ਮੁੱਖ ਮੰਤਰੀ ਦੀ ਚਾਹ ਪਾਰਟੀ ’ਚ ਸਾਦੇ ਵਿਆਹਾਂ ਬਾਰੇ ਚਰਚਾ

ਮੁੱਖ ਮੰਤਰੀ ਦੀ ਚਾਹ ਪਾਰਟੀ ’ਚ ਸਾਦੇ ਵਿਆਹਾਂ ਬਾਰੇ ਚਰਚਾ

ਭਗਵੰਤ ਮਾਨ ਨੇ ਵਜ਼ੀਰਾਂ ਨਾਲ ਖੁਸ਼ੀ ਸਾਂਝੀ ਕੀਤੀ; ਵਿਆਹਾਂ ’ਚ ਫਜ਼ੂਲ ਖਰਚੀ ਰੋਕਣ ’ਤੇ ਦਿੱਤਾ ਜ਼ੋਰ
ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਸਰਕਾਰੀ ਰਿਹਾਇਸ਼ ’ਤੇ ਕੈਬਨਿਟ ਮੰਤਰੀਆਂ ਦੀ ਟਹਿਲ ਸੇਵਾ ਕੀਤੀ। ਮੁੱਖ ਮੰਤਰੀ ਵੱਲੋਂ ਵਿਆਹ ਦੀ ਖੁਸ਼ੀ ਸਾਂਝੀ ਕਰਨ ਲਈ ਸਾਰੇ ਵਜ਼ੀਰਾਂ ਨੂੰ ਚਾਹ ਪਾਰਟੀ ਦਾ ਸੱਦਾ ਦਿੱਤਾ ਗਿਆ ਸੀ। ਅੱਜ ਕੈਬਨਿਟ ਦੇ ਸਾਰੇ 14 ਵਜ਼ੀਰਾਂ ਨੇ ਇਸ ਚਾਹ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਹ ਪਾਰਟੀ ਸਵੇਰੇ ਕਰੀਬ 11 ਵਜੇ ਸ਼ੁਰੂ ਹੋਈ ਤੇ ਬਾਅਦ ਦੁਪਹਿਰ 1.30 ਵਜੇ ਤੱਕ ਚੱਲੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਵੀ ਇਸ ਮੌਕੇ ਸ਼ਾਮਲ ਹੋਏ। ਚਾਹ ਪਾਰਟੀ ਵਿੱਚ ਮੁੱਖ ਮੰਤਰੀ ਮਾਨ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੋਂ ਇਲਾਵਾ ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਹਾਜ਼ਰ ਸਨ। ਇਸ ਮੌਕੇ ਪੰਜਾਬ ਵਿਚਲੇ ਸਾਦੇ ਵਿਆਹਾਂ ਦੀ ਪੁਰਾਣੀ ਰਵਾਇਤ ਅਤੇ ਪੰਜਾਬੀ ਵਿਆਹਾਂ ’ਤੇ ਭਾਰੂ ਪੈ ਰਹੀ ਆਧੁਨਿਕਤਾ ਸਬੰਧੀ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਵਿਆਹਾਂ ਦੀਆਂ ਪੁਰਾਤਨ ਰਸਮਾਂ ਅਤੇ ਵਿਰਾਸਤੀ ਵੰਨਗੀ ਵਾਲੇ ਗੀਤਾਂ ’ਤੇ ਗੱਲਬਾਤ ਕੀਤੀ। ਕੈਬਨਿਟ ਵਜ਼ੀਰਾਂ ਨੇ ਵੀ ਸਾਦੇ ਵਿਆਹਾਂ ਨੂੰ ਸਮੇਂ ਦੀ ਲੋੜ ਦੱਸਦਿਆਂ ਪੰਜਾਬ ਦੇ ਵਿਆਹਾਂ ’ਚ ਸਾਦਗੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਵਿਆਹਾਂ ’ਚ ਹੁੰਦੀ ਫ਼ਜ਼ੂਲ ਖ਼ਰਚੀ ਰੋਕਣ ਲਈ ਵੀ ਪਹਿਲ ਕਰਨ ਦੀ ਗੱਲ ਆਖੀ ਗਈ। ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਅੱਜ ਮੀਟਿੰਗ ਵਿੱਚ ਹਾਸੇ ਠੱਠੇ ਵਿੱਚ ਵਜ਼ੀਰ ਛੇੜਦੇ ਰਹੇ। ਚੇਤੇ ਰਹੇ ਕਿ ਪੰਜਾਬ ਦੀ ਕੈਬਨਿਟ ਵਿੱਚ ਤਿੰਨ ਵਜ਼ੀਰ ਹਾਲੇ ਅਣਵਿਆਹੇ ਹਨ, ਜਿਨ੍ਹਾਂ ਵਿੱਚ ਮੀਤ ਹੇਅਰ, ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਸ਼ਾਮਲ ਹਨ। ਅੱਜ ਹਲਕੇ ਫੁਲਕੇ ਅੰਦਾਜ਼ ਵਿੱਚ ਮਾਝੇ ਦੇ ਇੱਕ ਮੰਤਰੀ ਨੇ ਮਾਲਵੇ ਦੇ ਇੱਕ ਅਣਵਿਆਹੇ ਮੰਤਰੀ ਨੂੰ ਮਾਝੇ ’ਚੋਂ ਸਾਕ ਕਰਾਉਣ ਦੀ ਗੱਲ ਵੀ ਆਖੀ। ਚਾਹ ਪਾਰਟੀ ਮੌਕੇ ਵਜ਼ੀਰਾਂ ਨੇ ਮਸ਼ਵਰਾ ਦਿੱਤਾ ਕਿ ਹਰ ਮਹੀਨੇ ਮੁੱਖ ਮੰਤਰੀ ਗ਼ੈਰਰਸਮੀ ਤੌਰ ’ਤੇ ਸਾਰੇ ਵਜ਼ੀਰਾਂ ਨਾਲ ਇੱਕ ਮੀਟਿੰਗ ਰੱਖ ਲਿਆ ਕਰਨ, ਜਿਸ ’ਤੇ ਸ੍ਰੀ ਮਾਨ ਨੇ ਵੀ ਸਹਿਮਤੀ ਜਤਾਈ। ਅੱਜ ਮੁੱਖ ਮੰਤਰੀ ਨੇ ਸਾਰੇ ਵਜ਼ੀਰਾਂ ਨੂੰ ਮਠਿਆਈ ਦੇ ਡੱਬੇ ਵੀ ਦਿੱਤੇ। ਇਸ ਮੌਕੇ ਮੁੱਖ ਮੰਤਰੀ ਦੇ ਓਐੱਸਡੀ ਸੁਖਬੀਰ ਸਿੰਘ ਤੇ ਰਾਜਬੀਰ ਸਿੰਘ ਵੀ ਹਾਜ਼ਰ ਸਨ।