ਮੁਜਰਮਾਂ ਦੀ ਰਿਹਾਈ ਕਾਰਨ ਨਿਆਂ ਵਿਵਸਥਾ ਤੋਂ ਮੇਰਾ ਭਰੋਸਾ ਉੱਠ ਗਿਐ: ਬਿਲਕੀਸ ਬਾਨੋ

ਮੁਜਰਮਾਂ ਦੀ ਰਿਹਾਈ ਕਾਰਨ ਨਿਆਂ ਵਿਵਸਥਾ ਤੋਂ ਮੇਰਾ ਭਰੋਸਾ ਉੱਠ ਗਿਐ: ਬਿਲਕੀਸ ਬਾਨੋ

ਅਹਿਮਦਾਬਾਦ – ਗੁਜਰਾਤ ਵਿੱਚ 2002 ਗੋਧਰਾ ਕਾਂਡ ਮਗਰੋਂ ਹੋਏ ਦੰਗਿਆਂ ਦੀ ਪੀੜ ਆਪਣੇ ਪਿੰਡੇ ’ਤੇ ਹੰਢਾਉਣ ਵਾਲੀ ਬਿਲਕੀਸ ਬਾਨੋ ਨੇ ਅੱਜ ਕਿਹਾ ਕਿ ਉਸ ਅਤੇ ਉਹਦੇ ਸੱਤ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ 11 ਮੁਜਰਮਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਨਾਲ ਉਸ ਦਾ ਨਿਆਂ ਵਿਵਸਥਾ ਤੋਂ ਯਕੀਨ ਉੱਠ ਗਿਆ ਹੈ ਤੇ ਉਹ ਸੁੰਨ ਪੈ ਗਈ ਹੈ। ਬਾਨੋ ਨੇ ਗੁਜਰਾਤ ਸਰਕਾਰ ਨੂੰ ਇਸ ਫੈਸਲੇ ਨੂੰ ਵਾਪਸ ਲੈਣ ਅਤੇ ‘ਸ਼ਾਂਤੀ ਅਤੇ ਡਰ ਤੋਂ ਬਿਨਾਂ ਜ਼ਿੰਦਗੀ ਜਿਊਣ’ ਦਾ ਅਧਿਕਾਰ ਵਾਪਸ ਕਰਨ ਦੀ ਅਪੀਲ ਕੀਤੀ ਹੈ। ਚੇਤੇ ਰਹੇ ਕਿ ਦੰਗਿਆਂ ਦੌਰਾਨ ਬਿਲਕੀਸ ਬਾਨੋ ਜਬਰ-ਜਨਾਹ ਤੇ ਉਸ ਦੇ ਪਰਿਵਾਰ ਦੇ ਸੱਤ ਜੀਆਂ ਦੀ ਹੱਤਿਆ ਦੇ ਦੋਸ਼ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 11 ਮੁਜਰਮਾਂ ਨੂੰ, ਗੁਜਰਾਤ ਦੀ ਭਾਜਪਾ ਸਰਕਾਰ ਵੱਲੋਂ ਦਿੱਤੀ ਵਿਸ਼ੇਸ਼ ਖਿਮਾ ਤਹਿਤ ਸੋਮਵਾਰ ਨੂੰ ਗੋਧਰਾ ਸਬ-ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਸੀ। ਬਿਲਕੀਸ ਨੇ ਗੁਜਰਾਤ ਸਰਕਾਰ ਦੀ ਇਸ ਪੇਸ਼ਕਦਮੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ‘ਇੰਨਾ ਵੱਡਾ ਤੇ ਨਿਆਂਹੀਣ ਫੈਸਲਾ’ ਲੈਣ ਤੋਂ ਪਹਿਲਾਂ ਕਿਸੇ ਨੇ ਵੀ ਉਹਦੀ ਸੁਰੱਖਿਆ ਤੇੇ ਸਲਾਮਤੀ ਨੂੰ ਲੈ ਕੇ ਸਾਰ ਨਹੀਂ ਲਈ। ਬਾਨੋ ਨੇ ਆਪਣੀ ਵਕੀਲ ਸ਼ੋਭਾ ਵੱਲੋੋਂ ਜਾਰੀ ਬਿਆਨ ਵਿੱਚ ਕਿਹਾ, ‘‘15 ਅਗਸਤ 2022 ਨੂੰ ਪਿਛਲੇ 20 ਸਾਲਾਂ ਦੇ ਜ਼ਖ਼ਮ ਮੁੜ ਅੱਲੇ ਹੋ ਗਏ, ਜਦੋਂ ਮੈਨੂੰ ਇਹ ਪਤਾ ਲੱਗਾ ਕਿ 11 ਦੋਸ਼ੀ, ਜਿਨ੍ਹਾਂ ਮੇਰਾ ਪਰਿਵਾਰ ਤੇ ਮੇਰੀ ਜ਼ਿੰਦਗੀ ਉਜਾੜ ਦਿੱਤੀ ਅਤੇ ਮੇਰੀ ਤਿੰਨ ਸਾਲਾ ਧੀ ਮੈਥੋਂ ਖੋਹ ਲਈ, ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਮੇਰੇ ਕੋਲ ਸ਼ਬਦ ਨਹੀਂ ਸਨ। ਮੈਂ ਅਜੇ ਵੀ ਸੁੰਨ ਹਾਂ।’’ ਬਿਲਕੀਸ ਬਾਨੋ ਨੇ ਕਿਹਾ ਉਹ ਇਹ ਇੰਨਾ ਹੀ ਕਹਿ ਸਕਦੀ ਹੈ ਕਿ ‘ਕਿਸੇ ਔਰਤ ਲਈ ਨਿਆਂ ਇੰਜ ਕਿਵੇਂ ਖ਼ਤਮ ਹੋ ਸਕਦਾ ਹੈ? ਮੈਂ ਆਪਣੇ ਦੇਸ਼ ਦੀਆਂ ਹਾਈ ਕੋਰਟਾਂ ’ਤੇ ਵਿਸ਼ਵਾਸ ਕੀਤਾ। ਮੈਂ ਸਿਸਟਮ ’ਤੇ ਯਕੀਨ ਕੀਤਾ, ਅਤੇ ਮੈਂ ਹੌਲੀ ਹੌਲੀ ਆਪਣੇ ਜ਼ਖ਼ਮਾਂ ਨਾਲ ਜਿਊਣਾ ਸਿੱਖ ਲਿਆ ਸੀ। ਇਨ੍ਹਾਂ ਮੁਜਰਮਾਂ ਦੀ ਰਿਹਾਈ ਨੇ ਮੇਰਾ ਸਕੂਨ ਮੈਥੋਂ ਖੋਹ ਲਿਆ ਤੇ ਨਿਆਂ ਵਿਵਸਥਾ ਵਿੱਚ ਮੇਰੇ ਵਿਸ਼ਵਾਸ ਨੂੰ ਸੱਟ ਮਾਰੀ ਹੈ।’’ ਬਾਨੋ ਨੇ ਕਿਹਾ, ‘‘ਮੇਰਾ ਦੁੱਖ ਤੇ ਮੇਰਾ ਡੋਲਦਾ ਵਿਸ਼ਵਾਸ ਮੇਰੇ ਇਕੱਲਿਆਂ ਦਾ ਨਹੀਂ ਬਲਕਿ ਹਰ ਉਸ ਔਰਤ ਦਾ ਹੈ, ਜੋ ਕੋਰਟਾਂ ਵਿੱਚ ਨਿਆਂ ਲਈ ਸੰਘਰਸ਼ ਕਰ ਰਹੀਆਂ ਹਨ।’’ ਉਨ੍ਹਾਂ ਆਪਣੀ ਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਿਹਾ।