ਮੂਸੇਵਾਲਾ ਦੇ ਪਿਤਾ ਵੱਲੋਂ ਸਰਕਾਰ ਨੂੰ ਕਾਰਵਾਈ ਲਈ ਹਫ਼ਤੇ ਦਾ ਅਲਟੀਮੇਟਮ

ਮੂਸੇਵਾਲਾ ਦੇ ਪਿਤਾ ਵੱਲੋਂ ਸਰਕਾਰ ਨੂੰ ਕਾਰਵਾਈ ਲਈ ਹਫ਼ਤੇ ਦਾ ਅਲਟੀਮੇਟਮ

ਇਨਸਾਫ਼ ਨਾ ਮਿਲਣ ’ਤੇ ਸੜਕਾਂ ’ਤੇ ਉੱਤਰਨ ਦਾ ਐਲਾਨ; ਮਾਤਾ ਚਰਨ ਕੌਰ ਵੱਲੋਂ ਹਰੇਕ ਪਿੰਡ ਵਿੱਚ ਮੋਮਬੱਤੀ ਮਾਰਚ ਦਾ ਸੱਦਾ

ਮਾਨਸਾ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਪੁਲੀਸ ਨੇ ਭਾਵੇਂ 6 ਵਿੱਚੋਂ 5 ਸ਼ੂਟਰਾਂ ਸਮੇਤ ਕਈ ਹੋਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਹਾਲੇ ਤੱਕ ਇਨਸਾਫ਼ ਨਾ ਮਿਲਣ ’ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦੀ ਮੋਹਲਤ ਦਿੱਤੀ ਹੈ ਅਤੇ ਇਸ ਮਗਰੋਂ ਇਨਸਾਫ਼ ਖਾਤਰ ਸੜਕਾਂ ’ਤੇ ਉਤਰਨ ਦਾ ਐਲਾਨ ਕੀਤਾ ਹੈ।

ਅੱਜ ਪਿੰਡ ਮੂਸਾ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਤੋਂ ਇਨਸਾਫ਼ ਦੀ ਉਮੀਦ ਕਰਦਿਆਂ ਬਹੁਤ ਸਮਾਂ ਬੀਤ ਗਿਆ ਪਰ ਹੁਣ ਪੁੱਤ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਲੋਕਾਂ ਦੇ ਸਹਿਯੋਗ ਨਾਲ ਸੜਕਾਂ ’ਤੇ ਉੱਤਰਨਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ’ਤੇ ਗੋਲੀਆਂ ਵਰਾਉਣ ਵਾਲੇ ਹੀ ਦੋਸ਼ੀ ਨਹੀਂ ਹਨ ਸਗੋਂ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ ਵੀ ਕਤਲ ਕਾਂਡ ਲਈ ਬਰਾਬਰ ਜ਼ਿੰਮੇਵਾਰ ਹਨ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਨੂੰ ਮਾਰਨ ਲਈ ਵਰਤੇ ਹਥਿਆਰ ਖਰੀਦ ਕੇ ਦੇਣ ਵਾਲਿਆਂ ਅਤੇ ਕਾਤਲਾਂ ਨੂੰ ਪੈਸੇ ਦੇਣ ਵਾਲਿਆਂ ਖ਼ਿਲਾਫ਼ ਵੀ ਕੇਸ ਦਰਜ ਹੋਣਾ ਜ਼ਰੂੁਰੀ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਲਈ ਗੈਂਗਸਟਰ ਸ਼ਬਦ ਨਾ ਵਰਤਿਆ ਜਾਵੇ ਬਲਕਿ ਉਨ੍ਹਾਂ ਨੂੰ ਗੁੰਡੇ ਜਾਂ ਬਦਮਾਸ਼ ਕਿਹਾ ਜਾਵੇ ਕਿਉਂਕਿ ਉਹ ਜਿਹੋ-ਜਿਹਾ ਕੰਮ ਕਰਦੇ ਹਨ, ਉਹੋ ਜਿਹਾ ਹੀ ਨਾਂ ਦੇਣਾ ਚਾਹੀਦਾ ਹੈ।

ਇਸ ਦੌਰਾਨ ਸੰਬੋਧਨ ਕਰਦਿਆਂ ਮਾਤਾ ਚਰਨ ਕੌਰ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਹ ਚੁੱਪ ਨਹੀਂ ਬੈਠਣਗੇ। ਉਨ੍ਹਾਂ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਹਰੇਕ ਪਿੰਡ ਵਿੱਚ ਮੋਮਬੱਤੀ ਮਾਰਚ ਕਰਨ ਦੀ ਅਪੀਲ ਕੀਤੀ। ਮਾਤਾ ਚਰਨ ਕੌਰ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਪੁੱਤ ਮਹਾਨ ਸੀ, ਜਿਸ ਨੇ ਕੋਈ ਵੀ ਗੁਨਾਹ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲ ਦੇ ਕਾਤਲ ਡਰਪੋਕ ਸਨ, ਜਿਨ੍ਹਾਂ ਨੇ ਸਿੱਧੂ ਨੂੰ ਘੇਰ ਕੇ ਮਾਰਿਆ ਹੈ। ਉਨ੍ਹਾਂ ਦੇ ਪੁੱਤ ਨੂੰ ਅਜਿਹੀ ਮੌਤ ਦੇਣ ਵਾਲਿਆਂ ਨੂੰ ਉਹ ਬਦ-ਦੁਆ ਦਿੰਦੀ ਹੈ। ਉਨ੍ਹਾਂ ਸਰਕਾਰ ’ਤੇ ਰੋਸ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਪਰ ਉਹ ਹਰ ਕੀਮਤ ’ਤੇ ਇਨਸਾਫ਼ ਲੈ ਕੇ ਹੀ ਰਹੇਗੀ।

ਜਲਦੀ ਹੀ ਚਾਰਜਸ਼ੀਟ ਕਰਾਂਗੇ ਦਾਖਲ: ਐੱਸਐੱਸਪੀ
ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਸਿੱਧੂ ਮੂਸੇਵਾਲਾ ‌ਦੇ ਪਰਿਵਾਰ ਨੂੰ ਹਰ ਤਰ੍ਹਾਂ ਨਾਲ ਇਨਸਾਫ਼ ਦਿਵਾਉਣ ਲਈ ਬੜੇ ਤੇਜ਼ੀ ਨਾਲ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਕਤਲ ਦੀ ਘਟਨਾ ’ਚ ਸਿੱਧੇ ਤੇ ਅਸਿੱਧੇ ਤੌਰ ’ਤੇ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਚਾਰਜਸ਼ੀਟ ਦਾਖਲ ਹੋਣ ਤੋਂ ਬਾਅਦ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਦੇ ਦੇਣੀ ਹੈ ਅਤੇ ਪੁਲੀਸ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਵੀ ਕਰ ਰਹੀ ਹੈ।