ਮੀਂਹ ਨਾਲ ਸਮਾਰਟ ਸਿਟੀ ਹੋਈ ਜਲ-ਥਲ

ਮੀਂਹ ਨਾਲ ਸਮਾਰਟ ਸਿਟੀ ਹੋਈ ਜਲ-ਥਲ

ਲੁਧਿਆਣਾ- ਸਮਾਰਟ ਸਿਟੀ ਲੁਧਿਆਣਾ ’ਚ ਸ਼ਨਿੱਚਰਵਾਰ ਦੀ ਸਵੇਰੇ ਸ਼ੁਰੂ ਹੋਇਆ ਮੀਂਹ ਸਾਰਾ ਦਿਨ ਹੀ ਵਰ੍ਹਦਾ ਰਿਹਾ। ਤੇਜ਼ ਵਰ੍ਹੇ ਮੀਂਹ ਨੇ ਸਮਾਰਟ ਸਿਟੀ ਦੇ ਹਾਲਾਤ ਖ਼ਰਾਬ ਹੋ ਗਏ। ਸਨਅਤੀ ਸ਼ਹਿਰ ਦਾ ਚਾਹੇ ਪੌਸ਼ ਇਲਾਕਾ ਹੋਵੇ ਜਾਂ ਫਿਰ ਆਮ ਇਲਾਕੇ ਦਾ ਕੋਈ ਵੀ ਮੁਹੱਲਾ, ਗਲੀ ਅਜਿਹੀ ਨਹੀਂ ਸੀ, ਜਿੱਥੇ ਪਾਣੀ ਨਾ ਭਰਿਆ ਹੋਵੇ। ਮੌਸਮ ਵਿਭਾਗ ਮੁਤਾਬਕ ਸਨਅਤੀ ਸ਼ਹਿਰ ਵਿੱਚ 43 ਐੱਮਐੱਮ ਮੀਂਹ ਵਰ੍ਹਿਆ। ਇਸ ਨਾਲ ਸ਼ਹਿਰ ਦਾ ਬੁੱਢਾ ਨਾਲਾ ਵੀ ਭਰ ਗਿਆ। ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਪਾਣੀ ਖੜ੍ਹਾ ਦਿਖਾਈ ਦਿੱਤਾ। ਪਾਣੀ ਭਰਨ ਕਾਰਨ ਲੋਕ ਘਰਾਂ ’ਚ ਕੈਦ ਹੋ ਗਏ। ਸ਼ਾਮ ਨੂੰ ਮੀਂਹ ਬੰਦ ਹੋਣ ਤੋਂ ਬਾਅਦ ਪਾਣੀ ਦਾ ਪੱਧਰ ਕੁਝ ਘੱਟ ਹੋਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੰਨੀਏ ਤਾਂ ਐਤਵਾਰ ਨੂੰ ਵੀ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਹੈ।
ਸਨਅਤੀ ਸ਼ਹਿਰ ਵਿੱਚ ਸ਼ਨਿੱਚਰਵਾਰ ਸਵੇਰੇ ਮੀਂਹ ਦੀ ਝੜੀ ਲੱਗ ਗਈ, ਜੋ ਕਿ ਸ਼ਾਮ ਤੱਕ ਤੱਕ ਜਾਰੀ ਰਹੀ। ਲਗਾਤਰ ਪੈ ਰਹੀ ਮੀਂਹ ਕਾਰਨ ਸ਼ਹਿਰ ਦੇ ਸਾਰੇ ਇਲਾਕਿਆਂ ’ਚ ਪਾਣੀ ਭਰ ਗਿਆ। ਹਾਲਾਂਕਿ, ਕਈ ਇਲਾਕੇ ਅਜਿਹੇ ਸਨ ਜਿੱਥੇ ਪਾਣੀ ਸ਼ਾਮ ਤੱਕ ਘੱਟ ਗਿਆ। ਸਮਰਾਲਾ ਚੌਕ, ਚੰਡੀਗੜ੍ਹ ਰੋਡ ਸੈਕਟਰ 32, ਗਿਆਸਪੁਰਾ ਚੌਕ, ਸ਼ੇਰਪੁਰ ਚੌਕ, ਰਾਹੋਂ ਰੋਡ, ਸ਼ਿਵਪੁਰੀ, ਸ਼ਿਵਾਜੀ ਨਗਰ, ਜਨਕਪੁਰੀ, ਵਿਸ਼ਵਕਰਮਾ ਚੌਕ, ਜੇਲ੍ਹ ਚੌਕ, ਜਨਤਾ ਨਗਰ ਇਲਾਕੇ ਵਿੱਚ ਪਾਣੀ ਭਰਿਆ ਹੋਣ ਕਾਰਨ ਟਰੈਫਿਕ ਜਾਮ ਲੱਗ ਗਿਆ। ਸ਼ਹਿਰ ਫਿਰੋਜ਼ਪੁਰ ਰੋਡ ’ਤੇ ਚੱਲ ਰਹੇ ਵਿਕਾਸ ਕਾਰਜਾਂ ਕਾਰਨ ਇੱਥੇ ਮੀਂਹ ਨੇ ਰਸਤੇ ਦਾ ਬੁਰਾ ਹਾਲ ਕਰ ਦਿੱਤਾ। ਪਾਣੀ ਤਾਂ ਇਸ ਸੜਕ ’ਤੇ ਜ਼ਿਆਦਾ ਖੜ੍ਹਾ ਨਹੀਂ ਸੀ। ਪਰ ਚਿੱਕੜ ਹੋਣ ਕਾਰਨ ਇੱਥੇ ਲੋਕਾਂ ਨੂੰ ਨਿਕਲਣ ਲਈ ਕਾਫ਼ੀ ਪ੍ਰੇਸ਼ਾਨੀ ਹੋਈ।