ਮੁਕਾਬਲਾ

ਮੁਕਾਬਲਾ

ਰਘੁਵੀਰ ਸਿੰਘ ਕਲੋਆ

ਬਾਲ ਬਾਜ਼ ਹੁਣ ਛੋਟੀਆਂ-ਛੋਟੀਆਂ ਉਡਾਰੀਆਂ ਭਰਨ ਲੱਗਾ ਸੀ। ਅੱਜ ਉਹ ਆਪਣੀ ਉਡਾਰੀ ਥੋੜ੍ਹੀ ਹੋਰ ਵਧਾ ਕੇ ਪਹਾੜ ਦੇ ਪੈਰਾਂ ’ਚ ਪੈਂਦੇ ਇੱਕ ਬਾਗ਼ ਵਿੱਚ ਜਾ ਪੁੱਜਾ। ਬਾਜ਼ ਦਾ ਆਲ੍ਹਣਾ ਇਸ ਪਹਾੜ ਦੇ ਸਿਖਰ ’ਤੇ ਸਿੱਧੇ ਖੜੌਤੇ ਇੱਕ ਚੀਲ ਦੇ ਦਰੱਖਤ ’ਤੇ ਸੀ। ਇਹ ਪਹਾੜ ਅਤੇ ਇਸ ਦੇ ਨਾਲ ਲੱਗਦੇ ਹੋਰ ਪਹਾੜ ਖ਼ੁਸ਼ਕ ਪਥਰੀਲੀ ਮਿੱਟੀ ਦੇ ਬਣੇ ਸਨ ਤੇ ਇਨ੍ਹਾਂ ਉੱਪਰ ਵਿਰਲੇ-ਵਿਰਲੇ ਚੀਲ ਦੇ ਰੁੱਖ ਤੇ ਝਾੜੀਆਂ ਹੀ ਸਨ। ਇਨ੍ਹਾਂ ਪਹਾੜਾਂ ਦੇ ਵਿਚਕਾਰ ਇੱਕ ਛੋਟੀ ਜਿਹੀ, ਹਰੀ-ਭਰੀ ਵਾਦੀ ਸੀ। ਇਸ ਵਾਦੀ ਦੀ ਹਰਿਆਵਲ ਨੂੰ ਨੇੜੇ ਤੋਂ ਤੱਕਣ ਦੇ ਚਾਅ ’ਚ ਬਾਲ ਬਾਜ਼ ਅੱਜ ਪਹਾੜ ਤੋਂ ਉਤਰ ਇਸ ਵਾਦੀ ’ਚ ਆਣ ਬੈਠਾ ਸੀ।
ਖੁਰਮਾਨੀ ਦੇ ਇੱਕ ਰੁੱਖ ’ਤੇ ਬੈਠ ਹਾਲੇ ਉਹ ਚੁਫ਼ੇਰਾ ਹੀ ਨਿਹਾਰ ਸੀ ਕਿ ਕੁੱਝ ਆਵਾਜ਼ਾਂ ਨੇ ਉਸ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ। ਸ਼ਾਹ ਕਾਲੇ ਪਹਾੜੀ ਕਾਂ ਝਟਪਟ ਉਸ ਖੁਰਮਾਨੀ ਦੇ ਰੁੱਖ ਦੇ ਚੁਫ਼ੇਰੇ ਇਕੱਠੇ ਹੋ ਗਏ। ਕਾਵਾਂ ਦੀ ਆਵਾਜ਼ ਤੇ ਉਨ੍ਹਾਂ ਦਾ ਇਕੱਠ ਵੇਖ ਪਹਿਲਾਂ ਤਾਂ ਬਾਲ ਬਾਜ਼ ਕੁਝ ਘਬਰਾਇਆ, ਪਰ ਫਿਰ ਹੌਸਲਾ ਕਰ ਕੇ ਉਹ ਉਨ੍ਹਾਂ ਨੂੰ ਝਕਾਨੀ ਦੇ ਕੇ ਦੂਰ ਇੱਕ ਦੂਜੇ ਦਰੱਖਤ ’ਤੇ ਆ ਬੈਠਾ। ਕਾਂ-ਕਾਂ ਦਾ ਰੌਲਾ ਪਾਉਂਦੇ ਉਹ ਕਾਂ ਛੇਤੀ ਹੀ ਉਸ ਰੁੱਖ ਦੇ ਦੁਆਲੇ ਪੁੱਜ ਗਏ। ਬਾਲ ਬਾਜ਼ ਹੁਸ਼ਿਆਰੀ ਵਰਤ ਉੱਥੋਂ ਉੱਡ ਫਿਰ ਪਹਿਲਾਂ ਵਾਲੇ ਰੁੱਖ ’ਤੇ ਆਇਆ ਤਾਂ ਪਿੱਛਾ ਕਰਦੇ ਕਾਂ ਫਿਰ ਉੱਥੇ ਆ ਗਏ। ਬਾਲ ਬਾਜ਼ ਤੇ ਕਾਵਾਂ ਵਿਚਕਾਰ ਜਿਵੇਂ ਇੱਕ ਖੇਡ ਸ਼ੁਰੂ ਹੋ ਗਈ ਹੋਵੇ, ਉੱਹ ਅੱਗੇ-ਅੱਗੇ ਤੇ ਕਾਂ ਪਿੱਛੇ-ਪਿੱਛੇ। ਕਾਫ਼ੀ ਦੇਰ ਇਹ ਖੇਡ ਚੱਲਦੀ ਰਹੀ। ਕਾਵਾਂ ਦੀ ਗਿਣਤੀ ਵੀ ਕਾਫ਼ੀ ਸੀ ਤੇ ਉਹ ਥੱਕ ਵੀ ਗਏ ਸਨ। ਬਾਲ ਬਾਜ਼ ਨੂੰ ਘੇਰਨ ਲਈ ਉਨ੍ਹਾਂ ਨਵੀਂ ਰਣਨੀਤੀ ਅਪਣਾਈ, ਚਹੁੰ ਟੋਲੀਆਂ ਵਿੱਚ ਵੰਡ ਉਹ ਹੁਣ ਬਾਗ਼ ਦੇ ਚਾਰੇ ਕੋਨਿਆਂ ਵਿੱਚ ਬੈਠ ਗਏ। ਬਾਲ ਬਾਜ਼ ਜਿਸ ਪਾਸੇ ਵੀ ਜਾਂਦਾ ਉਸੇ ਪਾਸੇ ਵਾਲੇ ਕਾਂ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ।
ਪਰੇਸ਼ਾਨ ਹੋਇਆ ਬਾਜ਼ ਹੁਣ ਬਾਗ਼ ਦੇ ਐਨ ਵਿਚਕਾਰ ਆਣ ਬੈਠਾ। ਕਾਵਾਂ ਦੀਆਂ ਚਾਰੋਂ ਟੋਲੀਆਂ ਹਾਲੇ ਉਸ ਨੂੰ ਘੇਰਨ ਦੀ ਤਿਆਰੀ ਵਿੱਚ ਹੀ ਸਨ ਕਿ ਬਾਲ ਬਾਜ਼ ਦੀ ਮਾਂ ਜੋ ਦੂਰ ਬੈਠੀ ਇਹ ਸਭ ਕੁਝ ਕਾਫ਼ੀ ਦੇਰ ਤੋਂ ਵੇਖ ਰਹੀ ਸੀ, ਝਟਪਟ ਉੱਥੇ ਆਣ ਪੁੱਜੀ। ਆਪਣੀ ਮਾਂ ਨੂੰ ਦੇਖ ਬਾਲ ਬਾਜ਼ ਦੀਆਂ ਅੱਖਾਂ ਚਮਕ ਉੱਠੀਆਂ। ਉਹ ਆਪਣੀ ਅਗਲੀ ਉਡਾਣ ਬਾਰੇ ਸੋਚ ਹੀ ਰਿਹਾ ਸੀ ਕਿ ਉਸ ਦੀ ਮਾਂ ਨੇ ਉਸ ਨੂੰ ਆਖਿਆ,
‘‘ਪੁੱਤ! ਐਵੇਂ ਕਿਉਂ ਆਪਣੀ ਊਰਜਾ ਅਤੇ ਸਮਾਂ ਬਰਬਾਦ ਕਰਦਾ, ਭਲਾ ਇਨ੍ਹਾਂ ਦਾ ਤੇਰੇ ਨਾਲ ਕੀ ਮੁਕਾਬਲਾ।’’
ਇਹ ਸੁਣ ਬਾਲ ਬਾਜ਼ ਸੋਚਾਂ ’ਚ ਪੈ ਗਿਆ। ਹਾਲੇ ਉਹ ਆਪਣੀ ਮਾਂ ਦੇ ਇਨ੍ਹਾਂ ਬੋਲਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ’ਚ ਸੀ ਕਿ ਉਸ ਦੀ ਮਾਂ ਨੇ ਪਹਾੜਾਂ ਦੇ ਪਾਰ ਉੱਚੇ ਆਸਮਾਨ ਵੱਲ ਇਸ਼ਾਰਾ ਕਰ ਕੇ ਉਸ ਨੂੰ ਸਮਝਾਇਆ, ‘‘ਪੁੱਤ ! ਉਹ ਉੱਚਾ ਆਸਮਾਨ ਦੇਖਦਾਂ, ਉੱਥੇ ਤੱਕ ਕੋਈ ਹੀ ਜਾਂਦਾ, ਪਰ ਤੂੰ ਉੱਥੇ ਜਾ ਸਕਦਾ। ਚੱਲ ਆਪਣੀ ਉਸ ਮੰਜ਼ਿਲ ਵੱਲ ਨਿਸ਼ਾਨਾ ਸਾਧ, ਇਹ ਕਾਂ ਵਿਚਾਰੇ ਤਾਂ ਇੱਥੇ ਹੀ ਰਹਿ ਜਾਣੇ।’’
ਆਪਣੀ ਮਾਂ ਕੋਲੋਂ ਇਹ ਸੁਣ ਬਾਲ ਬਾਜ਼ ਚੌਗਣੇ ਹੌਸਲੇ ਨਾਲ ਭਰ ਉੱਠਿਆ। ਹੁਣ ਉਸ ਦੇ ਸੀਨੇ ’ਚ ਅਥਾਹ ਜੋਸ਼ ਤੇ ਖੰਭਾਂ ’ਚ ਪੂਰਾ ਫੈਲਾਅ ਸੀ। ਉਹ ਇਕਦਮ ਉੱਪਰ ਵੱਲ ਉੱਡਿਆ। ਚੁਫ਼ੇਰੇ ਤੋਂ ਕਾਂ ਉਸ ਦੇ ਪਿੱਛੇ ਉੱਡੇ ਜ਼ਰੂਰ, ਪਰ ਛੇਤੀ ਹੀ ਉਹ ਕਿਤੇ ਪਿੱਛੇ ਰਹਿ ਗਏ।
ਬਾਲ ਬਾਜ਼ ਉੱਚੇ ਆਸਮਾਨ ’ਚ ਉਡਾਰੀਆਂ ਲਾ ਵਾਪਸ ਪਹਾੜ ਉੱਪਰਲੇ ਚੀਲ ਦੇ ਰੁੱਖ ਉੱਪਰ ਆਣ ਬੈਠਾ। ਹੁਣ ਉਹ ਕਾਫ਼ੀ ਖ਼ੁਸ਼ ਸੀ। ਉਸ ਨੇ ਮਨੋਮਨੀ ਆਖਿਆ,
‘‘ਕੱਲ੍ਹ ਮੈਂ ਇਸ ਤੋਂ ਵੀ ਉੱਚਾ ਜਾਵਾਗਾਂ।’’
ਇਕਦਮ ਉਸ ਨੂੰ ਆਪਣੀ ਮਾਂ ਦੇ ਕਹੇ ਬੋਲ ਚੇਤੇ ਆਏ ਤਾਂ ਉਹ ਉਨ੍ਹਾਂ ਬੋਲਾਂ ਦੇ ਅਰਥ ਸਮਝਦਿਆਂ ਆਪ-ਮੁਹਾਰੇ ਬੋਲ ਉੱਠਿਆ,
‘‘ਐਵੇਂ ਹੋਰਾਂ ਨਾਲ ਕਿਉਂ ਉਲਝਣਾ, ਸਾਡਾ ਅਸਲ ਮੁਕਾਬਲਾ ਤਾਂ ਆਪਣੇ-ਆਪ ਨਾਲ ਹੁੰਦਾ।’’