ਮੁਤਵਾਜ਼ੀ ਜਥੇਦਾਰ ਨੇ ਕਾਰਜਕਾਰੀ ਜਥੇਦਾਰ ਨੂੰ ਏਕਤਾ ਦਾ ਸੱਦਾ ਦਿੱਤਾ

ਮੁਤਵਾਜ਼ੀ ਜਥੇਦਾਰ ਨੇ ਕਾਰਜਕਾਰੀ ਜਥੇਦਾਰ ਨੂੰ ਏਕਤਾ ਦਾ ਸੱਦਾ ਦਿੱਤਾ

ਅੰਮ੍ਰਿਤਸਰ- ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਭੇਜ ਕੇ ਜਥੇਦਾਰਾਂ ਦੀ ਆਪਸੀ ਏਕਤਾ ਦਾ ਸੱਦਾ ਦਿੱਤਾ ਹੈ। ਇਹ ਪੱਤਰ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਦਿੱਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁਤਵਾਜ਼ੀ ਜਥੇਦਾਰ ਸ੍ਰੀ ਮੰਡ ਨੇ ਆਖਿਆ ਕਿ ਦਿਨੋ ਦਿਨ ਪੰਥ ਦੀ ਹਾਲਤ ਨਿਘਰਦੀ ਜਾ ਰਹੀ ਹੈ। ਇਸ ਵੇਲੇ ਹਰ ਮੰਚ ਤੋਂ ਪੰਥਕ ਏਕਤਾ ਦਾ ਹੋਕਾ ਦਿੱਤਾ ਜਾ ਰਿਹਾ ਹੈ ਪਰ ਸਿੱਖ ਬੁੱਧੀਜੀਵੀ ਵਰਗ ਅਤੇ ਸਿੱਖ ਚਿੰਤਕ ਇਹ ਸਵਾਲ ਖੜ੍ਹਾ ਕਰ ਰਹੇ ਹਨ ਕਿ ਪਹਿਲਾਂ ਜਥੇਦਾਰਾਂ ਵਿਚਾਲੇ ਖ਼ੁਦ ਏਕਤਾ ਹੋਣੀ ਚਾਹੀਦੀ ਹੈ ਤਾਂ ਹੀ ਕੌਮ ਵਿੱਚ ਵੀ ਏਕਤਾ ਦਾ ਮੁੱਢ ਬੱਝ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਲੰਮੇ ਸਮੇਂ ਤੋਂ ਖੁਆਰ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਆਈ ਗਿਰਾਵਟ ਦਾ ਪ੍ਰਭਾਵ ਸ਼੍ਰੋਮਣੀ ਕਮੇਟੀ ਸਮੇਤ ਹੋਰ ਪੰਥਕ ਸੰਸਥਾਵਾਂ ’ਤੇ ਦੇਖਿਆ ਜਾ ਸਕਦਾ ਹੈ। ਇਸੇ ਤਹਿਤ ਹੀ ਉਨ੍ਹਾਂ ਆਪਸ ਵਿੱਚ ਮਿਲ ਬੈਠਣ ਦਾ ਸੱਦਾ ਭੇਜਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੌਮ ਲਈ ਇੱਕ ਕੌਮੀ ਏਜੰਡਾ ਤਿਆਰ ਕਰਨ ਦੀ ਲੋੜ ਹੈ।