ਮੀਰੀ ਪੀਰੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਸਰੀ ਕੇਸਰੀ ਤੇ ਨੀਲੇ ਰੰਗ ਵਿੱਚ ਰੰਗਿਆ ਗਿਆ

ਮੀਰੀ ਪੀਰੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਸਰੀ ਕੇਸਰੀ ਤੇ ਨੀਲੇ ਰੰਗ ਵਿੱਚ ਰੰਗਿਆ ਗਿਆ

ਸਰੀ/ਕਨੇਡਾ : ਸਲਾਨਾ ਨਗਰ ਕੀਰਤਨ ਮੌਕੇ ਸਿੱਖ ਸੰਗਤਾਂ ਨੂੰ ਵੱਡੀ ਪੱਧਰ ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਘਾਟ ਮਹਿਸੂਸ ਹੋਈ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ/ ਡੈਲਟਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਦੂਰ ਦੁਰਾਡੇ ਤੋਂ ਪਹੁੰਚੀਆਂ ਹੋਈਆਂ ਸਿੱਖ ਸੰਗਤਾਂ ਨੇ ਹਾਜ਼ਰੀ ਲਗਵਾਈ।
ਮਿੰਨੀ ਪੰਜਾਬ ਨਾਲ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ‘‘ਮੀਰੀ ਪੀਰੀ ਦਿਵਸ’’ ਮਨਾਇਆ ਗਿਆ ਅਤੇ ਇਸ ਮੌਕੇ ਨੂੰ ਮੀਰੀ ਪੀਰੀ ਨੂੰ ਸਮਰਪਿਤ ਨਗਰ ਕੀਰਤਨ ਚੜ੍ਹਦੀ ਕਲਾ ਅਤੇ ਉਤਸ਼ਾਹ ਨਾਲ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਅਰੰਭਤਾ ਸਮੇਂ ਅਰਦਾਸ ਕੀਤੀ ਗਈ। ਮੇਨ ਫਲੋਟ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਦੀ ਤਾਬਿਆ ਗੁਰੂ ਘਰ ਦੇ ਮੁੱਖ ਗ੍ਰੰਥੀ ਚੌਰ ਦੀ ਸੇਵਾ ਨਿਭਾਅ ਰਹੇ ਸਨ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜੱਥੇ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਦੂਸਰੇ ਫਲੋਟ ਵਿੱਚ ਗੁਰੂ ਘਰ ਦੇ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਪੁਰਾਤਨ ਤਾਂਤੀ ਸਾਜਾਂ ਨਾਲ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਅਤੇ ਤੀਜੇ ਫਲੋਟ ਵਿੱਚ ਕੌਮ ਦੇ ਅਜ਼ਾਦ ਘਰ ਖਾਲਸਾ ਰਾਜ ਖਾਲਿਸਤਾਨ ਲਈ ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਵਿਸ਼ੇਸ਼ ਖਿੱਚ ਦਾ ਕਾਰਨ ਸਨ ਅਤੇ ਸਿੱਖ ਸੰਗਤਾਂ ਵੱਲੋਂ ‘‘ਰਾਜ ਕਰੇਗਾ ਖਾਲਸਾ’’ ਦੇ ਅਕਾਸ਼ ਗੁੰਜਾਊ ਜੈਕਾਰਿਆਂ ਅਤੇ ਖ਼ਾਲਿਸਤਾਨ ਦੇ ਨਾਅਰਿਆਂ ਨਾਲ ਵਜੇ ਚਾਲੇ ਪਾਏ ਗਏ। ਅੱਗੇ ਅੱਗੇ ਛੋਟੇ ਛੋਟੇ ਬੱਚਿਆਂ ਨੇ ਨੀਲੇ ਅਤੇ ਕੇਸਰੀ ਦੁਮਾਲੇ ਸਜਾ ਕੇ ਗੱਤਕੇ ਦੇ ਜੌਹਰ ਦਿਖਾਏ ਗਏ। ਵੱਖ ਵੱਖ ਦੇਸ਼ਾਂ ਤੋਂ ਖਾਲਿਸਤਾਨ ਰੈਫਰੈਂਡਮ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਫੋਟੋ ਵਾਲਿਆਂ ਜਰਸੀਆਂ ਸਿੱਖ ਸੰਗਤਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਸਨ। ਰਸਤੇ ਵਿੱਚ ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਲੰਗਰਾਂ ਦੇ ਸਟਾਲ ਲਗਾਏ ਗਏ। ਵੱਖ-ਵੱਖ ਪੜਾਵਾਂ ਤੇ ਪੰਥ ਦਰਦੀ ਸੰਗਤਾਂ ਵਲੋਂ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਉਥੇ ਸਿੱਖ ਸੰਗਤਾਂ ਵੱਲੋਂ ਵੱਡੀਆਂ ਵੱਡੀਆਂ ਸਟੇਜਾਂ ਲਗਾ ਕੇ ਸਿੱਖ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਜਾ ਰਿਹਾ ਸੀ। ਗੁਰਦੁਆਰੇ ਸਾਹਿਬ ਦੀਆਂ ਪਾਰਕਾਂ ਵਿੱਚ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਉੱਥੇ ਵੱਖ ਵੱਖ ਸਥਾਨਾਂ ਤੇ ਧਾਰਮਿਕ ਕਿਤਾਬਾਂ ਦੇ ਸਟਾਲ ਲਗਾਏ ਗਏ। ਉੱਥੇ ਵੋਟਾਂ ਪਾਉਣ ਲਈ ਭਾਰੀ ਗਿਣਤੀ ਅਤੇ ਵੱਡੇ ਪੱਧਰ ਤੇ ਡਟ ਕੇ ਪ੍ਰਚਾਰ ਕੀਤਾ ਗਿਆ
ਕੈਲੀਫੋਰਨੀਆਂ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਡਾਕਟਰ ਗੁਰਤੇਜ ਸਿੰਘ ਵੱਲੋਂ ‘‘ਸਿੱਖਾਂ ਦੀ ਨਸਲਕੁਸ਼ੀ ਦੀ ਕਹਾਣੀ’’ ਨਾਮਕ ਫੋਟੋ ਪ੍ਰਦਰਸ਼ਨੀ ਤੇ ਵੀਡੀਓਗ੍ਰਾਫੀ ਸੰਗਤਾਂ ਦੇ ਦਿਲ ਨੂੰ ਧੂਅ ਪਾ ਰਹੀ ਸੀ। ਨੌਜੁਆਨ ਬੱਚੇ ਬੱਚੀਆਂ ਭਰੇ ਮਨ ਨਾਲ ਆਪਣਾ ਲਹੂ ਭਿੱਜਾ ਇਤਿਹਾਸ ਦੇਖ ਤੇ ਸਰਵਣ ਕਰ ਰਹੇ ਸਨ।
ਨਗਰ ਕੀਰਤਨ ਦੀ ਸਮਾਪਤੀ ਉਪਰੰਤ ਇਸ ਵਾਰ ਗੁਰਦੁਆਰਾ ਸਾਹਿਬ ਦੇ ਮੇਨ ਦਰਬਾਰ ਹਾਲ ਵਿੱਚ ਦੀਵਾਨ ਸਜਾਏ ਗਏ। ਜਿਸ ਵਿਚ ਪੰਥ ਪ੍ਰਸਿੱਧ ਢਾਡੀ ਸਿੰਘ, ਰਾਗੀ ਸਿੰਘ ਅਤੇ ਕਵੀਸ਼ਰੀ ਸਿੰਘਾਂ ਅਤੇ ਵੱਖ-ਵੱਖ ਬੁਲਾਰਿਆਂ ਨੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਕੇ ਨਿਹਾਲ ਕੀਤਾ। ਉਪਰੰਤ ਸਟੇਜ ਸੈਕਟਰੀ ਭਾਈ ਭੁਪਿੰਦਰ ਸਿੰਘ ਹੋਠੀ ਵਲੋਂ ਸਟੇਜ ਤੋਂ ਗੁਰੂ ਖਾਲਸਾ ਪੰਥ ਦੀ ਭਲਾਈ ਅਤੇ ਚੜ੍ਹਦੀਕਲਾ ਵਾਸਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਨਗਰ ਕੀਰਤਨ ਵਿਚ ਇਹ ਮਤੇ ਪੜ੍ਹੇ ਗਏ।
(1) ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਗਾਈ ਜਾਵੇ।
(2) ਕੈਨੇਡਾ ਦੇ ਸਮੂਹ ਗੁਰਦਵਾਰਾ ਸਾਹਿਬ ਦੀ ਸਿੱਖ ਸੰਗਤ ਆਪੋ-ਆਪਣੇ ਇਲਾਕੇ ਦੇ ਐਮ ਪੀ ਨਾਲ ਗੱਲਬਾਤ ਕਰਨ ਭਾਈ ਹਰਦੀਪ ਸਿੰਘ ਦੇ ਕਾਤਲਾਂ ਦੀ ਪਛਾਣ ਜੱਗ ਜ਼ਾਹਰ ਕਰਨ ਲਈ Onilne peititon ਸਾਇਨ ਆਫ ਕਰਨ।
(3) ਕਾਮਾਗਾਟਾਮਾਰੂ ਜਹਾਜ਼ ਦਾ ਅਸਲ ਨਾਮ ‘‘ਗੁਰੂ ਨਾਨਕ ਜਹਾਜ਼’’ ਹੀ ਲਿਖਿਆ ਅਤੇ ਪੜਿ੍ਹਆ ਜਾਵੇ। ਇਤਿਹਾਸ ਵਿੱਚ ਵਰਤੇ ਇਸ ਨਾਮ ਨੂੰ ਠੀਕ ਕੀਤਾ ਜਾਵੇ।
(4) ਗੁਰੂ ਨਾਨਕ ਸਿੱਖ ਗੁਰਦਵਾਰਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਪੰਥ ਦਰਦੀ ਸਿੱਖ ਸੰਗਤ ਭਾਰਤੀ ਸਟੇਟ ਵੱਲੋਂ ਮਨੀਪੁਰ ਦੇ ਕੂਕੀ ਇਸਾਈ ਭਾਈਚਾਰੇ ਦੀਆਂ ਧੀਆਂ ਭੈਣਾਂ ਉੱਤੇ ਕੀਤੇ ਗਏ ਭਿਆਨਕ ਅਤਿਆਚਾਰ ਅਤੇ ਹਰਿਆਣਾ ਵਿਖੇ ਨਿਰਦੋਸ਼ ਮੁਸਲਮਾਨਾਂ ਦੇ ਕਤਲੇਆਮ ਦੀ ਨਿਖੇਧੀ ਕਰਦੀ ਹੈ।
(5) ਭਾਈ ਹਰਦੀਪ ਸਿੰਘ ਨਿੱਝਰ ਦੀ ਆਖਰੀ ਇੱਛਾ ਨੂੰ ਪੂਰਾ ਕਰਨ ਲਈ ਸਿੱਖ ਸੰਗਤ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸ਼ਹੀਦਾਂ ਦਾ ਸੁਪਨਾ ਖਾਲਸਾ ਰਾਜ ਦੀ ਪ੍ਰਾਪਤੀ ਲਈ ਯੋਗਦਾਨ ਪਾਈਏ।
(6) ਵਿੱਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼ਹੀਦ ਭਾਈ ਨਿੱਝਰ ਵੱਲੋਂ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਅਤੇ ਹੋਰ ਅੱਗੇ ਲੈ ਕੇ ਜਾਣ ਲਈ ਸਮੂਹ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਸਾਥ ਅਤੇ ਸਹਿਯੋਗ ਦੇਣ ਲਈ ਅਪੀਲ ਤਾਂ ਕਿ ਪਹਿਲਾਂ ਦੀ ਤਰ੍ਹਾਂ ਬਗੈਰ ਕੋਈ ਲੋਨ ਲਏ ਸਾਰੇ ਕਾਰਜ ਸੰਗਤਾਂ ਦੀ ਭੇਟਾ ਕੀਤੀ ਮਾਇਆ ਨਾਲ ਚੱਲਦੇ ਰਹਿਣ ।
ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਪੜ੍ਹੇ ਗਏ ਮਤਿਆਂ ਨੂੰ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦੇਣ।
ਅਖੀਰ ਵਿੱਚ ਇਨ੍ਹਾਂ ਸਮਾਗਮਾਂ ਲਈ ਵਿਸ਼ੇਸ਼ ਸਹਿਯੋਗ ਦੇਣ ਵਾਲੀਆਂ ਦੂਰ ਦੁਰਾਡੇ ਤੋਂ ਪਹੁੰਚੀਆਂ ਹੋਈਆਂ ਅਤੇ ਸੇਵਾ ਤੇ ਸਿੱਖੀ ਦਾ ਪ੍ਰਚਾਰ ਕਰ ਰਹੀਆਂ ਸਿੱਖ ਸੰਗਤਾਂ, ਸਿੱਖ ਸੰਸਥਾਵਾਂ ਅਤੇ ਲੋਕਲ ਸ਼ਹਿਰੀ ਇੰਤਜਾਮੀਆਂ ਜਿਵੇਂ ਕਿ ਸਿਟੀ ਆਫ ਸਰੀ, ਆਰ.ਸੀ.ਐਮ.ਪੀ, ਸਰੀ ਪੁਲਿਸ ਅਤੇ ਹੋਰ ਵੱਖ-ਵੱਖ ਸਾਰੇ ਹੀ ਵਲੰਟੀਅਰ ਸੇਵਾਦਾਰ ਵੀਰਾਂ ਅਤੇ ਸਾਰੀਆਂ ਸੰਸਥਾਵਾਂ ਦੇ ਪ੍ਰਬੰਧਕਾ ਦਾ ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਾਸਤੇ ਵੀ ਇਸ ਇਸੇ ਤਰ੍ਹਾਂ ਹੀ ਰਲਮਿਲ ਕੇ ਸਹਿਯੋਗ ਦੇਣ ਲਈ ਬੇਨਤੀ ਕੀਤੀ।’