ਮੁੱਕੇਬਾਜ਼ੀ: ਭਾਰਤ ਵੱਲੋਂ ਚੁਣੌਤੀ ਦੇਣਗੀਆਂ ਲਵਲੀਨਾ ਤੇ ਨਿਖਤ

ਮੁੱਕੇਬਾਜ਼ੀ: ਭਾਰਤ ਵੱਲੋਂ ਚੁਣੌਤੀ ਦੇਣਗੀਆਂ ਲਵਲੀਨਾ ਤੇ ਨਿਖਤ

ਨਵੀਂ ਦਿੱਲੀ: ਟੋਕੀਓ ਓਲੰਪਿਕ ਦੀ ਕਾਂਸੇ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਅਤੇ ਨਿਖਤ ਜ਼ਰੀਨ ਇੱਥੇ ਆਈਬੀਏ (ਵਿਸ਼ਵ ਮੁੱਕੇਬਾਜ਼ੀ ਸੰਘ) ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ-2023 ਵਿੱਚ ਭਾਰਤ ਵੱਲੋਂ ਚੁਣੌਤੀ ਪੇਸ਼ ਕਰਨਗੀਆਂ। ਇਹ ਚੈਂਪੀਅਨਸ਼ਿਪ 15 ਤੋਂ 26 ਮਾਰਚ ਤੱਕ ਇੰਦਰਾ ਗਾਂਧੀ ਖੇਡ ਕੰਪਲੈਕਸ ਵਿੱਚ ਹੋਵੇਗੀ। ਬੋਰਗੋਹੇਨ (75 ਕਿਲੋ) ਹੁਣ ਤੱਕ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਕਾਂਸੀ ਦੇ ਤਗ਼ਮੇ ਜਿੱਤ ਚੁੱਕੀ ਹੈ। ਨਿਖਤ 50 ਕਿਲੋਗ੍ਰਾਮ ਵਰਗ ਦੀ ਮੌਜੂਦਾ ਚੈਂਪੀਅਨ ਹੈ ਅਤੇ ਆਪਣੇ ਖ਼ਿਤਾਬ ਦਾ ਬਚਾਅ ਕਰਨ ਉਤਰੇਗੀ। ਨਿਖਤ ਨੇ ਇਸਤਾਂਬੁਲ ਵਿੱਚ 2022 ਆਈਬੀਏ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਖ਼ਿਤਾਬ ਜਿੱਤਿਆ ਸੀ। ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਨੀਤੂ ਘਣਘਸ 48 ਕਿਲੋਗ੍ਰਾਮ ਵਰਗ ਵਿੱਚ ਚੁਣੌਤੀ ਪੇਸ਼ ਕਰੇਗੀ। ਭਾਰਤੀ ਮੁੱਕੇਬਾਜ਼ੀ ਸੰਘ (ਬੀਐੱਫਆਈ) ਦੇ ਪ੍ਰਧਾਨ ਅਜੈ ਸਿੰਘ ਨੇ ਕਿਹਾ, ‘‘ਟੀਮ ਵਿੱਚ ਚੈਂਪੀਅਨ ਖਿਡਾਰੀ ਸ਼ਾਮਲ ਹਨ। ਮੈਨੂੰ ਯਕੀਨ ਹੈ ਕਿ ਉਹ ਮੁੜ ਦੇਸ਼ ਦਾ ਮਾਣ ਵਧਾਉਣਗੇ।’’