ਮੂਸੇਵਾਲਾ ਕਤਲ ਮਾਮਲਾ: ਸਚਿਨ ਬਿਸ਼ਨੋਈ ਦੀ ਅਜ਼ਰਬਾਇਜਾਨ ਤੋਂ ਹਵਾਲਗੀ ਮਿਲੀ

ਮੂਸੇਵਾਲਾ ਕਤਲ ਮਾਮਲਾ: ਸਚਿਨ ਬਿਸ਼ਨੋਈ ਦੀ ਅਜ਼ਰਬਾਇਜਾਨ ਤੋਂ ਹਵਾਲਗੀ ਮਿਲੀ

ਨਵੀਂ ਦਿੱਲੀ- ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਨਾਮਜ਼ਦ ਮੁਲਜ਼ਮ ਗੈਂਗਸਟਰ ਸਚਿਨ ਬਿਸ਼ਨੋਈ ਦੀ ਅਜ਼ਰਬਾਇਜਾਨ ਨੇ ਦਿੱਲੀ ਪੁਲੀਸ ਨੂੰ ਹਵਾਲਗੀ ਦੇ ਦਿੱੱਤੀ ਹੈ ਅਤੇ ਉਸ ਨੂੰ ਦਿੱਲੀ ਲਿਆਂਦਾ ਜਾ ਚੁੱਕਿਆ ਹੈ। ਉਸ ਨੂੰ ਅੱਜ ਇੱਥੋਂ ਦੀ ਅਦਲਾਤ ’ਚ ਪੇਸ਼ ਕਰ ਕੇ ਉਸ ਦਾ 10 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਅਧਿਕਾਰੀਆਂ ਦੱਸਿਆ ਕਿ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ ਅਧਿਕਾਰੀ ਕੇਸ ਸਬੰਧੀ ਅਜ਼ਰਬਾਇਜਾਨ ਦੀ ਰਾਜਧਾਨੀ ਬਾਕੂ ਗਏ ਸਨ। ਪੁਲੀਸ ਵਿਸ਼ੇਸ਼ ਕਮਿਸ਼ਨਰ (ਸਪੈਸ਼ਲ ਸੈੱਲ) ਐੱਚਜੀਐੱਸ ਧਾਲੀਵਾਲ ਨੇ ਕਿਹਾ ਕਿ ਬਿਸ਼ਨੋਈ ਉਰਫ਼ ਸਚਿਨ ਥਾਪਨ ਨੂੰ ਬਾਕੂ ਤੋਂ ਮੰਗਲਵਾਰ ਸਵੇਰੇ ਦਿੱਲੀ ਲਿਆਂਦਾ ਗਿਆ। ਸੂਤਰਾਂ ਨੇ ਦਾਅਵਾ ਕੀਤਾ ਕਿ ਬਿਸ਼ਨੋਈ, ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਰਚਣ ’ਚ ਸ਼ਾਮਲ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕਤਲ ਦੇ ਸਮੇਂ ਉਹ ਵਿਦੇਸ਼ ’ਚ ਸੀ ਪਰ ਜਾਂਚਕਰਤਾਵਾਂ ਨੂੰ ਇਹ ਕਹਿ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਸ ਨੇ ਮੂਸੇਵਾਲਾ ਨੂੰ ਗੋਲੀ ਮਾਰੀ ਸੀ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਬਿਸ਼ਨੋਈ ਭਾਰਤ ਛੱਡ ਗਿਆ ਸੀ। ਉਹ ਪਹਿਲਾਂ ਦੱਖਣੀ ਦਿੱਲੀ ਦੇ ਸੰਗਮ ਵਿਹਾਰ ਦੇ ਪਤੇ ਨਾਲ ਤਿਲਕ ਰਾਜ ਟੁਟੇਜਾ ਦੇ ਨਾਮ ’ਤੇ ਜਾਰੀ ਕੀਤੇ ਜਾਅਲੀ ਪਾਸਪੋਰਟ ’ਤੇ ਦੁਬਈ ਗਿਆ ਸੀ। ਸੂਤਰਾਂ ਦਾਅਵਾ ਕੀਤਾ ਕਿ ਉਸਨੇ ਰੇਕੀ ਕਰਨ ’ਚ ਮਦਦ ਕੀਤੀ ਤੇ ਗੱਡੀ ਵੀ ਮੁਹੱਈਆ ਕਰਵਾਈ। ਉਸ ਨੇ ਜਾਂਚ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕਤਲ ਤੋਂ ਬਾਅਦ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਗਾਇਕ ਨੂੰ ਮਾਰਿਆ ਸੀ। ਜਦੋਂ ਉਹ ਦੁਬਈ ’ਚ ਸੀ ਤਾਂ ਉਸ ਨੇ ਸੋਚਿਆ ਕਿ ਭਾਰਤ ਦੇ ਯੂਏਈ ਨਾਲ ਚੰਗੇ ਸਬੰਧ ਹਨ ਇਸ ਲਈ ਉਸ ਦੀ ਉੱਥੋਂ ਹਵਾਲਗੀ ਕੀਤੀ ਜਾ ਸਕਦੀ ਹੈ। ਇਸ ਕਾਰਨ ਉਹ ਬਾਕੂ ਚਲਾ ਗਿਆ ਸੀ।

ਧਾਲੀਵਾਲ ਨੇ ਦੱਸਿਆ ਕਿ ਬਿਸ਼ਨੋਈ ਨੂੰ ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਕੇਸ, ਮੋਹਨ ਗਾਰਡਨ ਥਾਣੇ ’ਚ ਕਤਲ ਦੀ ਕੋਸ਼ਿਸ਼ ਦੇ ਕੇਸ ਅਤੇ ਸਪੈਸ਼ਲ ਸੈੱਲ ਦੇ ਨਾਲ ਹੋਰ ਮਾਮਲਿਆਂ ’ਚ ਨਾਮਜ਼ਦ ਕੀਤਾ ਗਿਆ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਸਚਿਨ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਫਰਜ਼ੀ ਪਾਸਪੋਰਟ ਵਰਤ ਕੇ ਦੇਸ਼ ਛੱਡ ਕੇ ਭੱਜ ਗਏ ਸਨ। ਗੈਂਗਸਟਰ ਗੋਲਡੀ ਬਰਾੜ ਘਟਨਾ ਦੌਰਾਨ ਸਿਗਨਲ ਐਪਲੀਕੇਸ਼ਨ ਰਾਹੀਂ ਹਮਲਾਵਰਾਂ ਦੇ ਸੰਪਰਕ ਵਿੱਚ ਸੀ। ਇਸ ਤੋਂ ਪਹਿਲਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮੁੱਖ ਸਹਿਯੋਗੀ ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ ਨੂੰ ਯੂਏਈ ਤੋਂ ਭਾਰਤ ਡਿਪੋਰਟ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਮੂਸੇਵਾਲਾ ਦੇ ਕਤਲ ’ਚ ਵਿਕਰਮ ਬਰਾੜ ਸ਼ਾਮਲ ਸੀ। ਉਹ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਹੋਰਾਂ ਦੀ ਮਦਦ ਨਾਲ ਭਾਰਤ ’ਚ ਹਥਿਆਰਾਂ ਦੀ ਤਸਕਰੀ ਅਤੇ ਜਬਰੀ ਵਸੂਲੀ ਦੇ ਮਾਮਲਿਆਂ ’ਚ ਵੀ ਸ਼ਾਮਲ ਸੀ।