ਮੀਂਹ ਤੇ ਗੜਿਆਂ ਨੇ ਕਣਕ ਦੀ ਫਸਲ ਝੰਬੀ

ਮੀਂਹ ਤੇ ਗੜਿਆਂ ਨੇ ਕਣਕ ਦੀ ਫਸਲ ਝੰਬੀ

ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਅੱਜ ਦੁਪਹਿਰ ਸਮੇਂ ਪਏ ਗੜਿਆਂ, ਮੀਂਹ ਅਤੇ ਤੇਜ਼ ਹਵਾਵਾਂ ਨੇ ਖੇਤਾਂ ਵਿੱਚ ਤਿਆਰ ਖੜ੍ਹੀ ਹਾੜੀ ਦੀ ਫਸਲ ਡੇਗ ਦਿੱਤੀ। ਇਸ ਦੌਰਾਨ ਪਟਿਆਲਾ ਤੇ ਮੋਗਾ ’ਚ ਕੁਝ ਥਾਵਾਂ ’ਤੇ ਗੜੇ ਪਏ। ਇਨ੍ਹਾਂ ਇਲਾਕਿਆਂ ਵਿੱਚ ਕਣਕ ਦੀ ਫਸਲ ਦਾ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਦੂਜੇ ਪਾਸੇ ਭਾਰੀ ਮੀਂਹ ਕਰਕੇ ਖੇਤ ਪਾਣੀ ਵਿੱਚ ਡੁੱਬ ਗਏ ਹਨ ਅਤੇ ਤੇਜ਼ ਹਵਾਵਾਂ ਕਰਕੇ ਤਿਆਰ ਖੜ੍ਹੀ ਫਸਲ ਵੀ ਡਿੱਗ ਗਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 21 ਤੇ 22 ਮਾਰਚ ਨੂੰ ਹਲਕਾ ਅਤੇ 23 ਤੇ 24 ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ। ਇਸ ਦੇ ਨਾਲ ਹੀ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

ਜ਼ਿਲ੍ਹਾ ਪਟਿਆਲਾ ਦੇ ਪਿੰਡ ਸਨੌਰ ਦੇ ਕਿਸਾਨ ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਵਿੱਚ ਕਣਕ ਦੀ ਫਸਲ ਤਿਆਰ ਹੋਣ ਕੰਢੇ ਪਹੁੰਚ ਚੁੱਕੀ ਹੈ। ਇਸ ਸਮੇਂ ਮੀਂਹ ਤੇ ਤੇਜ਼ ਹਵਾਵਾਂ ਕਰਕੇ ਪੱਕੀ ਹੋਈ ਫਸਲ ਹੇਠਾਂ ਡਿੱਗ ਗਈ ਹੈ। ਇਸ ਨਾਲ ਕਣਕ ਦਾ ਦਾਣਾ ਸੁੰਗੜ ਜਾਵੇਗਾ ਅਤੇ ਫਸਲ ਦੇ ਝਾੜ ’ਤੇ ਵੀ ਅਸਰ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਤੇਜ਼ ਮੀਂਹ ਪੈਣ ਕਰਕੇ ਖੇਤ ਪਾਣੀ ਵਿੱਚ ਡੁੱਬ ਗਏ ਹਨ ਜੋ ਫਸਲ ਲਈ ਨੁਕਸਾਨਦਾਇਕ ਸਾਬਿਤ ਹੋਵੇਗਾ। ਮੀਂਹ ਦਾ ਫਲ ਤੇ ਸਬਜ਼ੀਆਂ ਦੀ ਫਸਲ ’ਤੇ ਵੀ ਅਸਰ ਪਵੇਗਾ।

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਅੱਜ ਸਭ ਤੋਂ ਵੱਧ 28 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਵਿੱਚ 18.5 ਐੱਮਐੱਮ, ਮੁਹਾਲੀ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਠਾਨਕੋਟ, ਬਰਨਾਲਾ ਤੇ ਫਿਰੋਜ਼ਪੁਰ ਸਣੇ ਸੂਬੇ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਭਾਰੀ ਮੀਂਹ ਪਿਆ ਹੈ। ਹਰਿਆਣਾ ਦੇ ਅੰਬਾਲਾ ’ਚ ਸਭ ਤੋਂ ਵੱਧ 38.8 ਐੱਮਐੱਮ, ਰੋਹਤਕ ’ਚ 22 ਐੱਮਐੱਮ, ਸੋਨੀਪਤ ’ਚ 26 ਐੱਮਐੱਮ, ਕਰਨਾਲ ’ਚ 14 ਐੱਮਐੱਮ, ਗੁਰੂਗ੍ਰਾਮ ’ਚ 13 ਐੱਮਐੱਮ, ਮਹਿੰਦਰਗੜ੍ਹ ’ਚ 17 ਐੱਮਐੱਮ ਮੀਂਹ ਪਿਆ ਹੈ। ਮੀਂਹ ਅਤੇ ਠੰਢੀਆਂ ਹਵਾਲਾਂ ਚੱਲਣ ਕਰਕੇ ਦੋਵਾਂ ਸੂਬਿਆਂ ਵਿੱਚ ਤਾਪਮਾਨ ਵੀ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ।

ਨੁਕਸਾਨ ਦੇ ਵੇਰਵੇ ਇਕੱਠੇ ਕਰਨ ਲਈ ਟੀਮਾਂ ਦਾ ਗਠਨ

ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੀਂਹ ਪੈਣ ਕਰਕੇ ਵਿਭਾਗ ਨੇ ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਟੀਮਾਂ ਦਾ ਗਠਨ ਕਰ ਦਿੱਤਾ ਹੈ ਜਿਨ੍ਹਾਂ ਵੱਲੋਂ ਫਸਲ ਦੇ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਖਾਦ ਦੀ ਵਰਤੋਂ ਨਾ ਕੀਤੀ ਜਾਵੇ।