ਮੂਸੇਵਾਲਾ ਕਤਲ: ਪੜਤਾਲੀਆ ਟੀਮ ਵੱਲੋਂ ਦੂਜੀ ਚਾਰਜਸ਼ੀਟ ਦਾਖ਼ਲ

ਮੂਸੇਵਾਲਾ ਕਤਲ: ਪੜਤਾਲੀਆ ਟੀਮ ਵੱਲੋਂ ਦੂਜੀ ਚਾਰਜਸ਼ੀਟ ਦਾਖ਼ਲ

ਦੀਪਕ ਮੁੰਡੀ ਸਣੇ 7 ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼; ਹਰਿਆਣਾ ਨਾਲ ਸਬੰਧਿਤ ਹਨ ਗੈਂਗਸਟਰ
ਮਾਨਸਾ-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਗੈਂਗਸਟਰ ਦੀਪਕ ਮੁੰਡੀ ਸਮੇਤ ਸੱਤ ਹੋਰ ਮੁਲਜ਼ਮਾਂ ਖ਼ਿਲਾਫ਼ ਦੂਜੀ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਗੈਂਗਸਟਰ ਹਰਿਆਣਾ ਨਾਲ ਜੁੜੇ ਹੋੲੇ ਹਨ। ਪੰਜਾਬ ਪੁਲੀਸ ਨੇ ਸ਼ੂਟਰ ਦੀਪਕ ਉਰਫ਼ ਮੁੰਡੀ, ਕਪਿਲ ਪੰਡਿਤ, ਰਾਜਿੰਦਰ ਜੋਕਰ, ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ, ਮਨਦੀਪ ਸਿੰਘ ਉਰਫ਼ ਤੂਫਾਨ, ਬਿੱਟੂ ਸਿੰਘ ਅਤੇ ਜਗਤਾਰ ਸਿੰਘ ਖ਼ਿਲਾਫ਼ ਪੂਰਕ ਚਾਰਜਸ਼ੀਟ ਦਾਇਰ ਕੀਤੀ ਹੈ।

ਪੁਲੀਸ ਨੇ ਚਾਰਜਸ਼ੀਟ ਦੇ ਨਾਲ ਮੁਲਜ਼ਮਾਂ ਵਿਰੁੱਧ ਵਾਧੂ ਸਬੂਤ, ਹੋਰ ਜਾਂਚ ਰਿਪੋਰਟਾਂ ਅਤੇ ਫੋਰੈਂਸਿਕ ਲੈਬਾਰਟਰੀ ਰਿਪੋਰਟਾਂ ਸਮੇਤ ਹਥਿਆਰਾਂ ਅਤੇ ਰਸਾਇਣਕ ਰਿਪੋਰਟਾਂ ਵੀ ਪੇਸ਼ ਕੀਤੀਆਂ ਹਨ। ਧਾਰਾਵਾਂ 302, 307, 341, 326, 148, 149, 427, 120-B, 109, 473, 212, 201 ਤਹਿਤ 5 ਦਸੰਬਰ ਨੂੰ ਪੂਰਕ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਿਟ ਨੇ 26 ਅਗਸਤ ਨੂੰ ਮਾਨਸਾ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਸਮੇਤ 24 ਮੁਲਜ਼ਮਾਂ ਖ਼ਿਲਾਫ਼ 1850 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।

ਜ਼ਿਕਰਯੋਗ ਹੈ ਕਿ 29 ਮਈ ਨੂੰ ਛੇ ਸ਼ੂਟਰਾਂ ਨੇ ਮੂਸੇਵਾਲਾ ਦੀ ਉਸ ਸਮੇਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਦੋਂ ਉਹ ਆਪਣੇ ਚਚੇਰੇ ਭਰਾ ਅਤੇ ਦੋਸਤ ਨਾਲ ਪਿੰਡ ਮੂਸਾ ਤੋਂ 10 ਕਿਲੋਮੀਟਰ ਦੂਰ ਮਾਨਸਾ ਦੇ ਪਿੰਡ ਜਵਾਹਰਕੇ ਲਈ ਜੀਪ ਵਿੱਚ ਜਾ ਰਿਹਾ ਸੀ। ਹੁਣ ਸਿਟ ਨੇ ਥਾਣਾ ਸਿਟੀ-1 ਮਾਨਸਾ ਵਿੱਚ ਦਰਜ ਐੱਫਆਈਆਰ ਵਿੱਚ 31 ਵਿਅਕਤੀਆਂ ਨੂੰ ਚਾਰਜਸ਼ੀਟ ਕੀਤਾ ਹੈ। ਇਨ੍ਹਾਂ ਵਿਚੋਂ 27 ਪੁਲੀਸ ਹਿਰਾਸਤ ਜਾਂ ਨਿਆਂਇਕ ਹਿਰਾਸਤ ਵਿਚ ਹਨ, ਜਦੋਂ ਕਿ 4 ਜਣੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਅਤੇ ਲਿਪਿਨ ਨਹਿਰਾ ਵਿਦੇਸ਼ਾਂ ਵਿੱਚ ਹਨ। ਸਚਿਨ ਅਤੇ ਅਨਮੋਲ ਨੂੰ ਕ੍ਰਮਵਾਰ ਅਜ਼ਰਬਾਇਜਾਨ ਅਤੇ ਕੀਨੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਪੰਜਾਬ ਪੁਲੀਸ ਉਨ੍ਹਾਂ ਦੀ ਹਵਾਲਗੀ ਲਈ ਕਾਰਵਾਈ ਕਰ ਰਹੀ ਹੈ। ਅੰਮ੍ਰਿਤਸਰ ਵਿੱਚ ਪੁਲੀਸ ਮੁਕਾਬਲੇ ਵਿੱਚ ਦੋ ਸ਼ੂਟਰ ਮਨਪ੍ਰੀਤ ਸਿੰਘ ਮੰਨੂ ਅਤੇ ਜਗਰੂਪ ਸਿੰਘ ਰੂਪਾ ਮਾਰੇ ਗਏ ਸਨ। ਮਾਨਸਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੂਸੇਵਾਲਾ ਕਤਲ ਕੇਸ ਵਿੱਚ ਅਦਾਲਤ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ‘ਕੁਝ ਮੁਲਜ਼ਮਾਂ ਵਿਰੁੱਧ ਜਾਂਚ ਪੂਰੀ ਕਰਨ ਤੋਂ ਬਾਅਦ ਅਦਾਲਤ ਵਿੱਚ ਹੋਰ ਦਸਤਾਵੇਜ਼ਾਂ ਅਤੇ ਰਿਪੋਰਟਾਂ ਦੇ ਨਾਲ ਚਾਰਜਸ਼ੀਟ ਦਾਇਰ ਕੀਤੀ ਗਈ।’ ਉਨ੍ਹਾਂ ਕਿਹਾ ਕਿ ਫਰਾਰ ਵਿਅਕਤੀਆਂ ਖ਼ਿਲਾਫ਼ ਮੁਕੱਦਮੇ ਦੀ ਕਾਰਵਾਈ ਕਰ ਰਹੇ ਹਾਂ ਅਤੇ ਮਾਮਲੇ ਦੀ ਜਾਂਚ ਜਾਰੀ ਹੈ।