ਮੇਰਾ ਭਰਾ ਨਾ ਕਦੇ ਡਰਿਆ ਅਤੇ ਨਾ ਹੀ ਡਰੇਗਾ: ਪ੍ਰਿਯੰਕਾ

ਮੇਰਾ ਭਰਾ ਨਾ ਕਦੇ ਡਰਿਆ ਅਤੇ ਨਾ ਹੀ ਡਰੇਗਾ: ਪ੍ਰਿਯੰਕਾ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਸੱਚ ਬੋਲਦਾ ਰਹੇਗਾ। ਉਨ੍ਹਾਂ ਟਵੀਟ ਕੀਤਾ,‘‘ਡਰੀ ਹੋਈ ਸੱਤਾ ਦੀ ਪੂਰੀ ਮਸ਼ੀਨਰੀ ਸਾਮ, ਦਾਮ ਦੰਡ, ਭੇਦ ਰਾਹੀਂ ਰਾਹੁਲ ਗਾਂਧੀ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰਾ ਭਰਾ ਨਾ ਕਦੇ ਡਰਿਆ ਹੈ ਅਤੇ ਨਾ ਕਦੇ ਡਰੇਗਾ। ਉਹ ਸੱਚ ਬੋਲਦਾ ਰਿਹਾ ਹੈ ਅਤੇ ਸੱਚ ਬੋਲਣਾ ਜਾਰੀ ਰੱਖਦਿਆਂ ਦੇਸ਼ ਦੇ ਲੋਕਾਂ ਦੀ ਆਵਾਜ਼ ਉਠਾਉਣਾ ਜਾਰੀ ਰੱਖੇਗਾ।’’ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦਾਅਵਾ ਕੀਤਾ ਕਿ ਨਿਆਂਪਾਲਿਕਾ ਦਬਾਅ ਹੇਠ ਹੈ ਅਤੇ ਰਾਹੁਲ ਗਾਂਧੀ ਵੱਲੋਂ ਦਿੱਤਾ ਗਿਆ ਬਿਆਨ ਸਿਆਸੀ ਟਿੱਪਣੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸੀਬੀਆਈ ਅਤੇ ਈਡੀ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ ਅਤੇ ਆਉਂਦੇ ਸਮੇਂ ’ਚ ਉਹ ਸਹੀ ਫ਼ੈਸਲਾ ਲਵੇਗੀ। ਗੁਜਰਾਤ ਕਾਂਗਰਸ ਦੇ ਆਗੂ ਅਮਿਤ ਚਾਵੜਾ ਨੇ ਕਿਹਾ ਕਿ ਪੂਰਾ ਮੁਲਕ ਨਿਆਂ ਲਈ ਲੜ ਰਹੇ ਰਾਹੁਲ ਗਾਂਧੀ ਨਾਲ ਖੜ੍ਹਾ ਹੈ।