ਮੁੱਕੇਬਾਜ਼ੀ: ਮੰਜੂ ਰਾਣੀ ਨੇ ਸੋਨ ਤਗ਼ਮਾ ਜਿੱਤਿਆ

ਮੁੱਕੇਬਾਜ਼ੀ: ਮੰਜੂ ਰਾਣੀ ਨੇ ਸੋਨ ਤਗ਼ਮਾ ਜਿੱਤਿਆ

ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਮੰਜੂ ਰਾਣੀ ਨੇ ਅਫ਼ਗਾਨਿਸਤਾਨ ਦੀ ਸਾਦੀਆ ਬਰੋਮਾਂਡ ਨੂੰ ਫਾਈਨਲ ’ਚ 3-0 ਨਾਲ ਹਰਾ ਕੇ ਅੱਜ ਬੋੋਸਨੀਆ ਅਤੇ ਹਰਜ਼ੇਗੋਵਿਨਾ ਦੇ ਸਾਰਾਜੀਵੋ ’ਚ 21ਵੇਂ ਮੁਸਤਫ਼ਾ ਹਜਰੁੱਲਾਹੋਵਿਕ ਯਾਦਗਾਰੀ ਟੂਰਨਾਮੈਂਟ ’ਚ ਸੋਨ ਤਗ਼ਮਾ ਜਿੱਤਿਆ ਹੈ। ਭਾਰਤ ਨੇ 9 ਸੋਨ ਤਗ਼ਮਿਆਂ ਅਤੇ ਚਾਂਦੀ ਦੇ ਇੱਕ ਤਗ਼ਮੇ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ। ਮੰਜੂ ਰਾਣੀ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਟੂਰਨਾਮੈਂਟ ਦੀ ‘ਸਰਵੋਤਮ ਮਹਿਲਾ ਮੁੱਕੇਬਾਜ਼’ ਚੁਣਿਆ ਗਿਆ। ਇਸ ਦੌਰਾਨ ਪੁਰਸ਼ਾਂ ਦੇ 51 ਕਿਲੋ ਭਾਰ ਵਰਗ ’ਚ ਬਰੁਨ ਸਿੰਘ ਸ਼ਾਗੋਲਸ਼ੇਮ ਨੇ ਪੋਲੈਂਡ ਦੇ ਜਕੂਬ ਸਲੋਮਿੰਸਕ ਨੂੰ 3-0 ਨਾਲ ਹਰਾੲਿਆ ਜਦਕਿ 51 ਕਿੱਲੋ ਭਾਰ ਵਰਗ ’ਚ ਅਕਾਸ਼ ਕੁਮਾਰ ਨੂੰ ਸਖ਼ਤ ਚੁਣੌਤੀ ਦੇਣ ਦੇ ਬਾਵਜੂਦ ਸਵੀਡਨ ਦੇ ਹਾਦੀ ਹੋਡਰਸ ਹੱਥੋਂ 1-2 ਨਾਲ ਹਾਰ ਝੱਲਣੀ ਪਈ। ੲਿਸ ਤੋਂ ਇਲਾਵਾ ਪੁਰਸ਼ਾਂ ਦੇ 63 ਕਿੱਲੋ ਭਾਰ ਵਰਗ ’ਚ ਮਨੀਸ਼ ਕੌਸ਼ਿਕ ਨੇ ਇੱਕਪਾਸੜ ਮੁਕਾਬਲੇ ’ਚ ਫਲਸਤੀਨ ਦੇ ਮੁਹੰਮਦ ਸੌਦ ਨੂੰ 3-0 ਨਾਲ ਹਰਾਇਆ। ਭਾਰਤ ਦਾ ਦਬਦਬਾ ਪੁਰਸ਼ 92 ਕਿੱਲੋ ਵਰਗ ’ਚ ਵੀ ਜਾਰੀ ਰਿਹਾ ਜਿੱਥੇ ਨਵੀਨ ਕੁਮਾਰ ਨੇ ਸਖ਼ਤ ਮੁਕਾਬਲੇ ’ਚ ਮਾਤੇਯੁਜ਼ ਬੈਰੇਜ਼ਨਿਕੀ ਨੂੰ 2-1 ਨਾਲ ਹਰਾਇਆ।