ਮੂਸੇਵਾਲਾ ਕਤਲ ਕਾਂਡ-ਥਾਪਨ ਅਤੇ ਲਾਰੈਂਸ ਦੇ ਭਰਾ ਨੇੜੇ ਪੁੱਜੀਆਂ ਏਜੰਸੀਆਂ

ਥਾਪਨ ਦੀ ਅਜ਼ਰਬਾਇਜਾਨ ਤੋਂ ਹਵਾਲਗੀ ਦਾ ਅਮਲ ਸ਼ੁਰੂ

ਚੰਡੀਗੜ੍ਹ-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ’ਚ ਪੰਜਾਬ ਪੁਲੀਸ ਨੂੰ ਦੋ ਮੁਲਜ਼ਮਾਂ ਦੇ ਵਿਦੇਸ਼ ’ਚ ਟਿਕਾਣਿਆਂ ਦੀ ਸੂਹ ਮਿਲੀ ਹੈ। ਗੈਂਗਸਟਰ ਸਚਿਨ ਥਾਪਨ ਦੇ ਅਜ਼ਰਬਾਇਜਾਨ ਅਤੇ ਅਨਮੋਲ ਬਿਸ਼ਨੋਈ ਦੇ ਕੀਨੀਆ ’ਚ ਹੋਣ ਦੀ ਪੁਖ਼ਤਾ ਜਾਣਕਾਰੀ ਹੱਥ ਲੱਗੀ ਹੈ। ਦੋਵੇਂ ਗੈਂਗਸਟਰ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਪਹਿਲਾਂ ਹੀ ਫਰਜ਼ੀ ਪਾਸਪੋਰਟਾਂ ’ਤੇ ਬਾਹਰ ਚਲੇ ਗਏ ਸਨ। ਸੂਤਰਾਂ ਮੁਤਾਬਕ ਪੰਜਾਬ ਪੁਲੀਸ ਅਤੇ ਵਿਦੇਸ਼ ਮੰਤਰਾਲਾ ਸਚਿਨ ਥਾਪਨ ਦੀ ਹਵਾਲਗੀ ਦੇ ਤੇਜ਼ੀ ਨਾਲ ਯਤਨ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਪੰਜਾਬ ਪੁਲੀਸ ਤੋਂ ਮੁਲਜ਼ਮਾਂ ਦੇ ਵੇਰਵੇ, ਅਪਰਾਧਿਕ ਘਟਨਾਵਾਂ ’ਚ ਸ਼ਮੂਲੀਅਤ, ਗ੍ਰਿਫ਼ਤਾਰੀ ਵਾਰੰਟ ਅਤੇ ਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਕਾਰੀ ਮੰਗੀ ਹੈ। ਉਧਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਕੀਨੀਆ ’ਚ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲੀਸ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਪ੍ਰਮੋਦ ਬਾਨ ਦੀ ਅਗਵਾਈ ਹੇਠਲੀ ਐਂਟੀ ਗੈਂਗਸਟਰ ਟਾਸਕ ਫੋਰਸ, ਜਿਸ ’ਚ ਏਆਈਜੀ ਗੁਰਮੀਤ ਚੌਹਾਨ ਅਤੇ ਡੀਐੱਸਪੀ ਬਿਕਰਮਜੀਤ ਬਰਾੜ ਵੀ ਸ਼ਾਮਲ ਹਨ, ਨੇ ਭਗੌੜਿਆਂ ਦੀ ਸੂਹ ਲਾਈ ਹੈ।
ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਮਾਨਸਾ ਪੁਲੀਸ ਸਚਿਨ ਦੀ ਹਵਾਲਗੀ ਲਈ ਦਸਤਾਵੇਜ਼ ਤਿਆਰ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੀ ਹੱਤਿਆ ਕਰਾਉਣ ’ਚ ਵਿਦੇਸ਼ ’ਚ ਬੈਠੇ ਚਾਰ ਗੈਂਗਸਟਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਸੀ। ਇਨ੍ਹਾਂ ’ਚ ਸਚਿਨ ਅਤੇ ਅਨਮੋਲ ਬਿਸ਼ਨੋਈ ਤੋਂ ਇਲਾਵਾ ਗੋਲਡੀ ਬਰਾੜ ਤੇ ਲਿਪਿਲ ਨਹਿਰਾ ਦੇ ਨਾਮ ਸ਼ਾਮਲ ਹਨ। ਗੈਂਗਸਟਰ ਗੋਲਡੀ ਬਰਾੜ ਨੇ ਹੱਤਿਆ ਦੀ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਲਈ ਸੀ ਜਦਕਿ ਸਚਿਨ ਨੇ ਬਾਅਦ ’ਚ ਪੋਸਟ ਪਾ ਕੇ ਅਤੇ ਮੀਡੀਆ ਨੂੰ ਇੰਟਰਵਿਊ ਦੇ ਕੇ ਮੂਸੇਵਾਲਾ ਦੀ ਹੱਤਿਆ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਸੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਆਪਣੇ ਭਰਾ ਅਨਮੋਲ ਬਿਸ਼ਨੋਈ ਅਤੇ ਨੇੜਲੇ ਸਾਥੀ ਸਚਿਨ ਥਾਪਨ ਨੂੰ ਬਚਾਉਣ ਲਈ ਫਰਜ਼ੀ ਪਾਸਪੋਰਟਾਂ ਦਾ ਪ੍ਰਬੰਧ ਕੀਤਾ ਸੀ। ਫਰਜ਼ੀ ਵੇਰਵਿਆਂ ਦੇ ਆਧਾਰ ’ਤੇ ਬਣੇ ਪਾਸਪੋਰਟ ਖੇਤਰੀ ਪਾਸਪੋਰਟ ਦਫ਼ਤਰ ਦਿੱਲੀ ਵੱਲੋਂ ਜਾਰੀ ਕੀਤੇ ਗਏ ਸਨ। ਲਾਰੈਂਸ ਨੇ ਦੋਹਾਂ ਨੂੰ ਵਿਦੇਸ਼ ਭਿਜਵਾ ਦਿੱਤਾ ਸੀ ਤਾਂ ਜੋ ਉਹ ਭਾਰਤ ’ਚ ਜੁਰਮ ਦੀ ਦੁਨੀਆ ਨੂੰ ਉਥੋਂ ਬਿਨਾਂ ਰੋਕ-ਟੋਕ ਦੇ ਚਲਾ ਸਕਣ। ਜ਼ਿਕਰਯੋਗ ਹੈ ਕਿ ਅਨਮੋਲ ਬਿਸ਼ਨੋਈ ’ਤੇ 18 ਕੇਸ ਦਰਜ ਹਨ ਅਤੇ ਉਹ ਪਿਛਲੇ ਸਾਲ 7 ਅਕਤੂਬਰ ਨੂੰ ਜੋਧਪੁਰ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਇਸੇ ਤਰ੍ਹਾਂ ਸਚਿਨ ਥਾਪਨ ਖ਼ਿਲਾਫ਼ 12 ਕੇਸ ਦਰਜ ਹਨ।