ਮੁੱਖ ਮੰਤਰੀ ਨੇ ਲੋੜ ਵੇਲੇ ਪੰਜਾਬੀਆਂ ਨੂੰ ਛੱਡਿਆ: ਬਾਦਲ

ਮੁੱਖ ਮੰਤਰੀ ਨੇ ਲੋੜ ਵੇਲੇ ਪੰਜਾਬੀਆਂ ਨੂੰ ਛੱਡਿਆ: ਬਾਦਲ

ਜਲਾਲਾਬਾਦ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਸੰਕਟ ਵੇਲੇ ਪੰਜਾਬੀਆਂ ਦੀ ਬਾਂਹ ਫੜਨ ਦੀ ਥਾਂ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਕੇ ਆਪਣੇ ਸਿਆਸੀ ਆਕਾ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਵਾਲੇ ਰਾਜਾਂ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਗੇੜੇ ਲੁਆਉਣ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਨੂੰ ਰੈਗੂਲੇਟ ਕਰਨ ਵਿਚ ਕੋਈ ਭੂਮਿਕਾ ਨਹੀਂ ਨਿਭਾਈ ਜਿਸ ਕਾਰਨ ਪੰਜਾਬ ਵਿਚ ਹੜ੍ਹ ਆਏ। ਉਨ੍ਹਾਂ ਜਲਾਲਾਬਾਦ, ਫਾਜ਼ਿਲਕਾ ਤੇ ਫਿਰੋਜ਼ਪੁਰ ਹਲਕਿਆਂ ਦੇ ਹੜ੍ਹ ਮਾਰੇ ਹਲਕਿਆਂ ਗੁਰੂ ਹਰਸਹਾਏ ਹਲਕਿਆਂ ਦਾ ਦੌਰਾ ਕੀਤਾ ਤੇ 8 ਬੇੜੇ, ਪਸ਼ੂਆਂ ਲਈ ਚਾਰਾ ਤੇ ਪਲਾਸਟਿਕ ਸ਼ੀਟਾਂ ਦਾਨ ਕੀਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਇਹ ਹੜ੍ਹ ਮਨੁੱਖ ਦੇ ਸਹੇੜੇ ਹੋਏ ਹਨ ਤੇ ‘ਆਪ’ ਸਰਕਾਰ ਵੱਲੋਂ ਭਾਖੜਾ ਤੇ ਪੌਂਗ ਡੈਮ ਤੋਂ ਛੱਡੇ ਗਏ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਕਰਨ ’ਤੇ ਆਏ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨਾਲ ਤਾਲਮੇਲ ਨਹੀਂ ਕੀਤਾ ਤੇ ਇਹ ਯਕੀਨੀ ਨਹੀਂ ਬਣਾਇਆ ਕਿ ਡੈਮਾਂ ਵਿਚੋਂ ਪਾਣੀ ਹੌਲੀ-ਹੌਲੀ ਤੇ ਨਿਰੰਤਰ ਛੱਡਿਆ ਜਾਂਦਾ। ਉਨ੍ਹਾਂ ਕਿਹਾ ਕਿ ਹੜ੍ਹ ਮਾਰੇ ਪਿੰਡਾਂ ਦਾ ਦੌਰਾ ਕਰਨ ਦੀ ਥਾਂ ਮੁੱਖ ਮੰਤਰੀ ਨੇ ਆਪਣੇ ਸਿਆਸੀ ਆਕਾ ਅਰਵਿੰਦ ਕੇਜਰੀਵਾਲ ਨੂੰ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਲੈ ਕੇ ਜਾਣ ਨੂੰ ਤਰਜੀਹ ਦਿੱਤੀ।