ਮੁਹੰਮਦ ਅਲੀ ਨੂੰ ਚੁਣੌਤੀ ਦੇਣ ਵਾਲੇ ਮੁੱਕੇਬਾਜ਼ ਕੌਰ ਸਿੰਘ ਦਾ ਦੇਹਾਂਤ

ਮੁਹੰਮਦ ਅਲੀ ਨੂੰ ਚੁਣੌਤੀ ਦੇਣ ਵਾਲੇ ਮੁੱਕੇਬਾਜ਼ ਕੌਰ ਸਿੰਘ ਦਾ ਦੇਹਾਂਤ

ਦਿੜ੍ਹਬਾ ਮੰਡੀ- ਇੱਥੋਂ ਨੇੜਲੇ ਪਿੰਡ ਖਨਾਲਖੁਰਦ ਦੇ ਓਲੰਪੀਅਨ ਮੁੱਕੇਬਾਜ਼, ਪਦਮਸ੍ਰੀ ਅਰਜੁਨ ਐਵਾਰਡੀ ਤੇ ਏਸ਼ਿਆਈ ਸੋਨ ਤਗ਼ਮਾ ਜੇਤੂ ਸੂਬੇਦਾਰ ਕੌਰ ਸਿੰਘ (75) ਦਾ ਦੇਰ ਰਾਤ ਦੇਹਾਂਤ ਹੋ ਗਿਆ। ਬੀਤੀ ਰਾਤ ਕੌਰ ਸਿੰਘ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਕੁਰੂਕਸ਼ੇਤਰ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਆਖ਼ਰੀ ਸਾਹ ਲਿਆ। ਕੌਰ ਸਿੰਘ ਦਾ ਸਸਕਾਰ ਬਾਅਦ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਖਨਾਲਖੁਰਦ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਾਵਾਲ, ਐੱਸਡੀਐੱਮ ਦਿੜ੍ਹਬਾ ਰਾਜੇਸ਼ ਸ਼ਰਮਾ ਅਤੇ ਉੱਘੇ ਸਾਬਕਾ ਖਿਡਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ।

ਕੌਰ ਸਿੰਘ 1970 ਵਿੱਚ ਫ਼ੌਜ ’ਚ ਭਰਤੀ ਹੋਇਆ ਸੀ ਅਤੇ ਕਰਨਲ ਬਲਜੀਤ ਸਿੰਘ ਦੀ ਪ੍ਰੇਰਨਾ ਸਦਕਾ ਉਸ ਨੇ ਪਹਿਲੀ ਵਾਰ ਖੇਡਦਿਆਂ ਸਿਕੰਦਰਾਵਾਦ ਨੈਸ਼ਨਲ ਮੁੱਕੇਬਾਜ਼ੀ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ ਦੁਨੀਆ ਦੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਮੁਕਾਬਲਾ ਕੀਤਾ। ਕੌਰ ਸਿੰਘ ਨੂੰ 1982 ਵਿੱਚ ਅਰਜੁਨ ਐਵਾਰਡ ਅਤੇ 1983 ਵਿੱਚ ਪਦਮਸ੍ਰੀ ਨਾਲ ਸਨਮਾਨਿਆ ਗਿਆ। ਉਨ੍ਹਾਂ 1984 ਵਿੱਚ ਅਮਰੀਕਾ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਭਾਗ ਲਿਆ, ਜਿੱਥੇ ਵਾਪਰੀ ਇੱਕ ਘਟਨਾ ਮਗਰੋਂ ਕੌਰ ਸਿੰਘ ਨੇ ਖੇਡਣਾ ਛੱਡ ਦਿੱਤਾ।