ਮੂਸੇਵਾਲਾ ਦੇ ਬੁੱਤ ਦੇ ਗੁੱਟ ’ਤੇ ਰੱਖੜੀਆਂ ਬੰਨ੍ਹਣ ਲੱਗੀਆਂ ਕੁੜੀਆਂ

ਮੂਸੇਵਾਲਾ ਦੇ ਬੁੱਤ ਦੇ ਗੁੱਟ ’ਤੇ ਰੱਖੜੀਆਂ ਬੰਨ੍ਹਣ ਲੱਗੀਆਂ ਕੁੜੀਆਂ

ਦੂਰ-ਦੁੁਰਾਡੇ ਖੇਤਰ ਤੋਂ ਪਿੰਡ ਮੂਸੇ ਪੁੱਜਣ ਲੱਗੀਆਂ ਔਰਤਾਂ

ਮਾਨਸਾ – ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਆ ਰਹੇ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਹੀ ਕੁੜੀਆਂ ਨੇ ਉਸ ਦੇ ਪਿੰਡ ਮੂਸਾ ਵਿੱਚ ਲੱਗੇ ਬੁੱਤ ਦੇ ਗੁੱਟ ’ਤੇ ਰੱਖੜੀਆਂ ਬੰਨ੍ਹਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਰੱਖੜੀ ਬੰਨ੍ਹਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਔਰਤਾਂ ਕਹਿ ਰਹੀਆਂ ਹਨ ਕਿ ਸਿੱਧੂ ਵਰਗਾ ਪੁੱਤ ਹਰੇਕ ਮਾਂ ਨੂੰ ਅਤੇ ਭਰਾ ਹਰ ਭੈਣ ਨੂੰ ਮਿਲੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇਂ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰ ਉਸ ਨੂੰ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਪਿਆਰ ਦੀ ਭਾਵਨਾ ਅਜੇ ਘੱਟ ਨਹੀਂ ਹੋਈ ਹੈ। ਸਿੱਧੂ ਮੂਸੇਵਾਲਾ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਲਈ ਅੱਜ ਪਿੰਡ ਮੂਸਾ ਤੋਂ ਇੱਕ ਬੱਚੀ ਚਾਹਤ ਸਿੱਧੂ ਆਪਣੇ ਪਿਤਾ ਬਲਵੀਰ ਸਿੰਘ ਸਿੱਧੂ ਨਾਲ ਪੁੱਜੀ। ਜ਼ਿਕਰਯੋਗ ਹੈ ਕਿ ਇਹ ਬੱਚੀ ਸਿੱਧੂ ਮੂਸੇਵਾਲਾ ਨਾਲ ਖੇਡਦੀ ਵੀ ਰਹੀ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਆਈ ਮਹਿਲਾ ਕੁਸੁਮ ਰਾਣੀ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲਾ ਨੂੰ ਰੱਖੜੀ ਬੰਨ੍ਹ ਕੇ ਦਿਲ ਨੂੰ ਸਕੂਨ ਮਿਲਿਆ ਹੈ, ਕਿਉਂਕਿ ਉਹ ਹਰ ਮਾਂ ਦਾ ਚੰਗਾ ਪੁੱਤਰ ਅਤੇ ਹਰ ਭੈਣ ਦਾ ਚੰਗਾ ਭਰਾ ਸੀ। ਬਠਿੰਡਾ ਦੇ ਪਿੰਡ ਬਹਿਮਣ ਜੱਸਾ ਤੋਂ ਪਹੁੰਚੀ ਛੋਟੀ ਬੱਚੀ ਮਹਿਕਪ੍ਰੀਤ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮੇਰਾ ਵੱਡਾ ਵੀਰ ਸੀ ਅਤੇ ਸਾਰੀ ਦੁਨੀਆ ਉਸ ਦੀ ਫੈਨ ਹੈ। ਉਸ ਨੇ ਕਿਹਾ ਕਿ ਉਹ ਅੱਜ ਸਿੱਧੂ ਮੂਸੇਵਾਲਾ ਦੇ ਰੱਖੜੀ ਬੰਨ੍ਹਣ ਆਈ ਹੈ।