ਮੁਰਮੂ, ਮੋਦੀ ਤੇ ਰਾਜਨਾਥ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ

ਮੁਰਮੂ, ਮੋਦੀ ਤੇ ਰਾਜਨਾਥ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ

ਉੱਤਰ-ਪੂਰਬੀ ਸੂਬਿਆਂ ਵਿੱਚ 51ਵਾਂ ਵਿਜੈ ਦਿਵਸ ਮਨਾਇਆ; ਵੱਖ-ਵੱਖ ਥਾਈਂ ਹੋਏ ਸਮਾਗਮ
ਨਵੀਂ ਦਿੱਲੀ/ਅਗਰਤਲਾ/ਸ਼ਿਲੌਂਗ- ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਅੱਜ ਵਿਜੈ ਦਿਵਸ ਮੌਕੇ ਕਿਹਾ ਕਿ 1971 ਦੀ ਜੰਗ ਦੌਰਾਨ ਦੇਸ਼ ਦੇ ਹਥਿਆਰਬੰਦ ਬਲਾਂ ਵੱਲੋਂ ਦਿਖਾਈ ਗਈ ਬਹਾਦਰੀ ਨੂੰ ਦੇਸ਼ ਅੱਜ ਵੀ ਯਾਦ ਰੱਖਦਾ ਹੈ ਅਤੇ ਉਨ੍ਹਾਂ ਦੀ ਬਹਾਦਰੀ ਤੇ ਬਲਿਦਾਨ ਦੀਆਂ ਕਹਾਣੀਆਂ ਹਮੇਸ਼ਾ ਹਰੇਕ ਭਾਰਤੀ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੈ ਦਿਵਸ ਮੌਕੇ ਹਥਿਆਰਬੰਦ ਬਲਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰਨ ਵਾਲਿਆਂ ਦਾ ਦੇਸ਼ ਹਮੇਸ਼ਾ ਰਿਣੀ ਰਹੇਗਾ। ਇਸੇ ਤਰ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਸਿਜਦਾ ਕੀਤਾ।

ਇਸੇ ਦੌਰਾਨ ਉੱਤਰ-ਪੂਰਬੀ ਸੂਬਿਆਂ ਵਿੱਚ ਅੱਜ 51ਵਾਂ ਵਿਜੈ ਦਿਵਸ ਮਨਾਇਆ ਗਿਆ। ਸਾਲ 1971 ਵਿੱਚ ਭਾਰਤੀ ਫ਼ੌਜ ਦੀ ਪਾਕਿਸਤਾਨ ’ਤੇ ਹੋਈ ਇਤਿਹਾਸਕ ਜਿੱਤ ਅਤੇ ਪੂਰਬੀ ਪਾਕਿਸਤਾਨ ਨੂੰ ਖ਼ੁਦਖਤਿਆਰ ਮੁਲਕ ਬੰਗਲਾਦੇਸ਼ ਦਾ ਦਰਜਾ ਦਿੱਤੇ ਜਾਣ ਸਬੰਧੀ 16 ਦਸੰਬਰ ਨੂੰ ਵਿਜੈ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦੌਰਾਨ ਅਗਰਤਲਾ, ਸ਼ਿਲੌਂਗ, ਆਇਜ਼ਾਲ ਤੇ ਹੋਰ ਥਾਵਾਂ ’ਤੇ ਸਥਿਤ ਜੰਗੀ ਯਾਦਗਾਰਾਂ ਵਿਖੇ ਫੁੱਲ ਚੜ੍ਹਾਉਣ ਦੀ ਰਸਮ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਗਏ।

ਬੰਗਲਾਦੇਸ਼ੀ ਸਹਾਇਕ ਹਾਈ ਕਮਿਸ਼ਨਾਂ ਨੇ ਗੁਹਾਟੀ ਤੇ ਅਗਰਤਲਾ ਵਿੱਚ ਚਰਚਾ, ਸਭਿਆਚਾਰਕ ਪ੍ਰੋਗਰਾਮ ਅਤੇ ਇਕੱਠ ਕੀਤੇ। ਮੇਘਾਲਿਆ ਵਿੱਚ ਵੀ 51ਵਾਂ ਵਿਜੈ ਦਿਵਸ ਮਨਾਇਆ ਗਿਆ। ਇਸ ਦੌਰਾਨ ਸ਼ਿਲੌਂਗ ਵਿੱਚ ਸਥਿਤ ਪੂਰਬੀ ਹਵਾਈ ਕਮਾਂਡ ਹੈੱਡਕੁਆਰਟਰ ’ਚ ਵਿਜੈ ਦਿਵਸ ਮਨਾਇਆ ਗਿਆ। ਪੂਰਬੀ ਹਵਾਈ ਕਮਾਂਡ ਦੇ ਏਅਰ ਆਫੀਸਰ ਕਮਾਂਡਿੰਗ-ਇਨ-ਚੀਫ ਏਅਰ ਮਾਰਸ਼ਲ ਐੱਸ.ਪੀ. ਧਰਕੜ ਨੇ ਜੰਗੀ ਯਾਦਗਾਰ ਵਿਖੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸੇ ਤਰ੍ਹਾਂ ਤ੍ਰਿਪੁਰਾ, ਮਿਜ਼ੋਰਮ, ਮਨੀਪੁਰ, ਨਾਗਾਲੈਂਡ ਤੇ ਅਰੁਣਾਚਲ ਪ੍ਰਦੇਸ਼ ਅਤੇ ਉੱਤਰ-ਪੂਰਬ ਦੇ ਹੋਰ ਹਿੱਸਿਆਂ ਵਿੱਚ ਵੀ ਵਿਜੈ ਦਿਵਸ ਸਬੰਧੀ ਪ੍ਰੋਗਰਾਮ ਹੋਏ ਅਤੇ 1971 ਦੀ ਜੰਗ ਵਿੱਚ ਜਾਨਾਂ ਗੁਆਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਅਸਾਮ ਦੇ ਸਰਹੱਦੀ ਕਸਬਾ ਕਰੀਮਗੰਜ ਵਿੱਚ ਬੰਗਲਾਦੇਸ਼ ਲਿਬਰੇਸ਼ਨ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।