ਮੁੱਖ ਮੰਤਰੀ ਵੱਲੋਂ 410 ਹਾਈ-ਟੈੱਕ ਪੁਲੀਸ ਵਾਹਨਾਂ ਨੂੰ ਹਰੀ ਝੰਡੀ

ਮੁੱਖ ਮੰਤਰੀ ਵੱਲੋਂ 410 ਹਾਈ-ਟੈੱਕ ਪੁਲੀਸ ਵਾਹਨਾਂ ਨੂੰ ਹਰੀ ਝੰਡੀ

ਭਗਵੰਤ ਮਾਨ ਵੱਲੋਂ ਨਵੇਂ ਵਾਹਨ ਥਾਣਾ ਮੁਖੀਆਂ ਨੂੰ ਦੇਣ ਦਾ ਐਲਾਨ; ਫੌਤ ਹੋ ਚੁੱਕੇ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਚੈੱਕ ਸੌਂਪੇ

ਫਿਲੌਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੋਂ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ਵਿੱਚ 410 ਨਵੇਂ ਹਾਈ-ਟੈੱਕ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੀ ਵਾਰ ਥਾਣਾ ਮੁਖੀਆਂ ਨੂੰ ਨਵੇਂ ਵਾਹਨ ਦਿੱਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਨਵੇਂ ਵਾਹਨ ਸਿਰਫ਼ ਉੱਚ ਅਧਿਕਾਰੀਆਂ ਨੂੰ ਦਿੱਤੇ ਜਾਂਦੇ ਸਨ। ਇਨ੍ਹਾਂ ਵਾਹਨਾਂ ਵਿੱਚ ਜ਼ਿਲ੍ਹਿਆਂ ਦੇ ਥਾਣਿਆਂ ਦੇ ਐੱਸਐੱਚਓਜ਼ ਲਈ 315 ਗੱਡੀਆਂ ਸ਼ਾਮਲ ਹਨ। ਇਨ੍ਹਾਂ ਵਿੱਚ 274 ਮਹਿੰਦਰਾ ਸਕਾਰਪੀਓ ਅਤੇ 41 ਇਸੁਜ਼ੂ ਹਾਈ ਲੈਂਡਰ ਸ਼ਾਮਲ ਹਨ। ਔਰਤਾਂ ਦੀ ਸੁਰੱਖਿਆ ਲਈ 71 ਕੀਆ ਕੇਰੇਂਸ ਅਤੇ 24 ਟਾਟਾ ਟਿਆਗੋ ਈਵੀ ਵੀ ਦਿੱਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਨੇ ਪੰਦਰਵਾੜੇ ਦੇ ਅੰਦਰ ਮੌਤ ਦਰ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਔਸਤਨ 17 ਮੌਤਾਂ ਪ੍ਰਤੀ ਦਿਨ ਹੁੰਦੀਆਂ ਸਨ, ਜਦਕਿ ਇਕ ਫਰਵਰੀ ਨੂੰ ਜਦੋਂ ਤੋਂ ਇਸ ਫੋਰਸ ਨੂੰ ਸੜਕਾਂ ਉਤੇ ਤਾਇਨਾਤ ਕੀਤਾ ਗਿਆ ਹੈ, ਤੋਂ ਲੈ ਕੇ 15 ਦਿਨਾਂ ਦੇ ਅੰਦਰ 13 ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਹਿਫਾਜ਼ਤ ਲਈ ਅੱਠ ਵਿਸ਼ੇਸ਼ ਮਹਿਲਾ ਥਾਣੇ ਬਣਾਏ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਛੇਤੀ ਹੀ ਨਸ਼ਾ ਮੁਕਤ ਸੂਬਾ ਬਣ ਜਾਵੇਗਾ ਕਿਉਂਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੇ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਰਕਾਰ ਨੇ ‘ਗੁਲਦਸਤਾ’ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੌਰਾਨ ਉਨ੍ਹਾਂ ਏਐੱਸਆਈ ਹਰਦੇਵ ਸਿੰਘ, ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਸ਼ਾਲੂ ਰਾਣਾ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ। ਇਨ੍ਹਾਂ ਤਿੰਨਾਂ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਦੌਰਾਨ ਵਾਪਰੇ ਹਾਦਸੇ ਵਿੱਚ ਮੌਤ ਹੋ ਗਈ ਸੀ।