ਮੁੱਖ ਮੰਤਰੀ ਨੇ ਪੱਲੇਦਾਰੀ ਕਰਨ ਵਾਲੇ ਕੌਮੀ ਖਿਡਾਰੀ ਨੂੰ ਕੋਚ ਬਣਾਇਆ

ਮੁੱਖ ਮੰਤਰੀ ਨੇ ਪੱਲੇਦਾਰੀ ਕਰਨ ਵਾਲੇ ਕੌਮੀ ਖਿਡਾਰੀ ਨੂੰ ਕੋਚ ਬਣਾਇਆ

ਕੋਟਕਪੂਰਾ- ਸਰਕਾਰੀ ਅਣਦੇਖੀ ਦਾ ਸ਼ਿਕਾਰ ਹੋ ਕੇ ਫ਼ਰੀਦਕੋਟ ਦੀ ਅਨਾਜ ਮੰਡੀ ਵਿੱਚ ਬੋਰੀਆਂ ਢੋਣ ਲਈ ਮਜਬੂਰ ਹਾਕੀ ਦਾ ਕੌਮੀ ਖਿਡਾਰੀ ਪਰਮਜੀਤ ਸਿੰਘ ਹੁਣ ਨਵੇਂ ਖਿਡਾਰੀਆਂ ਨੂੰ ਹਾਕੀ ਦੇ ਗੁਰ ਸਿਖਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਆਸ ਜਤਾਈ ਹੈ ਕਿ ਪਰਮਜੀਤ ਆਉਣ ਵਾਲੇ ਸਮੇਂ ਵਿੱਚ ਦੇਸ਼ ਨੂੰ ਹੁਨਰਮੰਦ ਖਿਡਾਰੀ ਤਿਆਰ ਕਰਕੇ ਦੇਵੇਗਾ। ਜ਼ਿਕਰਯੋਗ ਹੈ ਕਿ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਪਰਮਜੀਤ ਵੱਲੋਂ ਮਜਬੂਰੀ ਵਿੱਚ ਫਰੀਦਕੋਟ ਮੰਡੀ ਵਿੱਚ ਪੱਲੇਦਾਰੀ ਕਰਨ ਸਬੰਧੀ ਖ਼ਬਰਾਂ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਨਸ਼ਰ ਕੀਤੀਆਂ ਗਈਆਂ ਸਨ, ਜਿਸ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਮਜੀਤ ਸਿੰਘ ਨੂੰ ਚੰਡੀਗੜ੍ਹ ਸੱਦ ਕੇ ਮੀਟਿੰਗ ਕੀਤੀ ਤੇ ਉਸ ਨੂੰ ਖੇਡ ਵਿਭਾਗ ਵਿੱਚ ਕੋਚ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਛੇਤੀ ਹੀ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪਰਮਜੀਤ ਨੂੰ ਉਸ ਵੱਲੋਂ ਖੇਡੀ ਗਈ ਬਾਕਮਾਲ ਖੇਡ ਦੀ ਬਦੌਲਤ ਬਣਦਾ ਰੁਤਬਾ ਤੇ ਮਾਣ-ਸਨਮਾਨ ਦਿੱਤਾ ਜਾਵੇਗਾ। ਸਰਕਾਰ ਦੇ ਇਸ ਫ਼ੈਸਲੇ ’ਤੇ ਪਰਮਜੀਤ ਸਿੰਘ ਤੇ ਉਸ ਦਾ ਪਰਿਵਾਰ ਬੇਹੱਦ ਖੁਸ਼ ਹੈ।