ਮੇਘਾਲਿਆ ਦੇ ਦੋ ਪਰਿਵਾਰਾਂ ਨੇ ਗਰੀਬਾਂ ਦੀ ਕਮਾਈ ਨਾਲ ਆਪਣੇ ਖ਼ਜ਼ਾਨੇ ਭਰੇ: ਸ਼ਾਹ

ਮੇਘਾਲਿਆ ਦੇ ਦੋ ਪਰਿਵਾਰਾਂ ਨੇ ਗਰੀਬਾਂ ਦੀ ਕਮਾਈ ਨਾਲ ਆਪਣੇ ਖ਼ਜ਼ਾਨੇ ਭਰੇ: ਸ਼ਾਹ

ਮੇਘਾਲਿਆ ਦੇ ਦਾਲੂ ਬਲਾਕ ਵਿੱਚ ਰੈਲੀ ਨੂੰ ਕੀਤਾ ਸੰਬੋਧਨ
ਦਾਲੂ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਲੰਬਾ ਸਮਾਂ ਮੇਘਾਲਿਆ ਦੀ ਸੱਤਾ ਭੋਗਣ ਵਾਲੇ ਦੋ ਪਰਿਵਾਰਾਂ ਨੇ ਸੂਬੇ ਲਈ ਕੁਝ ਨਹੀਂ ਕੀਤਾ ਸਗੋਂ ਇਨ੍ਹਾਂ ਨੇ ਗਰੀਬਾਂ ਦੀ ਕਮਾਈ ਨਾਲ ਆਪਣੇ ਖਜ਼ਾਨੇ ਹੀ ਭਰੇ।

ਪੱਛਮੀ ਗਾਰੋ ਦੀਆਂ ਪਹਾੜੀਆਂ ’ਚ ਸਥਿਤ ਦਾਲੂ ਬਲਾਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਮੇਘਾਲਿਆ ਨੂੰ ਇਨ੍ਹਾਂ ਪਰਿਵਾਰਾਂ ਤੋਂ ਮੁਕਤ ਕਰਵਾਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਅਧੀਨ ਭਾਜਪਾ ਨੂੰ ਸੱਤਾ ’ਚ ਲਿਆਉਣ ਦਾ ਵੇਲਾ ਆ ਗਿਆ ਹੈ। ਸ਼ਾਹ ਨੇ ਕਿਹਾ,‘ਦੋ ਪਰਿਵਾਰਾਂ ਨੇ ਸਾਲਾਂਬੱਧੀ ਮੇਘਾਲਿਆ ’ਤੇ ਸੱਤਾ ਤਾ ਸੁੱਖ ਮਾਣਿਆ। ਮੁਕੁਲ ਸੰਗਮਾ ਨੇ ਕਈ ਸਾਲਾਂ ਤੱਕ ਸੂਬੇ ਦੀ ਸੱਤਾ ਹੰਢਾਈ। ਇੰਜ ਹੀ ਕੋਨਰਾਡ ਸੰਗਮਾ ਦਾ ਪਰਿਵਾਰ ਵੀ ਕਈ ਸਾਲਾਂ ਤੱਕ ਸੱਤਾ ’ਤੇ ਕਾਬਜ਼ ਰਿਹਾ। ਇਸ ਦੇ ਬਾਵਜੂਦ ਸੂਬੇ ਦਾ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਰਿਵਾਰਾਂ ਨੇ ਭ੍ਰਿਸ਼ਟਾਚਾਰ ਕਰ ਕੇ ਗਰੀਬਾਂ ਦੀ ਭਲਾਈ ਲਈ ਖਰਚਣ ਵਾਲੇ ਪੈਸੇ ਨਾਲ ਆਪਣੇ ਖ਼ਜ਼ਾਨੇ ਭਰੇ। ਹੁਣ ਇਨ੍ਹਾਂ ਪਰਿਵਾਰਾਂ ਤੋਂ ਸੂਬੇ ਨੂੰ ਮੁਕਤ ਕਰਵਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੱਤਾ ਸੌਂਪੀ ਜਾਵੇ।

ਸ਼ਾਹ ਨੇ ਦੋਸ਼ ਲਾਇਆ ਕਿ ਕੇਂਦਰ ਵੱਲੋਂ ਸੂਬੇ ਦੇ ਵਿਕਾਸ ਲਈ ਭੇਜੇ ਗਏ ਪੈਸੇ ਨੂੰ ਕੋਨਰਾਡ ਸੰਗਮਾ ਸਰਕਾਰ ਨੇ ਜਾਮ ਕਰ ਦਿੱਤਾ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘ਤੁਹਾਨੂੰ ਨਹੀਂ ਲੱਗਦਾ ਕਿ ਇਨ੍ਹਾਂ ਵੱਲੋਂ ਸਾਲਾਂ ਤੱਕ ਕੀਤੇ ਗਏ ਭ੍ਰਿਸ਼ਟਾਚਾਰ ਦੀ ਜਾਂਚ ਹੋਵੇ। ਉਨ੍ਹਾਂ ਲੋਕਾਂ ਨੂੰ ਸਰਕਾਰ ਬਦਲਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਯਕੀਨੀ ਬਣਾਏਗੀ। ਜ਼ਿਕਰਯੋਗ ਹੈ ਕਿ ਮੇਘਾਲਿਆ ਵਿੱਚ 27 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 2 ਮਾਰਚ ਨੂੰ ਗਿਣਤੀ ਹੋਵੇਗੀ।