ਮੀਂਹ ਦੀ ਮਾਰ: ਕਣਕ ਦੀ ਵਾਢੀ ਪੱਛੜੀ

ਮੀਂਹ ਦੀ ਮਾਰ: ਕਣਕ ਦੀ ਵਾਢੀ ਪੱਛੜੀ

ਕੇਂਦਰ ਸਰਕਾਰ ਨੇ ਪੰਜਾਬ ਤੋਂ ਖ਼ਰਾਬੇ ਵਾਲੀ ਫ਼ਸਲ ਦੇ ਨਮੂਨੇ ਮੰਗੇ
ਚੰਡੀਗੜ੍ਹ,- ਪੰਜਾਬ ’ਚ ਲੰਘੀ ਰਾਤ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਕਾਰਨ ਕਣਕ ਦੀ ਵਾਢੀ ਵਿਸਾਖੀ ਤੱਕ ਪੱਛੜਣ ਦਾ ਅਨੁਮਾਨ ਹੈ। ਪੰਜਾਬ ’ਚ ਕਣਕ ਦੀ ਸਰਕਾਰੀ ਖ਼ਰੀਦ ਭਲਕ ਤੋਂ ਸ਼ੁਰੂ ਹੋ ਰਹੀ ਹੈ ਪ੍ਰੰਤੂ ਹਾਲੇ ਤੱਕ ਕਿਸੇ ਵੀ ਮੰਡੀ ਵਿੱਚ ਫ਼ਸਲ ਨਹੀਂ ਪੁੱਜੀ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ’ਚ ਗੜੇ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਿਸ ਤੋਂ ਅੰਨਦਾਤਾ ਦੇ ਫ਼ਿਕਰ ਹੋਰ ਵਧ ਗਏ ਹਨ। ਹਰਿਆਣਾ ’ਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ। ਅੱਜ ਸੂਬੇ ਦੇ ਕਰੀਬ ਦਰਜਨ ਜ਼ਿਲ੍ਹਿਆਂ ਵਿੱਚ ਬਾਰਸ਼ ਪਈ ਹੈ ਅਤੇ ਸਮੁੱਚੇ ਪੰਜਾਬ ਵਿੱਚ ਬੱਦਲਵਾਈ ਬਣੀ ਹੋਈ ਹੈ। ਪੱਕਣ ’ਤੇ ਆਈ ਕਣਕ ਨੂੰ ਤੇਜ਼ ਹਵਾਵਾਂ ਨੇ ਡੇਗ ਦਿੱਤਾ ਹੈ। ਨੀਵੇਂ ਖੇਤਾਂ ਵਿੱਚ ਪਾਣੀ ਖੜ੍ਹ ਗਿਆ ਹੈ।

ਕੇਂਦਰ ਸਰਕਾਰ ਨੇ ਮੀਂਹ ਕਾਰਨ ਪ੍ਰਭਾਵਿਤ ਹੋਈ ਕਣਕ ਦੀ ਫ਼ਸਲ ਬਾਰੇ ਪੰਜਾਬ ਤੋਂ ਰਿਪੋਰਟ ਅਤੇ ਖ਼ਰਾਬੇ ਵਾਲੀ ਫ਼ਸਲ ਦੇ ਨਮੂਨੇ ਮੰਗੇ ਹਨ ਪ੍ਰੰਤੂ ਸੂਬੇ ਵਿੱਚ ਹਾਲੇ ਫ਼ਸਲ ਮੰਡੀਆਂ ਵਿੱਚ ਨਹੀਂ ਆਈ ਹੈ ਜਿਸ ਕਰਕੇ ਇਹ ਨਮੂਨੇ ਭੇਜਣੇ ਮੁਨਾਸਿਬ ਨਹੀਂ ਹਨ। ਪਿਛਲੇ ਵਰ੍ਹੇ ਮੰਡੀਆਂ ਵਿੱਚ ਪਹਿਲੀ ਅਪਰੈਲ ਨੂੰ ਕਣਕ ਦੀ ਆਮਦ ਸ਼ੁਰੂ ਹੋ ਗਈ ਸੀ। ਖੇਤੀ ਮਾਹਿਰਾਂ ਮੁਤਾਬਿਕ ਐਤਕੀਂ ਵਿਸਾਖੀ ਮਗਰੋਂ ਫ਼ਸਲ ਦੀ ਆਮਦ ਸ਼ੁਰੂ ਹੋਵੇਗੀ। ਖੇਤੀ ਮਹਿਕਮੇ ਅਨੁਸਾਰ ਪੰਜਾਬ ਵਿਚ ਹੁਣ ਤੱਕ 13.60 ਲੱਖ ਹੈਕਟੇਅਰ ਫ਼ਸਲ ਮੀਂਹ ਤੇ ਝੱਖੜ ਨਾਲ ਪ੍ਰਭਾਵਿਤ ਹੋਈ ਹੈ ਜਿਸ ਵਿੱਚੋਂ ਕਰੀਬ ਇੱਕ ਲੱਖ ਹੈਕਟੇਅਰ ਫ਼ਸਲ ਦਾ ਸੌ ਫ਼ੀਸਦੀ ਨੁਕਸਾਨ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ਨਿੱਚਰਵਾਰ ਨੂੰ ਵੀ ਬੱਦਲਵਾਈ ਬਣੀ ਰਹੇਗੀ ਅਤੇ ਸੋਮਵਾਰ ਤੋਂ ਮੁੜ ਪੰਜਾਬ ਵਿੱਚ ਖ਼ਾਸ ਕਰਕੇ ਮਾਲਵਾ ਖ਼ਿੱਤੇ ਵਿੱਚ ਗੜੇ ਪੈ ਸਕਦੇ ਹਨ। ਮੰਗਲਵਾਰ ਨੂੰ ਤੇਜ਼ ਹਵਾਵਾਂ ਚੱਲਣਗੀਆਂ। ਮੌਸਮ ਵਿਭਾਗ ਦੇ ਮਾਹਿਰ ਆਖਦੇ ਹਨ ਕਿ ਪੱਛਮੀ ਗੜਬੜੀ ਕਾਰਨ ਐਤਵਾਰ ਦੀ ਰਾਤ ਤੋਂ ਹੀ ਉੱਤਰੀ ਪੱਛਮੀ ਭਾਰਤ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਅੱਜ ਪੰਜਾਬ ਦੇ ਪਟਿਆਲਾ ਵਿੱਚ 20 ਐਮ.ਐਮ, ਨਵਾਂ ਸ਼ਹਿਰ ਅਤੇ ਰੋਪੜ ਜ਼ਿਲ੍ਹੇ ਵਿੱਚ ਅੱਠ ਅੱਠ ਐਮ.ਐਮ, ਹਸ਼ਿਆਰਪੁਰ ਵਿੱਚ ਪੰਜ ਐਮ.ਐਮ ਤੇ ਫ਼ਤਿਹਗੜ੍ਹ ਸਾਹਿਬ ਵਿੱਚ 4.5 ਐਮ.ਐਮ ਬਾਰਸ਼ ਹੋਈ ਹੈ।
ਫ਼ਾਜ਼ਿਲਕਾ ਦੇ ਪਿੰਡ ਪੰਨੀਵਾਲਾ ਮਾਹਲਾ ਦੇ ਕਿਸਾਨ ਮੁਖ਼ਤਿਆਰ ਸਿੰਘ ਨੇ ਕਿਹਾ ਕਿ ਵਿਗੜੇ ਮੌਸਮ ਨੇ ਕਿਸਾਨਾਂ ਦੀ ਨੀਂਦ ਉਡਾ ਰੱਖੀ ਹੈ ਅਤੇ ਇਸ ਵਾਰ ਕਿਸਾਨਾਂ ਦੇ ਲਾਗਤ ਖ਼ਰਚੇ ਕਾਫ਼ੀ ਵਧ ਜਾਣੇ ਹਨ। ਪਟਿਆਲਾ ਦੇ ਪਿੰਡ ਰੋਹਟੀ ਖ਼ਾਸ ਦੇ ਕਿਸਾਨ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਬਹੁਤੇ ਖ਼ਿੱਤਿਆਂ ਵਿੱਚ ਤਾਂ ਕਿਸਾਨਾਂ ਨੂੰ ਹੱਥੀਂ ਵਾਢੀ ਹੀ ਕਰਨੀ ਪਵੇਗੀ ਕਿਉਂਕਿ ਫ਼ਸਲ ਇੰਨੀ ਡਿੱਗ ਪਈ ਹੈ ਜਿਸ ਨੂੰ ਕੰਬਾਈਨ ਚੁੱਕ ਨਹੀਂ ਸਕੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਕੰਬਾਈਨਾਂ ਦੇ ਰੇਟ ਵੀ ਵਧ ਜਾਣੇ ਹਨ ਅਤੇ ਫ਼ਸਲ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਵੇਗੀ।

ਇਸ ਵਾਰ ਫ਼ਸਲ ਦਾ ਕਰੀਬ 15 ਫ਼ੀਸਦੀ ਝਾੜ ਘਟਣ ਦਾ ਅੰਦਾਜ਼ਾ ਹੈ। ਸਰਕਾਰੀ ਅਧਿਕਾਰੀ ਆਖਦੇ ਹਨ ਕਿ ਮੀਂਹ ਕਾਰਨ ਇਕੱਲੇ ਪੰਜਾਬ ਵਿੱਚ ਨਹੀਂ ਬਲਕਿ ਹਰਿਆਣਾ ਤੇ ਪੱਛਮੀ ਯੂ.ਪੀ ਵਿੱਚ ਵੀ ਫ਼ਸਲ ਪ੍ਰਭਾਵਿਤ ਹੋਈ ਹੈ ਜਿਸ ਕਰਕੇ ਇਹ ਸਾਂਝਾ ਮਸਲਾ ਹੈ। ਖੇਤੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਅੱਜ ਹੋਈ ਬਾਰਸ਼ ਦੀ ਰਿਪੋਰਟ ਹਾਸਲ ਕੀਤੀ ਜਾ ਰਹੀ ਹੈ ਪ੍ਰੰਤੂ ਹੁਣ ਤੱਕ ਕਰੀਬ ਇੱਕ ਲੱਖ ਹੈਕਟੇਅਰ ਰਕਬੇ ਵਿੱਚ ਫ਼ਸਲ ਸੌ ਫ਼ੀਸਦੀ ਨੁਕਸਾਨੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਦੋ ਦਿਨਾਂ ਮਗਰੋਂ ਧੁੱਪ ਨਿਕਲ ਆਉਂਦੀ ਹੈ ਤਾਂ ਚਾਰ ਪੰਜ ਦਿਨਾਂ ਵਿੱਚ ਵਾਢੀ ਸ਼ੁਰੂ ਹੋ ਜਾਵੇਗੀ। ਚੇਤੇ ਰਹੇ ਕਿ ਭਾਰਤੀ ਰਿਜ਼ਰਵ ਬੈਂਕ ਨੇ 29 ਹਜ਼ਾਰ ਕਰੋੜ ਦੀ ਕੈਸ਼ ਕਰੈਡਿਟ ਲਿਮਟ ਪ੍ਰਵਾਨ ਕਰ ਦਿੱਤੀ ਹੈ।