ਮੁੱਖ ਮੰਤਰੀ ਨੇ ਸ਼ਹੀਦ ਮਨਪ੍ਰੀਤ ਅਤੇ ਪਰਦੀਪ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ

ਮੁੱਖ ਮੰਤਰੀ ਨੇ ਸ਼ਹੀਦ ਮਨਪ੍ਰੀਤ ਅਤੇ ਪਰਦੀਪ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ

ਮੁੱਲਾਂਪੁਰ ਗਰੀਬਦਾਸ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਿੰਡ ਭੜੌਜੀਆਂ ਵਿੱਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਅਨੰਤਨਾਗ ਖੇਤਰ ਵਿੱਚ ਅਤਿਵਾਦੀਆਂ ਖ਼ਿਲਾਫ਼ ਚਲਾਏ ਜਾ ਰਹੇ ਅਪਰੇਸ਼ਨ ਦੌਰਾਨ 19 ਰਾਈਫਲ ਫੌਜ ਦੇ ਕਰਨਲ ਮਨਪ੍ਰੀਤ ਸਿੰਘ (41) 13 ਸਤੰਬਰ ਨੂੰ ਸ਼ਹੀਦੀ ਪ੍ਰਾਪਤ ਕਰ ਗਏ ਸਨ। ਅੱਜ ਪਿੰਡ ਭੜੌਜੀਆਂ ਵਿੱਚ ਦੁਪਹਿਰ ਕਰੀਬ 2 ਵੱਜ ਕੇ 10 ਮਿੰਟ ਤੋਂ ਲੈ ਕੇ ਪੌਣੇ ਤਿੰਨ ਵਜੇ ਤੱਕ ਮੁੱਖ ਮੰਤਰੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਰਹੇ। ਪਰਿਵਾਰ ਅਨੁਸਾਰ 24 ਸਤੰਬਰ ਨੂੰ ਪਿੰਡ ਭੜੌਜੀਆਂ ਵਿੱਚ ਦੁਪਹਿਰ ਵੇਲੇ ਸ਼ਹੀਦ ਨਮਿਤ ਅੰਤਿਮ ਅਰਦਾਸ ਹੋਵੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਸ਼ਹੀਦ ਦੇ ਪਰਿਵਾਰ ਨਾਲ ਹਮੇਸ਼ਾ ਚਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨਾ, ਮਾਣ ਸਨਮਾਨ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸ਼ਹੀਦ ਦੇ ਛੋਟੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਫਿਲਹਾਲ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦਾ ਚੈਕ ਦਿੱਤਾ ਗਿਆ ਹੈ,ਜਿਸ ਵਿੱਚੋਂ ਸ਼ਹੀਦ ਦੀ ਪਤਨੀ ਬੀਬੀ ਜਗਮੀਤ ਕੌਰ ਗਰੇਵਾਲ ਨੂੰ 60 ਲੱਖ ਅਤੇ ਮਾਤਾ ਮਨਜੀਤ ਕੌਰ ਨੂੰ 40 ਲੱਖ ਰੁਪਏ ਮਿਲਣਗੇ।

ਇਸ ਮੌਕੇ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ ਨੇ ਪਿੰਡ ਦੇ ਪੰਜਵੀਂ ਜਮਾਤ ਤੱਕ ਦੇ ਸਕੂਲ ਨੂੰ ਅੱਪਗਰੇਡ ਕਰਨ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਤੁਰੰਤ ਕਿਹਾ ਕਿ ਸਕੂਲ ਅੱਪਗਰੇਡ ਕਰਕੇ ਸ਼ਹੀਦ ਦੇ ਨਾਮ ਉਤੇ ਰੱਖਿਆ ਜਾਵੇਗਾ ਅਤੇ ਇਲਾਕੇ ਦੀ ਮੁੱਖ ਸੜਕ ਦਾ ਨਾਮ ਵੀ ਸ਼ਹੀਦ ਦੇ ਨਾਮ ’ਤੇ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਬਾਕੀ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਬਣਦੀਆਂ ਹੋਰ ਵੀ ਸਹੂਲਤਾਂ ਮੁਹੱਈਆ ਕਰਾਵਾਂਗੇ। ਇਸ ਮੌਕੇ ਸ਼ਹੀਦ ਦੀ ਪਤਨੀ ਬੀਬੀ ਜਗਮੀਤ ਕੌਰ, ਪੁੱਤਰ ਕਬੀਰ, ਧੀ, ਮਾਤਾ ਮਨਜੀਤ ਕੌਰ, ਭੈਣ ਸੰਦੀਪ ਕੌਰ, ਰੋਪੜ ਤੇ ਮੁਹਾਲੀ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ, ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ, ਡੀਸੀ ਬੀਬੀ ਆਸ਼ਿਕਾ ਜੈਨ ਹਾਜ਼ਰ ਸਨ।

ਸਮਾਣਾ : ਇੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਨੰਤਨਾਗ (ਜੰਮੂ-ਕਸ਼ਮੀਰ) ਵਿੱਚ ਅਤਿਵਾਦੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਸ਼ਹੀਦ ਹੋਏ ਪਰਦੀਪ ਸਿੰਘ ਦੇ ਜੱਦੀ ਘਰ ਪਿੰਡ ਬੱਲਮਗੜ੍ਹ ਪੁੱਜੇ। ਮੁੱਖ ਮੰਤਰੀ ਨੇ ਕਿਹਾ ਕਿ ਫੌਜੀ ਨੌਜਵਾਨ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਆਪਣਾ ਫਰਜ਼ ਨਿਭਾਉਂਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਅਪਰੇਸ਼ਨ ਦੌਰਾਨ ਪੰਜਾਬ ਦੇ ਦੋ ਬਹਾਦਰ ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਦੇਸ਼ ਅਤੇ ਵਿਸ਼ੇਸ਼ ਕਰਕੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੁੱਖ ਮੰਤਰੀ ਨੇ ਪਰਿਵਾਰਕ ਮੈਂਬਰਾਂ ਨੂੰ ਵਿੱਤੀ ਸਹਾਇਤਾ ਵਜੋਂ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ਉਨ੍ਹਾਂ ਨਾਲ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਮੌਜੂਦ ਸਨ।