਿਰ ਨੇੜੇ ਖਾਜੋੜ ਪਿੰਡ ਵਿੱਚ 67 ਲੱਖ ਵਰਗ ਫੁੱਟ ਵਿੱਚ ਬਣੀ ਸੂਰਤ ਡਾਇਮੰਡ ਬੋਰਸ (ਐੱਸਡੀਬੀ) ਦੀ ਇਮਾਰਤ ਵਿਸ਼ਵ ਦਾ ਸਭ ਤੋਂ ਵੱਡਾ ਦਫ਼ਤਰੀ ਕੰਪਲੈਕਸ ਹੈ। ਇਮਾਰਤ ਵਿੱਚ ਕਰੀਬ 4500 ਡਾਇਮੰਡ ਟਰੇਡਿੰਗ ਦਫ਼ਤਰ ਹਨ। ਸ੍ਰੀ ਮੋਦੀ ਨੇ ਕਿਹਾ, ‘‘ਸੂਰਤ ਦੀ ਸ਼ਾਨ ਵਿੱਚ ਅੱਜ ਇਕ ਹੋਰ ਹੀਰਾ ਵਧ ਗਿਆ ਹੈ। ਇਹ ਹੀਰਾ ਛੋਟਾ ਨਹੀਂ ਬਲਕਿ ਵਿਸ਼ਵ ਦਾ ਸਭ ਤੋਂ ਸਰਵੋਤਮ ਹੈ। ਵਿਸ਼ਵ ਦੀਆਂ ਸਭ ਤੋਂ ਵੱਡੀਆਂ ਇਮਾਰਤਾਂ ਵੀ ਇਸ ਹੀਰੇ ਦੀ ਚਮਕ ਅੱਗੇ ਫਿੱਕੀਆਂ ਹਨ। ਜਦੋਂ ਕਦੇ ਵੀ ਵਿਸ਼ਵ ਵਿਚ ਇਸ ਡਾਇਮੰਡ ਬੋਰਸ ਦੀ ਗੱਲ ਹੋਵੇਗੀ, ਸੂਰਤ ਤੇ ਭਾਰਤ ਦਾ ਜ਼ਿਕਰ ਆਏਗਾ।’’ ਉਨ੍ਹਾਂ ਕਿਹਾ ਕਿ ਸੂਰਤ ਡਾਇਮੰਡ ਬੋਰਸ ਭਾਰਤੀ ਡਿਜ਼ਾਈਨ, ਡਿਜ਼ਾਈਨਰਾਂ, ਮਟੀਰੀਅਲ ਤੇ ਸੰਕਲਪ ਦੀ ਯੋਗਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਇਹ ਇਮਾਰਤ ਨਵੇਂ ਭਾਰਤ ਦੀ ਨਵੀਂ ਤਾਕਤ ਤੇ ਸੰਕਲਪ ਦਾ ਪ੍ਰਤੀਕ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਪਿਛਲੇ ਦਸ ਸਾਲਾਂ ਵਿੱਚ 10ਵੇਂ ਨੰਬਰ ਤੋਂ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਆਰਥਿਕ ਤਾਕਤ ਵਜੋਂ ਉਭਰਿਆ ਹੈ। ਹੁਣ ਮੋਦੀ ਨੇ ਆਪਣੀ ਗਾਰੰਟੀ ਦਿੱਤੀ ਹੈ ਕਿ ਉਸ ਦੇ ਤੀਜੇ ਕਾਰਜਕਾਲ ਵਿੱਚ ਭਾਰਤ ਵਿਸ਼ਵ ਦੇ ਸਿਖਰਲੇ ਤਿੰਨ ਅਰਥਚਾਰਿਆਂ ਵਿੱਚ ਸ਼ਾਮਲ ਹੋਵੇਗਾ।’’ ਉਨ੍ਹਾਂ ਕਿਹਾ, ‘‘ਸਰਕਾਰ ਨੇ ਅਗਲੇ 25 ਸਾਲਾਂ ਲਈ ਵੀ ਟੀਚੇ ਨਿਰਧਾਰਿਤ ਕੀਤੇ ਹਨ। ਅਸੀਂ 5-10 ਖਰਬ ਅਮਰੀਕੀ ਡਾਲਰ ਦਾ ਅਰਥਚਾਰਾ ਬਣਨ ਦੇ ਨਾਲ ਨਾਲ ਬਰਾਮਦਾਂ ਨੂੰ ਰਿਕਾਰਡ ਉਚਾਈ ’ਤੇ ਲਿਜਾਣ ਦੇ ਟੀਚੇ ਉੱਤੇ ਵੀ ਕੰਮ ਕਰ ਰਹੇ ਹਾਂ।’’ ਸ੍ਰੀ ਮੋਦੀ ਨੇ ਕਿਹਾ, ‘‘ਮੇਡ ਇਨ ਇੰਡੀਆ ਮਜ਼ਬੂਤ ਬਰਾਂਡ ਬਣ ਗਿਆ ਹੈ। ਤੁਹਾਡੇ ਕਾਰੋਬਾਰ ਤੇ ਗਹਿਣਾ ਸੈਕਟਰ ਨੂੰ ਇਸ ਦਾ ਲਾਭ ਮਿਲੇਗਾ। ਇਸ ਲਈ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸਹੁੰ ਚੁੱਕੋ ਤੇ ਇਸ ਟੀਚੇ ਨੂੰ ਪੂਰਾ ਕਰੋ।’’ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਸੂਰਤ ਦੇ ਕਾਰੋਬਾਰਾਂ ਨੂੰ ਨਵੇਂ ਮੌਕੇ ਪ੍ਰਦਾਨ ਕਰੇਗਾ।