ਮੂਸੇਵਾਲਾ ਕਤਲ-ਮਾਨਸਾ ਪੁਲੀਸ ਨੂੰ ਮਨੀ ਤੇ ਤੂਫ਼ਾਨ ਦਾ ਸੱਤ ਰੋਜ਼ਾ ਰਿਮਾਂਡ ਮਿਲਿਆ

ਮੂਸੇਵਾਲਾ ਕਤਲ-ਮਾਨਸਾ ਪੁਲੀਸ ਨੂੰ ਮਨੀ ਤੇ ਤੂਫ਼ਾਨ ਦਾ ਸੱਤ ਰੋਜ਼ਾ ਰਿਮਾਂਡ ਮਿਲਿਆ

ਰਾਜਪੁਰਾ ਵਿੱਚ ਰੱਖੇ ਜਾਣਗੇ ਮੁਲਜ਼ਮ; ਦੀਪਕ ਮੁੰਡੀ ਸਮੇਤ ਚਾਰ ਹੋਰ ਮੁਲਜ਼ਮ ਵੀ ਪੁਲੀਸ ਰਿਮਾਂਡ ’ਤੇ ਭੇਜੇ
ਮਾਨਸਾ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਕੱਲ੍ਹ ਅੰਮ੍ਰਿਤਸਰ ਜ਼ਿਲ੍ਹੇ ਵਿਚੋਂ ਗ੍ਰਿਫ਼ਤਾਰ ਕੀਤੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਅਤੇ ਮਨਦੀਪ ਸਿੰਘ ਉਰਫ਼ ਤੂਫਾਨ ਨੂੰ ਅੱਜ ਮਾਨਸਾ ਪੁਲੀਸ ਨੇ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਵੱਲੋਂ ਮੁਲਜ਼ਮਾ ਦਾ ਡਾਕਟਰੀ ਮੁਆਇਨਾ ਕਰਵਾਉਣ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਗੌਰਵ ਤੂਰਾ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਦਾ 24 ਸਤੰਬਰ ਤੱਕ ਦਾ ਰਿਮਾਂਡ ਮਿਲਿਆ ਹੈ। ਇਸ ਦੌਰਾਨ ਇਨ੍ਹਾਂ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ। ਇਸੇ ਦੌਰਾਨ ਵੱਖਰੇ ਤੌਰ ’ਤੇ ਮਾਨਸਾ ਪੁਲੀਸ ਵੱਲੋਂ ਦੀਪਕ ਮੁੰਡੀ, ਰਾਜਿੰਦਰ ਜੋਕਰ, ਕਪਿਲ ਪੰਡਿਤ ਤੇ ਬਿੱਟੂ ਸਿੰਘ (ਸੰਦੀਪ ਕੇਕੜਾ ਦਾ ਭਰਾ) ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਛੇ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਇਨ੍ਹਾਂ ਮੁਲਜ਼ਮਾਂ ਨੂੰ ਹੁਣ 23 ਸਤੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਮਾਨਸਾ ਪੁਲੀਸ ਦੀਪਕ ਮੁੰਡੀ, ਰਾਜਿੰਦਰ ਜ਼ੋਕਰ ਅਤੇ ਕਪਿਲ ਪੰਡਿਤ ਨੂੰ ਅੱਜ ਪਹਿਲਾਂ ਰਾਜਪੁਰਾ ਤੋਂ ਮਾਨਸਾ ਲੈ ਕੇ ਆਈ ਤੇ ਸਿਵਲ ਹਸਪਤਾਲ ਤੋਂ ਡਾਕਟਰੀ ਮੁਆਇਨਾ ਕਰਵਾਉਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਵੱਲੋਂ ਇਨ੍ਹਾਂ ਤੋਂ ਵਿਸਥਾਰ ਵਿੱਚ ਪੁੱਛ-ਪੜਤਾਲ ਕੀਤੀ ਜਾਣੀ ਹਾਲੇ ਬਾਕੀ ਹੈ। ਇਸ ਤੋਂ ਇਲਾਵਾ ਕਪਿਲ ਪੰਡਿਤ ਤੋਂ ਮੁਬੰਈ ਪੁਲੀਸ ਵੱਲੋਂ ਸਲਮਾਨ ਖਾਨ ਦੀ ਰੇਕੀ ਸਬੰਧੀ ਜਾਂਚ-ਪੜਤਾਲ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਐੱਸਐੱਸਪੀ ਗੌਰਵ ਤੂਰਾ ਨੇ ਸੰਭਾਵਨਾ ਜਤਾਈ ਹੈ ਕਿ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਅਤੇ ਮਨਦੀਪ ਸਿੰਘ ਉਰਫ਼ ਤੂਫਾਨ ਤੋਂ ਮਾਨਸਾ ਦੇ ਸੀਆਈਏ ਥਾਣੇ ਵਿੱਚ ਹੀ ਪੁੱਛ-ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਰਾਜਪੁਰਾ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਪੁਲੀਸ ਨੂੰ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਦੋਵਾਂ ਵੱਲੋਂ 29 ਮਈ ਤੋਂ ਪਹਿਲਾਂ ਮੂਸੇਵਾਲਾ ਨੂੰ ਮਾਰਨ ਦੀਆਂ ਕਈ ਕੋਸ਼ਿਸਾਂ ਕੀਤੀਆਂ ਗਈਆਂ ਸਨ। ਮਾਨਸਾ ਪੁਲੀਸ ਦੇ ਇੱਕ ਅਧਿਕਾਰੀ ਮੁਤਾਬਕ ਸ਼ੁਰੂਆਤ ਵਿੱਚ, ਇਨ੍ਹਾਂ ਦੋਵੇਂ ਸ਼ੂਟਰਾਂ ਨੂੰ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦਾ ਕੰਮ ਸੌਂਪਿਆ ਗਿਆ ਸੀ । ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਲ ਲਈ 29 ਮਈ ਤੋਂ ਪਹਿਲਾਂ ਵੀ ਦੋ ਵੱਖ-ਵੱਖ ਟੀਮਾਂ ਭੇਜੀਆਂ ਸਨ।

ਗੈਂਗਸਟਰ ਮਨਦੀਪ ਤੂਫਾਨ ਨੂੰ ਪਨਾਹ ਦੇਣ ਵਾਲਾ ਕਾਬੂ

ਤਰਨ ਤਾਰਨ : ਇੱਥੇ ਥਾਣਾ ਵੈਰੋਵਾਲ ਦੀ ਪੁਲੀਸ ਨੇ ਏਐੱਸਆਈ ਅਮਰਜੀਤ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਗੈਂਗਸਟਰ ਮਨਦੀਪ ਸਿੰਘ ਉਰਫ਼ ਤੁੂਫਾਨ ਵਾਸੀ ਬਟਾਲਾ (ਗੁਰਦਾਸਪੁਰ) ਨੂੰ ਪਨਾਹ ਦੇਣ ਵਾਲੇ ਹਰਪਿੰਦਰ ਸਿੰਘ ਲਾਡੀ ਵਾਸੀ ਖੱਖ ਨੂੰ ਲੰਘੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ| ਇਸ ਸਬੰਧੀ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮਨਦੀਪ ਸਿੰਘ ਜੱਗੂ ਭਗਵਾਨਪੁਰੀਆ ਦੇ ਗੈਂਗ ਨਾਲ ਸਬੰਧਤ ਹੈ ਅਤੇ ਉਹ ਚੋਟੀ ਦੇ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਸੀ| ਉੱਧਰ, ਵੈਰੋਵਾਲ ਪੁਲੀਸ ਨੇ ਹਰਪਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।