ਮੂਸੇਵਾਲਾ ਦੀ ਬਰਸੀ ਮੌਕੇ ਪਿੰਡ ਜਵਾਹਰਕੇ ’ਚ ਜੁੜੇ ਲੋਕ

ਮੂਸੇਵਾਲਾ ਦੀ ਬਰਸੀ ਮੌਕੇ ਪਿੰਡ ਜਵਾਹਰਕੇ ’ਚ ਜੁੜੇ ਲੋਕ

ਘਟਨਾ ਵਾਲੀ ਥਾਂ ਪਹੁੰਚ ਕੇ ਭਾਵੁਕ ਹੋਈ ਮਰਹੂਮ ਗਾਇਕ ਦੀ ਮਾਂ ਚਰਨ ਕੌਰ
ਮਾਨਸਾ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਅੱਜ ਪਿੰਡ ਜਵਾਹਰਕੇ ਨੂੰ ਗਾਇਕ ਦੀਆਂ ਫੋਟੋਆਂ ਨਾਲ ਸ਼ਿੰਗਾਰਿਆ ਗਿਆ। ਇਸ ਮੌਕੇ ਪਾਠ ਦੇ ਭੋਗ ਪਾ ਕੇ ਛਬੀਲ ਵੀ ਲਗਾਈ ਗਈ। ਮਰਹੂਮ ਗਾਇਕ ਦੀ ਮਾਂ ਚਰਨ ਕੌਰ ਵੀ ਅੱਜ ਪਿੰਡ ’ਚ ਉਸ ਥਾਂ ’ਤੇ ਪੁੱਜੀ ਜਿੱਥੇ ਕਲਾਕਾਰ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਉਹ ਇਸ ਮੌਕੇ ਬੇਹੱਦ ਭਾਵੁਕ ਹੋ ਗਈ ਤੇ ਭੁੱਬਾਂ ਮਾਰ ਕੇ ਰੋਈ। ਉਨ੍ਹਾਂ ਵਿਰਲਾਪ ਕੀਤਾ ਤੇ ਕਾਤਲਾਂ ਨੂੰ ਕੋਸਿਆ। ਜ਼ਿਕਰਯੋਗ ਹੈ ਕਿ 29 ਮਈ, 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਚ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਜਗ੍ਹਾ ’ਤੇ ਪਿੰਡ ਦੀ ਪੰਚਾਇਤ ਨੇ ਉਸ ਦੀ ਯਾਦਗਾਰ ਵਜੋਂ ਬੁੱਤ ਲਾਉਣ ਦਾ ਫ਼ੈਸਲਾ ਵੀ ਕੀਤਾ ਹੈ। ਪਹਿਲੀ ਬਰਸੀ ਦੌਰਾਨ ਅੱਜ ਨੌਜਵਾਨ ਵੱਡੀ ਗਿਣਤੀ ਵਿਚ ਪੁੱਜੇ। ਮੂਸੇਵਾਲਾ ਦੀ ਮਾਂ ਚਰਨ ਕੌਰ ਕੰਧ ਉੱਤੇ ਗੋਲੀਆਂ ਦੇ ਨਿਸ਼ਾਨ ਦੇਖ ਕੇ ਕੁਰਲਾ ਉੱਠੀ। ਪਿੰਡ ਦੇ ਸਰਪੰਚ ਤਰਲੋਚਨ ਸਿੰਘ ਨੇ ਦੱਸਿਆ ਕਿ ਲੋਕ ਘਟਨਾ ਵਾਲੀ ਥਾਂ ਨੂੰ ਦੇਖਣ ਲਈ ਦੇਸ਼ਾਂ-ਵਿਦੇਸ਼ਾਂ ਤੋਂ ਭਾਰੀ ਗਿਣਤੀ ਵਿੱਚ ਪਿੰਡ ਪਹੁੰਚ ਰਹੇ ਹਨ। ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ 29 ਮਈ ਨੂੰ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ ਵਿਖੇ ਮੂਸੇਵਾਲਾ ਦੀ ਯਾਦ ਵਿੱਚ ਪਾਠ ਦੇ ਭੋਗ ਪਾਏ ਜਾਣਗੇ ਅਤੇ ਨੌਜਵਾਨਾਂ ਤੇ ਸ਼ੁਭਚਿੰਤਕਾਂ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ। ਸ਼ਾਮ ਨੂੰ ਮਾਨਸਾ ਦੇ ਗੁਰਦੁਆਰਾ ਚੌਂਕ ਤੋਂ ਲੈ ਕੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੱਕ ‘ਇਨਸਾਫ਼ ਦਿਓ’ ਮੋਮਬੱਤੀ ਮਾਰਚ ਕੱਢਿਆ ਜਾਵੇਗਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਭਲਕੇ ਦੇ ਸਾਰੇ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋ ਸਕਣਗੇ, ਕਿਉਂਕਿ ਉਹ ਇਸ ਵੇਲੇ ਕੈਨੇਡਾ ਫੇਰੀ ’ਤੇ ਹਨ ਜਿੱਥੇ ਪੰਜਾਬੀ ਗਾਇਕ ਬਾਰੇ ਭਲਕੇ ਹੋ ਰਹੇ ਸਮਾਗਮਾਂ ’ਚ ਉਹ ਹਿੱਸਾ ਲੈਣਗੇ।