ਮੂਸੇਵਾਲਾ ਕਾਂਡ: ਸਾਬਕਾ ਸਪੀਕਰ ਕਾਹਲੋਂ ਦਾ ਭਤੀਜਾ ਗ੍ਰਿਫ਼ਤਾਰ

ਮੂਸੇਵਾਲਾ ਕਾਂਡ: ਸਾਬਕਾ ਸਪੀਕਰ ਕਾਹਲੋਂ ਦਾ ਭਤੀਜਾ ਗ੍ਰਿਫ਼ਤਾਰ

  • ਤਿੰਨ ਗੈਂਗਸਟਰਾਂ ਨੂੰ ਬਠਿੰਡਾ ਛੱਡ ਕੇ ਆਇਆ ਸੀ ਸੰਦੀਪ ਕਾਹਲੋਂ ਦਾ ਸਾਥੀ
    ਲੁਧਿਆਣਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਹੁਣ ਅਕਾਲੀ ਆਗੂ ਤੇ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਦੇ ਨਾਲ ਜੁੜਦੇ ਨਜ਼ਰ ਆ ਰਹੇ ਹਨ। ਕਮਿਸ਼ਨਰੇਟ ਪੁਲੀਸ ਦੇ ਸੀਆਈਏ-1 ਦੀ ਟੀਮ ਨੇ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ 10 ਦਿਨ ਪਹਿਲਾਂ ਸੰਦੀਪ ਕਾਹਲੋਂ ਦਾ ਸਾਥੀ ਸਤਬੀਰ ਸਿੰਘ ਹੀ ਫਾਰਚੂਨਰ ਕਾਰ ’ਚ ਤਿੰਨ ਗੈਂਗਸਟਰਾਂ ਨੂੰ ਬਠਿੰਡਾ ਛੱਡ ਕੇ ਆਇਆ ਸੀ। ਉੱਥੇ ਬਲਦੇਵ ਚੌਧਰੀ ਨੇ ਗੈਂਗਸਟਰ ਗੋਲਡੀ ਬਰਾੜ ਦੇ ਹੁਕਮ ’ਤੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਜਦੋਂ ਸੰਦੀਪ ਕਾਹਲੋਂ ਦਾ ਨਾਂ ਸਾਹਮਣੇ ਆਇਆ ਤਾਂ ਉਹ ਅੰਡਰ ਗਰਾਊਂਡ ਹੋ ਗਿਆ, ਬਾਅਦ ’ਚ ਕਮਿਸ਼ਨਰੇਟ ਪੁਲੀਸ ਦੀ ਸੀਆਈਏ ਟੀਮ ਨੇ ਉਸ ਨੂੰ ਕਾਬੂ ਕਰ ਲਿਆ ਹੈ। ਸੀਆਈਏ-1 ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਸਤਬੀਰ ਤੋਂ ਕੀਤੀ ਪੁੱਛਗਿਛ ’ਚ ਪਤਾ ਲੱਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦਸ ਦਿਨ ਪਹਿਲਾਂ ਸੰਦੀਪ ਸਿੰਘ ਕਾਹਲੋਂ ਨੇ ਹੀ ਮਨੀ ਰਈਆ, ਮਨਦੀਪ ਤੂਫ਼ਾਨ ਤੇ ਇੱਕ ਅਣਪਛਾਤੇ ਗੈਂਗਸਟਰ ਨੂੰ ਛੱਡਣ ਲਈ ਸਤਬੀਰ ਨੂੰ ਅੰਮ੍ਰਿਤਸਰ ਤੋਂ ਬਠਿੰਡਾ ਭੇਜਿਆ ਸੀ। ਪੁੱਛਗਿੱਛ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਸੰਦੀਪ ਕਾਹਲੋਂ ਨੇ ਸਤਬੀਰ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਨ੍ਹਾਂ ਦੇ ਲੋਕਾਂ ਨੇ ਹੀ ਸਿੱਧੂ ਦਾ ਕਤਲ ਕੀਤਾ ਹੈ ਤੇ ਉਹ ਥੋੜ੍ਹਾ ਚੌਕਸ ਰਹੇ। ਇਹ ਵੀ ਗੱਲ ਹੋਈ ਸੀ ਕਿ ਉਹ ਉਨ੍ਹਾਂ ਦੇ ਜਾਅਲੀ ਪਾਸਪੋਰਟ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ’ਚ ਹੈ ਤਾਂ ਕਿ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾ ਸਕੇ। ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਸੰਦੀਪ ਸਿੰਘ ਕਾਹਲੋਂ ਤੇ ਜੱਗੂ ਭਗਵਾਨਪੁਰੀਆ ਦੇ ਕਾਫ਼ੀ ਪੁਰਾਣੇ ਸਬੰਧ ਹਨ। ਗੈਂਗਸਟਰ ਮਨੀ ਰਈਆ ਤੇ ਸੰਦੀਪ ਤੂਫ਼ਾਨ ਦੋਵੇਂ ਜੱਗੂ ਦੇ ਪੁਰਾਣੇ ਸਾਥੀ ਹਨ। ਜੱਗੂ ਦੇ ਹੁਕਮ ਤੋਂ ਬਾਅਦ ਹੀ ਸੰਦੀਪ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਤਬੀਰ ਤਿੰਨਾਂ ਨੂੰ ਫਾਰਚੂਨਰ ਕਾਰ ’ਚ 19 ਮਈ ਨੂੰ ਬਠਿੰਡਾ ਛੱਡ ਕੇ ਆਇਆ ਸੀ।

ਸਤਬੀਰ ਨੇ ਸੰਦੀਪ ਦੀ ਭੂਮਿਕਾ ਬਾਰੇ ਕੀਤੇ ਖੁਲਾਸੇ
ਪੁਲੀਸ ਨੇ ਜਦੋਂ ਬਲਦੇਵ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਤਾਂ ਪਤਾ ਲੱਗਿਆ ਕਿ ਉਸਦੇ ਸੰਪਰਕ ਪਟਿਆਲਾ ਦੇ ਭਾਦਸੋਂ ਇਲਾਕੇ ’ਚ ਰਹਿਣ ਵਾਲੇ ਨੌਜਵਾਨ ਨਾਲ ਸਨ ਤੇ ਉਸਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਜਾਂਚ ਕਰਨ ’ਤੇ ਅਜਨਾਲਾ ਦੇ ਘੋੜਾ ਵਪਾਰੀ ਸਤਬੀਰ ਦਾ ਨਾਂ ਸਾਹਮਣੇ ਆਇਆ ਸੀ। ਜਦੋਂ ਪੁਲੀਸ ਨੇ ਸਤਬੀਰ ਨੂੰ ਗ੍ਰਿਫ਼ਤਾਰ ਕੀਤਾ ਤਾਂ ਸਤਬੀਰ ਤੋਂ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਸੰਦੀਪ ਸਿੰਘ ਕਾਹਲੋਂ ਨੇ ਉਸ ਨੂੰ ਗੈਂਗਸਟਰਾਂ ਨੂੰ ਬਠਿੰਡਾ ਛੱਡ ਕੇ ਆਉਣ ਲਈ ਭੇਜਿਆ ਸੀ। ਸੰਦੀਪ ਸਿੰਘ ਕਾਹਲੋਂ ਨੇ ਹੀ ਸਤਬੀਰ ਨੂੰ ਉਸ ਦੀ ਸੁਰੱਖਿਆ ਲਈ 315 ਬੋਰ ਦੀ ਪਿਸਤੌਲ ਦਿੱਤੀ ਸੀ।

ਮੁਲਜ਼ਮ ਸਤਬੀਰ ’ਤੇ ਜੇਲ੍ਹ ਵਿੱਚ ਹਮਲਾ
ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਥਿਤ ਕਾਤਲਾਂ ਨੂੰ ਫਾਰਚੂਨਰ ਵਿੱਚ ਬਠਿੰਡਾ ਛੱਡ ਕੇ ਆਉਣ ਵਾਲੇ ਮੁਲਜ਼ਮ ਸਤਬੀਰ ’ਤੇ ਸ਼ਨਿਚਰਵਾਰ ਰਾਤ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਹਮਲਾ ਹੋ ਗਿਆ। ਚਰਚਾ ਹੈ ਕਿ ਇਹ ਹਮਲਾ ਬੰਬੀਹਾ ਗਰੁੱਪ ਦੇ ਮੈਂਬਰਾਂ ਨੇ ਕੀਤਾ ਹੈ। ਸਤਬੀਰ ਦੇ ਫੱਟੜ ਹੋਣ ’ਤੇ ਪੁਲੀਸ ਉਸ ਨੂੰ ਸਿਵਲ ਹਸਪਤਾਲ ਇਲਾਜ ਲਈ ਲੈ ਕੇ ਆਈ। ਇੱਥੇ ਇਲਾਜ ਤੋਂ ਬਾਅਦ ਉਸ ਨੂੰ ਦੁਬਾਰਾ ਜੇਲ੍ਹ ਲਿਆਂਦਾ ਜਾਵੇਗਾ।