ਮੂਸੇਵਾਲਾ ਦੇ ਮਾਪਿਆਂ ਨੇ ਦੋ ਕਰੋੜ ਦੀ ਪੇਸ਼ਕਸ਼ ਵਾਲੇ ਬਿਆਨ ਨੂੰ ਨਕਾਰਿਆ

ਮੂਸੇਵਾਲਾ ਦੇ ਮਾਪਿਆਂ ਨੇ ਦੋ ਕਰੋੜ ਦੀ ਪੇਸ਼ਕਸ਼ ਵਾਲੇ ਬਿਆਨ ਨੂੰ ਨਕਾਰਿਆ

ਮਾਨਸਾ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਦੋ ਦਿਨ ਪਹਿਲਾਂ ਵੀਡੀਓ ਜਾਰੀ ਕਰ ਕੇ ਦੋ ਕਰੋੜ ਰੁਪਏ ਦੀ ਪੇਸ਼ਕਸ਼ ਕੀਤੇ ਜਾਣ ਸਬੰਧੀ ਜੋ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚ ਕੋਈ ਸਚਾਈ ਨਹੀਂ ਹੈ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸਣਾ ਬਣਦਾ ਹੈ ਕਿ ਗੋਲਡੀ ਬਰਾੜ ਨੇ ਵੀਡੀਓ ਵਿੱਚ ਦਾਅਵਾ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਨੂੰ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਮਾਮਲੇ ਵਿੱਚ ਉਸ ਦੇ ਗੈਂਗ ਅਤੇ ਗਾਇਕ ਵਿਚਾਲੇ ਦੁਸ਼ਮਣੀ ਨੂੰ ਸੁਲਝਾਉਣ ਲਈ ਦੋ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ।

ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੇ ਅੱਜ ਆਪਣੀ ਜੱਦੀ ਜ਼ਮੀਨ ’ਤੇ ਗਾਇਕ ਦਾ ਬੁੱਤ ਸਥਾਪਤ ਕੀਤਾ ਜਿੱਥੇ ਉਸ ਦਾ ਸਸਕਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ 29 ਮਈ ਨੂੰ ਪਿੰਡ ਜਵਾਹਰਕੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਬਲਕੌਰ ਸਿੰਘ ਨੇ ਕਿਹਾ ਕਿ ਉਸ ਦੇ ਪੁੱਤਰ ਅਤੇ ਪਰਿਵਾਰ ਨੇ ਕਿਸੇ ਨਾਲ ਕੁਝ ਗਲਤ ਨਹੀਂ ਕੀਤਾ ਤੇ ਸੋਸ਼ਲ ਮੀਡੀਆ ’ਤੇ ਗਲਤ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ 27 ਸਾਲਾ ਮਰਹੂਮ ਪੁੱਤਰ ਦਾ ਬੁੱਤ ਲਗਾਉਣਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਹੱਤਿਆ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਗੈਂਗਸਟਰ ਅੱਜ ਆਪਣੇ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਕੇ ਅਤੇ ਨਿਆਂ ਪ੍ਰਣਾਲੀ ਦੀਆਂ ਖਾਮੀਆਂ ਦਾ ਫਾਇਦਾ ਉਠਾ ਕੇ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।