ਮੀਂਹ ਕਾਰਨ ਹੋਈ ਤਬਾਹੀ ਨੂੰ ‘ਕੌਮੀ ਆਫ਼ਤ’ ਐਲਾਨਿਆ ਜਾਵੇ: ਸੁੱਖੂ

ਮੀਂਹ ਕਾਰਨ ਹੋਈ ਤਬਾਹੀ ਨੂੰ ‘ਕੌਮੀ ਆਫ਼ਤ’ ਐਲਾਨਿਆ ਜਾਵੇ: ਸੁੱਖੂ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਬੇ ’ਚ ਮੀਂਹ ਕਾਰਨ ਆਈ ਆਫ਼ਤ ਨੂੰ ‘ਕੌਮੀ ਆਫ਼ਤ’ ਐਲਾਨਣ ਦੀ ਅਪੀਲ ਕੀਤੀ ਹੈ। ਸੁੱਖੂ ਕਾਂਗਰਸ ਸ਼ਾਸਿਤ ਸੂਬਿਆਂ ਵਿੱਚੋਂ ਇਕਲੌਤੇ ਮੁੱਖ ਮੰਤਰੀ ਸਨ ਜਿਹੜੇ ਸ਼ਨਿਚਰਵਾਰ ਨੂੰ ਜੀ-20 ਨੇਤਾਵਾਂ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦਿੱਤੇ ਰਾਤਰੀ ਭੋਜ ’ਚ ਸ਼ਾਮਲ ਹੋਏ। ਮੁੱਖ ਮੰਤਰੀ ਨੇ ਅੱਜ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ’ਚ ਲਿਖਿਆ, ‘‘ਜੀ-20 ਸਿਖਰ ਸੰਮੇਲਨ ਦੇ ਰਾਤਰੀ ਭੋਜ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਦੌਰਾਨ ਹਿਮਾਚਲ ਪ੍ਰਦੇਸ਼ ’ਚ ਮੋਹਲੇਧਾਰ ਮੀਂਹ ਦੇ ਗੰਭੀਰ ਨਤੀਜਿਆਂ ਤੋਂ ਜਾਣੂ ਕਰਵਾਉਣ ਦਾ ਮੌਕਾ ਮਿਲਿਆ। ਮੈਂ, ਇੱਕ ਵਿਸ਼ੇਸ਼ ਆਫ਼ਤ ਰਾਹਤ ਪੈਕੇਜ ਦੀ ਅਪੀਲ ਕੀਤੀ ਅਤੇ ਸਥਿਤੀ ਦੀ ਨਜ਼ਾਕਤ ’ਤੇ ਚਾਨਣਾ ਪਾਉਂਦਿਆਂ ਇਸ ਨੂੰ ਕੌਮੀ ਆਫ਼ਤ ਐਲਾਨਣ ਦੀ ਲੋੜ ’ਤੇ ਜ਼ੋਰ ਦਿੱਤਾ।’’

ੲਿੱਕ ਅਧਿਕਾਰਤ ਬਿਆਨ ਮੁਤਾਬਕ ਸ੍ਰੀ ਸੁੱਖੂ ਨੇ ਮੌਨਸੂਨ ਦੌਰਾਨ ਪਹਾੜੀ ਸੂਬੇ ਵਿੱਚ ਹੋਏ ਨੁਕਸਾਨ ਦੀ ਗੰਭੀਰਤਾ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾੲਿਆ ਹੈ ਅਤੇ ਉਨ੍ਹਾਂ ਨੂੰ ਮੀਂਹ ਨਾਲ ਸਬੰਧਤ ਘਟਨਾਵਾਂ ਨੂੰ ‘‘ਕੌਮੀ ਆਫ਼ਤ’’ ਐਲਾਨਣ ਦੀ ਅਪੀਲ ਕੀਤੀ। ਮੁੱਖ ਮੰਤਰੀ ਸੁੱਖੂ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਆਖਿਆ ਕਿ ਹਿਮਾਚਲ ਪ੍ਰਦੇਸ਼ ਨੂੰ ਹਾਲਾਤ ’ਚ ਸੁਧਾਰ ਲਈ ਕੇਂਦਰ ਸਰਕਾਰ ਤੋਂ ਢੁੱਕਵੀਂ ਸਹਾਇਤਾ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਸੂਬੇ ਵਾਸਤੇ ਇੱਕ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਸੁੱਖੂ ਨੇ ਪਹਿਲਾਂ ਕਿਹਾ ਸੀ ਕਿ ਸੂਬੇ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ 12,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।