‘ਮੇਰਾ ਪਰਿਵਾਰ ਮੇਰੀ ਪਛਾਣ’ ਦੇ ਥੀਮ ’ਤੇ ਹੋਵੇਗੀ ਹਰਿਆਣਾ ਦੀ ਝਾਕੀ

‘ਮੇਰਾ ਪਰਿਵਾਰ ਮੇਰੀ ਪਛਾਣ’ ਦੇ ਥੀਮ ’ਤੇ ਹੋਵੇਗੀ ਹਰਿਆਣਾ ਦੀ ਝਾਕੀ

ਨਵੀਂ ਦਿੱਲੀ- 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਮੌਕੇ ‘ਮੇਰਾ ਪਰਿਵਾਰ-ਮੇਰੀ ਪਛਾਣ’ ਦੇ ਥੀਮ ’ਤੇ ਕਰਤੱਵਿਆ ਪੱਥ ’ਤੇ ਹਰਿਆਣਾ ਦੀ ਝਾਕੀ ਦਿਖਾਈ ਜਾਵੇਗੀ। ਤੀਜੀ ਵਾਰ ਹਰਿਆਣਾ ਦੀ ਝਾਕੀ ਨੂੰ ਰੱਖਿਆ ਮੰਤਰਾਲੇ ਦੀ ਮਾਹਿਰ ਕਮੇਟੀ ਨੇ ਪ੍ਰਦਰਸ਼ਿਤ ਕਰਨ ਲਈ ਚੁਣਿਆ ਹੈ। ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਹਰਿਆਣਾ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ‘ਮੇਰਾ ਪਰਿਵਾਰ-ਮੇਰੀ ਪਛਾਣ’ ਪ੍ਰੋਗਰਾਮ ਆਮ ਲੋਕਾਂ ਨੂੰ ਸਰਕਾਰੀ ਸਹੂਲਤਾਂ ਅਤੇ ਸੇਵਾਵਾਂ ਦੇਣ ਲਈ ਸ਼ੁਰੂ ਕੀਤਾ ਗਿਆ ਹੈ। ਹਰਿਆਣਾ ਦੀਆਂ ਕਈ ਯੋਜਨਾਵਾਂ ਹੁਣ ਦੂਜੇ ਰਾਜਾਂ ਦੁਆਰਾ ਅਪਣਾਈਆਂ ਜਾ ਰਹੀਆਂ ਹਨ ਅਤੇ ਕੇਂਦਰ ਸਰਕਾਰ ਨੇ ਵੀ ਉਨ੍ਹਾਂ ਨੂੰ ਅਪਣਾਇਆ ਹੈ। ਹਰਿਆਣਾ ਦੀ ਝਾਂਕੀ ਭਾਰਤ ਸਰਕਾਰ ਦੀ ਥੀਮ – ‘ਵਿਕਸਿਤ ਭਾਰਤ’ ਦੇ ਨਾਲ ਚੰਗੀ ਤਰ੍ਹਾਂ ਫਿੱਟ ਹੈ, ਜੋ ਕਿ ਵਿਰਾਸਤ ਅਤੇ ਵਿਕਾਸ ਦੀ ਇਕਸੁਰਤਾ ਨੂੰ ਪ੍ਰਦਰਸ਼ਿਤ ਕਰੇਗੀ।

ਉਨ੍ਹਾਂ ਕਿਹਾ ਕਿ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਮੰਤਰਾਲਿਆਂ ਦੀ ਝਾਂਕੀ ਦੀ ਚੋਣ ਦੀ ਪ੍ਰਕਿਰਿਆ ਹਰ ਸਾਲ ਨਵੰਬਰ ਦੇ ਮਹੀਨੇ ਵਿੱਚ ਰੱਖਿਆ ਮੰਤਰਾਲੇ ਦੁਆਰਾ ਗਠਿਤ ਮਾਹਿਰ ਕਮੇਟੀ ਦੁਆਰਾ ਸ਼ੁਰੂ ਕੀਤੀ ਜਾਂਦੀ ਹੈ, ਜਿਸ ਵਿੱਚ ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਮੰਤਰਾਲਿਆਂ ਦੀ ਝਾਂਕੀ ਨਾਲ ਸਬੰਧਤ ਜਾਣਕਾਰੀ ਪੇਸ਼ ਕੀਤੀ ਜਾਂਦੀ ਹੈ। ਡਾਇਰੈਕਟਰ ਜਨਰਲ ਸ੍ਰੀ ਬਰਾੜ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਹਰਿਆਣਾ ਦੀ ਝਾਂਕੀ ਲਗਾਤਾਰ ਤੀਜੀ ਵਾਰ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਬਣ ਰਹੀ ਹੈ।