ਮੀਰੀ ਪੀਰੀ ਦਿਵਸ ਮੌਕੇ ਗਤਕਾ ਮੁਕਾਬਲੇ

ਮੀਰੀ ਪੀਰੀ ਦਿਵਸ ਮੌਕੇ ਗਤਕਾ ਮੁਕਾਬਲੇ

ਅੰਮ੍ਰਿਤਸਰ – ਮੀਰੀ ਪੀਰੀ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਨੇ ਸਿੱਖ ਸ਼ਸਤਰ ਵਿਦਿਆ ਗਤਕਾ ਨੂੰ ਪ੍ਰਫੁੱਲਤ ਕਰਨ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਬੰਧ ਵਿਚ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਦੇ ਬਾਹਰ ਬਣੇ ਪਲਾਜ਼ਾ ਵਿੱਚ ਵੱਖ-ਵੱਖ ਗਤਕਾ ਅਖਾੜਿਆਂ ਦੀਆਂ ਟੀਮਾਂ ਨੇ ਗਤਕੇ ਦੇ ਜ਼ੌਹਰ ਦਿਖਾਏ। ਸਮਾਗਮ ਦੀ ਸ਼ੁਰੂੂਆਤ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੱਜੇ। ਇਸ ਮੌਕੇ ਜਥੇਦਾਰ ਨੇ ਕਿਹਾ ਕਿ ਛੇਵੇਂ ਗੁਰੂ ਨੇ ਜਿਥੇ ਗੁਰਬਾਣੀ, ਸਿਮਰਨ ਰਾਹੀਂ ਰੂਹਾਨੀਅਤ ਤੌਰ ’ਤੇ ਬਲਵਾਨ ਹੋਣ ਲਈ ਪ੍ਰੇਰਿਆ, ਉਥੇ ਹੀ ਸਰੀਰਕ ਤੇ ਰਾਜਸੀ ਤੌਰ ’ਤੇ ਤਗੜੇ ਹੋਣ ਅਤੇ ਸ਼ਸਤਰ ਕਲਾ ਵਿਚ ਨਿਪੁੰਨ ਹੋਣ ਲਈ ਵੀ ਕਿਹਾ। ਉਨ੍ਹਾਂ ਨੌਜਵਾਨ, ਬੱਚੇ ਬੱਚੀਆਂ ਨੂੰ ਸ਼ਸਤਰ ਵਿਦਿਆ ਨਾਲ ਜੁੜਨ ਤੇ ਅਭਿਆਸ ਕਰਨ ਦੀ ਪ੍ਰੇਰਣਾ ਕੀਤੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਰਪਿਤ ਦੋ ਕਿਰਪਾਨਾਂ ਪਹਿਨ ਕੇ ਸਿੱਖਾਂ ਲਈ ਪਾਤਸ਼ਾਹੀ ਜੀਵਨ ਦੀ ਮਿਸਾਲ ਦਿੱਤੀ। ਉਨ੍ਹਾਂ ਨੇ ਸਿੱਖਾਂ ਨੂੰ ਚੰਗੇ ਘੋੜੇ ਅਤੇ ਸ਼ਸਤਰ ਭੇਟ ਕਰਨ ਲਈ ਹੁਕਮ ਕੀਤੇ ਅਤੇ ਸ਼ਸਤਰ ਵਿਦਿਆ ਵਿਚ ਨਿਪੁੰਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਸ਼ਸਤਰ ਕਲਾ ਗਤਕਾ ਆਤਮ ਰੱਖਿਆ ਦੇ ਨਾਲ-ਨਾਲ ਦੁਸ਼ਮਣ ਨਾਲ ਟਾਕਰੇ ਲਈ ਵੀ ਸਹਾਈ ਹੁੰਦਾ ਹੈ। ਉਨ੍ਹਾਂ ਨੌਜੁਆਨੀ ਨੂੰ ਸਿੱਖ ਸ਼ਸਤਰ ਕਲਾ ਗਤਕੇ ਨਾਲ ਜੁੜਨ ਦੀ ਅਪੀਲ ਕੀਤੀ। ਇਸੇ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਤਕਾ ਫੈਡਰੇਸ਼ਨਾਂ, ਐਸੋਸ਼ੀਏਸ਼ਨਾਂ ਅਤੇ ਅਖਾੜਿਆਂ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਵੀ ਕੀਤੀ ਅਤੇ ਸਿੱਖ ਸ਼ਸਤਰ ਵਿਦਿਆ ਗਤਕਾ ਨੂੰ ਪ੍ਰਫੁੱਲਤ ਕਰਨ ਲਈ ਸਹਿਯੋਗ ਕਰਨ ਲਈ ਪ੍ਰੇਰਿਆ। ਇਸ ਮੌਕੇ ਨੈਸ਼ਨਲ ਗਤਕਾ ਐਸੋਸ਼ੀਏਸ਼ਨ ਆਫ ਇੰਡੀਆ ਦੇ ਗੁਰਚਰਨ ਸਿੰਘ, ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਗੁਰਤੇਜ ਸਿੰਘ, ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਹਰਚਰਨ ਸਿੰਘ ਭੁੱਲਰ ਤੇ ਬਲਜਿੰਦਰ ਸਿੰਘ, ਪੰਜਾਬ ਗਤਕਾ ਐਸੋਸੀਏਸ਼ਨ ਦੇ ਰਾਜਿੰਦਰ ਸਿੰਘ ਸ਼ਾਮਲ ਹੋਏ।