ਮੂਸੇਵਾਲਾ ਮਾਮਲੇ ’ਤੇ ਵਿਧਾਨ ਸਭਾ ’ਚ ਤਿੱਖੀ ਬਹਿਸ

ਮੂਸੇਵਾਲਾ ਮਾਮਲੇ ’ਤੇ ਵਿਧਾਨ ਸਭਾ ’ਚ ਤਿੱਖੀ ਬਹਿਸ

ਕਾਂਗਰਸ ਨੇ ਸੁਰੱਖਿਆ ਵਾਪਸੀ ਦਾ ਟਵੀਟ ਕਰਨ ਵਾਲੇ ਖ਼ਿਲਾਫ਼ ਕਾਰਵਾਈ ਮੰਗੀ
ਚੰਡੀਗੜ੍-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ’ਚ ਅੱਜ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦਾ ਮੁੱਦਾ ਗੂੰਜਿਆ। ਮੂਸੇਵਾਲਾ ਦੀ ਸੁਰੱਖਿਆ ਵਾਪਸੀ ਨੂੰ ਲੈ ਕੇ ਸੱਤਾਧਾਰੀ ਅਤੇ ਵਿਰੋਧੀ ਧਿਰ ’ਚ ਤਿੱਖੀ ਬਹਿਸ ਹੋਈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮੂਸੇਵਾਲਾ ਦੇ ਮਾਪਿਆਂ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਦਿੱਤਾ ਸੀ। ਮੂਸੇਵਾਲਾ ਦੇ ਕਤਲ ’ਚ ਅਧੂਰੇ ਇਨਸਾਫ਼ ਖ਼ਿਲਾਫ਼ ਅਤੇ ਸੱਤਾਧਾਰੀ ਪੱਖ ਦੀ ਟਿੱਪਣੀ ਤੋਂ ਰੋਹ ’ਚ ਆਏ ਕਾਂਗਰਸੀ ਵਿਧਾਇਕਾਂ ਨੇ ਸਦਨ ’ਚੋਂ ਵਾਕਆਊਟ ਕੀਤਾ। ਆਖ਼ਰੀ ਮੌਕੇ ’ਤੇ ਖੇਤੀ ਮੰਤਰੀ ਕੁਲਦੀਪ ਧਾਲੀਵਾਲ ਅਤੇ ਰਾਜਾ ਵੜਿੰਗ ਭਿੜ ਗਏ। ਵਿਰੋਧੀ ਧਿਰ ਨੇ ਸਦਨ ’ਚ ਮੂਸੇਵਾਲਾ ਕਤਲ ਮਾਮਲੇ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰਕੇ ‘ਆਪ’ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਲਈ ਪੂਰਾ ਤਾਣ ਲਾਇਆ। ਉਧਰ ਸੱਤਾਧਾਰੀ ਧਿਰ ਨੇ ਮਰਹੂਮ ਗਾਇਕ ਦੇ ਕਤਲ ਮਾਮਲੇ ’ਚ ਸਰਕਾਰ ਵੱਲੋਂ ਹੁਣ ਤੱਕ ਚੁੱਕੇ ਕਦਮਾਂ ਬਾਰੇ ਤਫ਼ਸੀਲ ’ਚ ਗੱਲ ਰੱਖੀ। ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰਪਤੀ ਦੀ ਅੰਮ੍ਰਿਤਸਰ ਫੇਰੀ ਕਾਰਨ ਸਦਨ ’ਚ ਹਾਜ਼ਰ ਨਹੀਂ ਸਨ। ਸਦਨ ’ਚ ਉਦੋਂ ਮਾਹੌਲ ਤਲਖ਼ ਹੋ ਗਿਆ ਜਦੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸੀ ਦੇ ਮਾਮਲੇ ’ਤੇ ਸਰਕਾਰ ਉਪਰ ਸਿੱਧੀ ਉਂਗਲ ਉਠਾ ਦਿੱਤੀ। ਖਹਿਰਾ ਨੇ ਟਵੀਟ ਦਿਖਾਉਂਦੇ ਹੋਏ ਸਪੀਕਰ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਖ਼ਿਲਾਫ਼ ਸਾਜ਼ਿਸ਼ ਕੀਤੀ, ਉਹ ਗ੍ਰਿਫ਼ਤ ਤੋਂ ਹਾਲੇ ਬਾਹਰ ਹਨ। ਉਨ੍ਹਾਂ ਮੂਸੇਵਾਲਾ ਦੀ ਸੁਰੱਖਿਆ ਵਾਪਸੀ ਬਾਰੇ ਜਨਤਕ ਤੌਰ ’ਤੇ ਕੀਤੇ ਟਵੀਟ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਤੇ ‘ਆਪ’ ਦੀ ਮੀਡੀਆ ਟੀਮ ਦੇ ਸੀਨੀਅਰ ਮੈਂਬਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਿਨ੍ਹਾਂ ਮੂਸੇਵਾਲਾ ਦੀ ਸੁਰੱਖਿਆ ਵਾਪਸੀ ਨੂੰ ਲੈ ਕੇ ਟਵੀਟ ਕੀਤਾ ਸੀ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਮਾਪੇ ਇਨਸਾਫ਼ ਲਈ ਭਟਕ ਰਹੇ ਹਨ। ਸਿਫ਼ਰ ਕਾਲ ਦੌਰਾਨ ਹੀ ਸਦਨ ’ਚ ਮਾਹੌਲ ਗਰਮਾ ਗਿਆ ਸੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੂਸੇਵਾਲਾ ਕਤਲ ਕਾਂਡ ’ਚ ਤੱਥ ਪੇਸ਼ ਕਰਕੇ ਵਿਰੋਧੀਆਂ ਦੇ ਤਰਕ ਖੁੰਢੇ ਕਰਨ ਦੇ ਯਤਨ ਕੀਤੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਬੀਜੇ ਕੰਡੇ ਹੀ ਚੁਗਣੇ ਪੈ ਰਹੇ ਹਨ ਅਤੇ ਗੁਆਂਢੀ ਸੂਬਾ ਹਰਿਆਣਾ ਸ਼ੂਟਰਾਂ ਦੀ ਨਰਸਰੀ ਬਣ ਗਿਆ ਹੈ ਜਿਨ੍ਹਾਂ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੂਸੇਵਾਲਾ ਕੇਸ ’ਚ ਹੁਣ ਤੱਕ 40 ਜਣੇ ਨਾਮਜ਼ਦ ਕੀਤੇ ਹਨ ਜਿਨ੍ਹਾਂ ’ਚੋਂ 29 ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਦੋ ਮੁਕਾਬਲੇ ਵਿਚ ਮਾਰੇ ਜਾ ਚੁੱਕੇ ਹਨ। ਅਰੋੜਾ ਨੇ ਦੱਸਿਆ ਕਿ ਵਿਦੇਸ਼ ਵਿਚ ਬੈਠੇ ਛੇ ਗੈਂਗਸਟਰਾਂ ’ਚੋਂ ਚਾਰ ਦਾ ਚਲਾਨ ਪੇਸ਼ ਕਰ ਦਿੱਤਾ ਗਿਆ ਹੈ।

ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟੋਕਦਿਆਂ ਕਿਹਾ ਕਿ ਉਹ ਸਕਿਉਰਿਟੀ ਲੈਪਸ ਦੀ ਕਰ ਰਹੇ ਹਨ ਅਤੇ ਜਿਨ੍ਹਾਂ ਅਜਿਹਾ ਕੀਤਾ, ਉਨ੍ਹਾਂ ਨੂੰ ਵੀ ਕੇਸ ’ਚ ਸ਼ਾਮਲ ਕੀਤਾ ਜਾਵੇ। ਇਸ ਮੌਕੇ ਅਮਨ ਅਰੋੜਾ ਅਤੇ ਪ੍ਰਤਾਪ ਬਾਜਵਾ ਆਹਮੋ-ਸਾਹਮਣੇ ਆ ਗਏ। ਅਮਨ ਅਰੋੜਾ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ ਕਿ ਮਰਹੂਮ ਗਾਇਕ ਦੇ ਚਲੇ ਜਾਣ ਦਾ ਬਹੁਤ ਦੁੱਖ ਹੈ ਪਰ ਇਸ ਮਾਮਲੇ ’ਚ ਵਿਰੋਧੀ ਧਿਰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੀ ਪੂਰੀ ਸੁਰੱਖਿਆ ਵਾਪਸ ਨਹੀਂ ਲਈ ਗਈ ਬਲਕਿ ਦੋ ਸੁਰੱਖਿਆ ਗਾਰਡ ਉਨ੍ਹਾਂ ਨਾਲ ਤਾਇਨਾਤ ਸਨ, ਜਿਨ੍ਹਾਂ ਨੂੰ ਮੂਸੇਵਾਲਾ ਨਾਲ ਨਹੀਂ ਲੈ ਕੇ ਗਏ ਸਨ। ਅਰੋੜਾ ਨੇ ਕਿਹਾ ਕਿ ਮੂਸੇਵਾਲਾ ਆਪਣੀ ਬੁਲੇਟ ਪਰੂਫ਼ ਗੱਡੀ ਵੀ ਘਰ ਹੀ ਛੱਡ ਗਿਆ ਸੀ। ਰਾਜਾ ਵੜਿੰਗ ਨੇ ਪਲਟਵਾਰ ਕਰਦਿਆਂ ਕਿਹਾ ਕਿ ਮੂਸੇਵਾਲਾ ਦੇ ਪਿਤਾ ਜਿਨ੍ਹਾਂ ਦਾ ਨਾਮ ਲੈਂਦੇ ਹਨ, ਉਨ੍ਹਾਂ ਦਾ ਨਾਮ ਕੇਸ ਵਿਚ ਸ਼ਾਮਲ ਕੀਤਾ ਜਾਵੇ ਤਾਂ ਜੋ ਮਾਪਿਆਂ ਦੀ ਆਤਮਾ ਨੂੰ ਠੰਢ ਪੈ ਸਕੇ। ਇਸ ਮਗਰੋਂ ਖੇਤੀ ਮੰਤਰੀ ਕੁਲਦੀਪ ਧਾਲੀਵਾਲ ਨੇ ਹੱਲਾ ਬੋਲਦਿਆਂ ਕਿਹਾ ਕਿ ਜਿਨ੍ਹਾਂ ਅਕਾਲੀਆਂ ਅਤੇ ਕਾਂਗਰਸੀਆਂ ਨੇ ਅੱਸੀ ਦੇ ਦਹਾਕੇ ’ਚ ਹਜ਼ਾਰਾਂ ਲਾਸ਼ਾਂ ’ਤੇ ਸਿਆਸਤ ਕੀਤੀ ਸੀ, ਉਹ ਬੋਲ ਰਹੇ ਨੇ? ਇਸ ’ਤੇ ਵਿਰੋਧੀ ਧਿਰ ਇਕਦਮ ਤੈਸ਼ ਵਿਚ ਆ ਗਈ ਅਤੇ ਕਾਂਗਰਸੀ ਵਿਧਾਇਕ ਸਪੀਕਰ ਦੇ ਆਸਣ ਅੱਗੇ ਆ ਗਏ ਤੇ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਾਹੌਲ ਨੂੰ ਸ਼ਾਂਤ ਕਰਨ ਲਈ ਦੋਹਾਂ ਧਿਰਾਂ ਨੂੰ ਬੈਠਣ ਲਈ ਕਿਹਾ। ਜਦੋਂ ਵਿਰੋਧੀ ਧਿਰ ਸਦਨ ’ਚੋਂ ਵਾਕਆਊਟ ਕਰ ਰਹੀ ਸੀ ਤਾਂ ਖੇਤੀ ਮੰਤਰੀ ਕੁਲਦੀਪ ਧਾਲੀਵਾਲ ‘ਕਾਂਗਰਸ ਮੁਰਦਾਬਾਦ’ ਦੇ ਨਾਅਰੇ ਮਾਰ ਰਹੇ ਸਨ। ਹੰਗਾਮੇ ਸਮੇਂ ਸਿੰਜਾਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਮਨ-ਕਾਨੂੰਨ ਦੇ ਮੁੱਦੇ ’ਤੇ ਤੱਥ ਰੱਖ ਰਹੇ ਸਨ। ਕਾਂਗਰਸ ਦੇ ਵਾਕਆਊਟ ਮਗਰੋਂ ਮੀਤ ਹੇਅਰ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਹਮੇਸ਼ਾ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦੇ ਆ ਰਹੇ ਹਨ ਪ੍ਰੰਤੂ ‘ਆਪ’ ਦੇ ਕਿਸੇ ਮੈਂਬਰ ’ਤੇ ਅਜਿਹਾ ਕੋਈ ਦੋਸ਼ ਨਹੀਂ ਲੱਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਅੰਨ-ਪਾਣੀ ਤਾਂ ਪੰਜਾਬ ਦਾ ਛਕ ਰਹੇ ਹਨ ਅਤੇ ਬਦਨਾਮ ਵੀ ਪੰਜਾਬ ਨੂੰ ਹੀ ਕਰ ਰਹੇ ਹਨ।

ਅਮਨ ਅਰੋੜਾ ਨੇ ਰਾਜਾ ਵੜਿੰਗ ਨੂੰ ਘੇਰਿਆ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਦਨ ’ਚ ਵਿਰੋਧੀ ਧਿਰ ਦੀ ਗ਼ੈਰਹਾਜ਼ਰੀ ਮੌਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ’ਤੇ ਸੁਆਲ ਚੁੱਕੇ। ਅਰੋੜਾ ਨੇ ਕਿਹਾ ਕਿ ਵੜਿੰਗ ਆਖਦੇ ਹਨ ਕਿ ਮੂਸੇਵਾਲਾ ਦੇ ਮਾਪਿਆਂ ਦੇ ਕਾਲਜੇ ਠੰਢ ਪਾ ਦਿਓ ਪ੍ਰੰਤੂ ਉਸ ਪਤਨੀ ਦੇ ਕਾਲਜੇ ਠੰਢ ਕਦੋਂ ਪਏਗੀ ਜਿਸ ਦਾ ਪਤੀ ਕਰਨ ਕਟਾਰੀਆ ਖ਼ੁਦਕੁਸ਼ੀ ਕਰ ਗਿਆ ਸੀ। ਅਰੋੜਾ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਕਰਨ ਕਟਾਰੀਆ ਖ਼ੁਦਕੁਸ਼ੀ ਕਰ ਗਿਆ ਸੀ ਜਿਸ ਦੇ ਪਰਿਵਾਰ ਨੇ ਇਸ ਘਟਨਾ ਲਈ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਡਿੰਪੀ ਨੂੰ ਜ਼ਿੰਮੇਵਾਰ ਦੱਸਿਆ ਸੀ।

ਜੇਲ੍ਹ ਅਫ਼ਸਰਾਂ ਦੇ ਹੌਸਲੇ ਪਸਤ ਨਾ ਕਰੋ: ਰੰਧਾਵਾ

ਸਦਨ ’ਚ ਸਾਬਕਾ ਜੇਲ੍ਹ ਮੰਤਰੀ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹਾਂ ਦਾ ਮਸਲਾ ਚੁੱਕਿਆ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਜੇਲ੍ਹ ਅਫ਼ਸਰਾਂ ਦੇ ਹੌਸਲੇ ਪਸਤ ਨਾ ਕੀਤੇ ਜਾਣ ਅਤੇ ਜੇਲ੍ਹਾਂ ਵਿਚਲੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗੋਇੰਦਵਾਲ ਜੇਲ੍ਹ ਮਾਮਲੇ ’ਚ ਅਫ਼ਸਰਾਂ ਖ਼ਿਲਾਫ਼ ਕੇਸ ਦਰਜ ਹੋ ਗਏ ਹਨ ਪ੍ਰੰਤੂ ਗੁੰਡਿਆਂ ’ਤੇ ਕੋਈ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਗਈ ਹੈ। ਉਨ੍ਹਾਂ ਮਿਸਾਲਾਂ ਦਿੰਦਿਆਂ ਕਿਹਾ ਕਿ ਜੇਲ੍ਹ ’ਚ ਬੰਦ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ’ਚ ਪੁੱਛ-ਗਿੱਛ ਕੀਤੀ ਜਾਵੇ। ਰੰਧਾਵਾ ਨੇ ਕਿਹਾ ਕਿ ਜੇਲ੍ਹ ਅਧਿਕਾਰੀ ਢਹਿੰਦੀ ਕਲਾਂ ਵਿਚ ਚਲੇ ਗਏ ਹਨ।

ਪੰਜਾਬ ਸਰਕਾਰ ਅੱਜ ਪੇਸ਼ ਕਰੇਗੀ ਬਜਟ

ਪੰਜਾਬ ਸਰਕਾਰ ਵਿੱਤੀ ਸਾਲ 2023-24 ਦਾ ਬਜਟ ਭਲਕੇ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕਰੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਵੇਰੇ 11 ਵਜੇ ਸਦਨ ਵਿੱਚ ‘ਆਪ’ ਸਰਕਾਰ ਦਾ ਬਜਟ ਪੇਸ਼ ਕਰਨਗੇ। ਵਿੱਤ ਮੰਤਰੀ ਚੀਮਾ ਨੇ ਅੱਜ ਸਦਨ ਵਿਚ ‘ਦਿ ਪੰਜਾਬ ਐਪਰੋਪ੍ਰੀਏਸ਼ਨ ਬਿੱਲ 2023’ ਰੱਖਿਆ। ‘ਆਪ’ ਸਰਕਾਰ ਇਸ ਬਜਟ ’ਚ ਮੁੱਖ ਤੌਰ ’ਤੇ ਖੇਤੀ ਵਿਭਿੰਨਤਾ, ਸਿੱਖਿਆ, ਸਿਹਤ ਤੇ ਸਨਅਤੀ ਖੇਤਰ ਨੂੰ ਕੇਂਦਰਿਤ ਕਰੇਗੀ। ‘ਆਪ’ ਸਰਕਾਰ ਨੇ ਆਪਣਾ ਪਹਿਲਾ ਬਜਟ ਵੱਖ ਵੱਖ ਵਰਗਾਂ ਨਾਲ ਮਸ਼ਵਰਾ ਕਰਕੇ ਤਿਆਰ ਕੀਤਾ ਸੀ ਪ੍ਰੰਤੂ ਦੂਸਰੇ ਵਰ੍ਹੇ ਦੌਰਾਨ ਅਜਿਹਾ ਪ੍ਰਯੋਗ ਨਹੀਂ ਕੀਤਾ ਗਿਆ ਹੈ।