ਮੁੱਖ ਮੰਤਰੀ ਵੱਲੋਂ ਸੰਤ ਅਤਰ ਸਿੰਘ ਮੈਡੀਕਲ ਕਾਲਜ ਦਾ ਨੀਂਹ ਪੱਥਰ

ਮੁੱਖ ਮੰਤਰੀ ਵੱਲੋਂ ਸੰਤ ਅਤਰ ਸਿੰਘ ਮੈਡੀਕਲ ਕਾਲਜ ਦਾ ਨੀਂਹ ਪੱਥਰ

345 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾਵੇਗੀ ਇਮਾਰਤ

ਮਸਤੂਆਣਾ ਸਾਹਿਬ – ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦਾ ਨੀਂਹ ਪੱਥਰ ਰੱਖਿਆ। 25 ਏਕੜ ਵਿੱਚ ਬਣਨ ਵਾਲੇ ਇਸ ਮੈਡੀਕਲ ਇੰਸਟੀਚਿਊਟ ’ਤੇ ਤਕਰੀਬਨ 345 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੈਡੀਕਲ ਇੰਸਟੀਚਿਊਟ ਪੰਜਾਬ ਖ਼ਾਸ ਤੌਰ ’ਤੇ ਮਾਲਵਾ ਖਿੱਤੇ ਵਿੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਏਗਾ।

ਸ੍ਰੀ ਮਾਨ ਨੇ ਕਿਹਾ ਕਿ ਦੇਸ਼ ਦੇ ਅੱਵਲ ਦਰਜੇ ਦੇ ਇਸ ਕਾਲਜ ਵਿਚ ਅਪਰੈਲ 2023 ਤੋਂ ਜਮਾਤਾਂ ਸ਼ੁਰੂ ਹੋ ਜਾਣਗੀਆਂ। ਕਾਲਜ ਵਿੱਚ 75 ਦੇ ਕਰੀਬ ਵਿਦਿਆਰਥੀ ਦਾਖ਼ਲਾ ਲੈ ਸਕਣਗੇ, ਜਿਸ ’ਚੋਂ ਕੁਝ ਸੀਟਾਂ ਇਲਾਕੇ ਦੇ ਵਿਦਿਆਰਥੀਆਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਅਕਾਦਮਿਕ ਬਲਾਕ ਤੋਂ ਇਲਾਵਾ ਸੰਗਰੂਰ ਦੇ ਮੌਜੂਦਾ ਸਿਵਲ ਹਸਪਤਾਲ ਨੂੰ 220 ਬਿਸਤਰਿਆਂ ਤੋਂ ਅਪਗਰੇਡ ਕਰ ਕੇ 360 ਬਿਸਤਰਿਆਂ ਵਾਲਾ ਕਰਨ, ਨਰਸਿੰਗ ਸਕੂਲ ਦਾ ਨਿਰਮਾਣ, ਸੀਨੀਅਰ, ਜੂਨੀਅਰ ਲੜਕਿਆਂ ਤੇ ਲੜਕੀਆਂ ਦੇ ਵੱਖਰੇ ਹੋਸਟਲ, ਵਿਦਿਆਰਥੀਆਂ ਲਈ ਖੇਡ ਟਰੈਕ ਤੇ ਪੈਵੇਲੀਅਨ, ਸਹਾਇਕ ਗਤੀਵਿਧੀਆਂ ਲਈ ਓਪਨ ਏਅਰ ਥੀਏਟਰ, ਸਟਾਫ ਲਈ ਰਿਹਾਇਸ਼ ਤੇ ਸ਼ਾਪਿੰਗ ਕੰਪਲੈਕਸ ਵਰਗੀਆਂ ਸਹੂਲਤਾਂ ਵੀ ਸ਼ਾਮਲ ਹੋਣਗੀਆਂ। ਉਨ੍ਹਾਂ ਸਰਕਾਰ ਨੂੰ ਜ਼ਮੀਨ ਦੇਣ ਲਈ ਗੁਰਦੁਆਰਾ ਮਸਤੂਆਣਾ ਸਾਹਿਬ ਟਰੱਸਟ ਦਾ ਵਿਸ਼ੇਸ਼ ਧੰਨਵਾਦ ਕੀਤਾ।

ਸ੍ਰੀ ਮਾਨ ਨੇ ਕਿਹਾ ਕਿ ਪੈਨਸ਼ਨਾਂ ਦੀ ਅਦਾਇਗੀ ਲਾਭਪਾਤਰੀਆਂ ਨੂੰ ਸਿੱਧੀ ਉਨ੍ਹਾਂ ਦੇ ਘਰਾਂ ਵਿੱਚ ਹੋਵੇਗੀ। ਇਸੇ ਤਰ੍ਹਾਂ ਆਟਾ-ਦਾਲ ਵੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਗੁਰਦੁਆਰਾ ਗੁਰਸਾਗਰ ਸਾਹਿਬ ਅਤੇ ਗੁਰਦੁਆਰਾ ਅੰਗੀਠਾ ਸਾਹਿਬ ਨਤਮਸਤਕ ਹੋਏ।

ਧੂਰੀ : ਇਥੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜੰਗਲਾਤ ਵਿਭਾਗ ਵੱਲੋਂ ਵਣ ਮਹਾਉਤਸਵ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਮਨੁੱਖ ਦੀ ਸਿਹਤ ਅਤੇ ਵਾਤਾਵਰਨ ਲਈ ਮਾਰੂ ਦੱਸਦਿਆਂ ਕਿਹਾ ਕਿ ਇਸ ਦੀ ਵਰਤੋਂ ’ਤੇ ਰੋਕ ਲਗਾਉਣਾ ਮਨੁੱਖਤਾ ਦੇ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ 75 ਮੁਹੱਲਾ ਕਲੀਨਿਕ ਲੋਕਾਂ ਨੂੰ ਸੌਂਪ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ ਅਤੇ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਵੇਗਾ ਤਾਂ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕਰੇਨ ਵਰਗੇ ਮੁਲਕਾਂ ਵਿੱਚ ਨਾ ਜਾਣਾ ਪਵੇ। ਉਨ੍ਹਾਂ ਬਾਦਲਾਂ ’ਤੇ ਵਰ੍ਹਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਾਂਝ ਕੇਂਦਰਾਂ ਨੂੰ ਆਪਣੇ ਬਣਾਏ ਦੱਸ ਰਿਹਾ ਹੈ ਜਦੋਂਕਿ ਇਹ ਬਾਦਲਾਂ ਦੀ ਨਿੱਜੀ ਜਗੀਰ ਨਹੀਂ। ਇਹ ਇਮਾਰਤਾਂ ਸੂਬੇ ਦੇ ਲੋਕਾਂ ਦੇ ਟੈਕਸਾਂ ਦੇ ਪੈਸਿਆਂ ਨਾਲ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਜੁਲਾਈ ਤੋਂ ਹਰ ਵਰਗ ਦੇ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ ਮਿਲਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਹੁਣ ਬੈਂਕਾਂ ਦੀ ਬਜਾਏ ਇੱਕ ਨਿੱਜੀ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਬਜ਼ੁਰਗਾਂ ਨੂੰ ਘਰ-ਘਰ ਜਾ ਕੇ ਵੰਡੀ ਜਾਵੇਗੀ ਅਤੇ ਪੈਨਸ਼ਨ ਦਾ ਪੈਸਾ ਲਾਭਪਾਤਰੀਆਂ ਨੂੰ ਹੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੀ ਆਰਸੀ ਦਾ ਸਾਰਾ ਕੰਮ ਵਾਹਨ ਡੀਲਰਾਂ ਦੇ ਸ਼ੋਅਰੂਮਾਂ ’ਤੇ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਲਰਨਿੰਗ ਲਾਇਸੈਂਸ ਆਨਲਾਈਨ ਹੀ ਬਣਨਗੇ।

ਨਾਜਾਇਜ਼ ਬਣਾਏ ਨੀਲੇ ਕਾਰਡ ਆਪੇ ਕਟਵਾਉਣਗੇ ‘ਵੱਡੇ’ ਘਰਾਂ ਦੇ ਲੋਕ
ਧੂਰੀ: ਆਟਾ-ਦਾਲ ਸਕੀਮ ਨੂੰ ਘਰ-ਘਰ ਵੰਡਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਿੱਜੀ ਕੰਪਨੀ ਦੀ ਗੱਡੀ ਜਦੋਂ ਰੱਜੇ-ਪੁੱਜੇ ਪਰਿਵਾਰਾਂ ਦੇ ਦਰਵਾਜ਼ੇ ਅੱਗੇ ਹੋਕਾ ਦੇ ਕੇ ਆਟਾ-ਦਾਲ ਲੈਣ ਲਈ ਆਵਾਜ਼ ਲਗਾਏਗੀ ਤਾਂ ਕਈ ਸਰਮਾਏਦਾਰ ਲੋਕ ਆਪਣੇ ਨਾਮ ਦੇ ਬਣੇ ਨੀਲੇ ਕਾਰਡ ਕਟਵਾਉਣ ਲਈ ਮਜਬੂਰ ਹੋ ਜਾਣਗੇ। ਆਟਾ-ਦਾਲ ਸਕੀਮ ਲਈ ਵੀ ਲਾਭਪਾਤਰੀਆਂ ਦੀ ਮਰਜ਼ੀ ਹੋਵੇਗੀ ਕਿ ਉਹ ਕਣਕ ਜਾਂ ਆਟੇ ਵਿੱਚੋਂ ਕਿਹੜੀ ਚੀਜ਼ ਲੈਣਾ ਪਸੰਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਨਿੱਜੀ ਕੰਪਨੀ ਵਲੋਂ ਘਰ-ਘਰ ਆਟਾ-ਦਾਲ ਪੁੱਜਦੀ ਕੀਤੀ ਜਾਵੇਗੀ।