ਮੀਂਹ ਕਾਰਨ ਮੰਡੀਆਂ ’ਚ ਵਿਕਣ ਆਈ ਮੱਕੀ ਡੁੱਬੀ

ਮੀਂਹ ਕਾਰਨ ਮੰਡੀਆਂ ’ਚ ਵਿਕਣ ਆਈ ਮੱਕੀ ਡੁੱਬੀ

ਜਗਰਾਉਂ- ਮੌਨਸੂਨ ਦੀ ਅੱਜ ਹੋਈ ਪਹਿਲੀ ਜ਼ੋਰਦਾਰ ਬਾਰਿਸ਼ ਨੇ ਜਲਥਲ ਕਰ ਦਿੱਤਾ। ਸ਼ਹਿਰ ਦੇ ਕਈ ਹਿੱਸਿਆਂ ’ਚ ਪਾਣੀ ਭਰ ਗਿਆ, ਪੁਰਾਣੀ ਤੇ ਨਵੀਂ ਦਾਣਾ ਮੰਡੀ ’ਚ ਮੀਂਹ ਨੇ ਵੱਡਾ ਨੁਕਸਾਨ ਕੀਤਾ।
ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ’ਚ ਖੁੱਲ੍ਹੇ ਅਸਮਾਨ ਹੇਠਾਂ ਪਈ ਹਜ਼ਾਰਾਂ ਕੁਇੰਟਲ ਮੱਕੀ ਪਾਣੀ ’ਚ ਡੁੱਬ ਗਈ। ਮੰਡੀ ਦੇ ਕਈ ਹਿੱਸਿਆਂ ‘ਚ ਪਾਣੀ ਭਰ ਜਾਣ ਕਰਕੇ ਮੱਕੀ ਪਾਣੀ ’ਚ ਤੈਰਦੀ ਨਜ਼ਰ ਆਈ। ਪਹਿਲੀ ਹੀ ਬਾਰਿਸ਼ ਨੇ ਪਾਣੀ ਨਿਕਾਸੀ ਦੇ ਨਾਕਸ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਤੇ ਪ੍ਰਸ਼ਾਸਨਿਕ ਦਾਅਵੇ ਵੀ ਅੱਜ ਖੋਖਲੇ ਸਾਬਤ ਹੋਏ। ਸਵੇਰ ਵੇਲੇ ਸ਼ੁਰੂ ਹੋਈ ਬਾਰਿਸ਼ ਦੁਪਹਿਰ ਤੱਕ ਜਾਰੀ ਰਹੀ। ਥੋੜ੍ਹਾ ਜਿਹਾ ਮੀਂਹ ਪੈਣ ‘ਤੇ ਹੀ ਕਮਲ ਚੌਕ, ਅਨਾਰਕਲੀ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ ਮਾਰਗ, ਸਦਨ ਮਾਰਕੀਟ, ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਪਾਣੀ ਭਰ ਗਿਆ। ਇਨ੍ਹਾਂ ਬਾਜ਼ਾਰਾਂ ਦੀਆਂ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਹੀ ਨਹੀਂ। ਇਕ ਕੱਪੜੇ ਦੀ ਦੁਕਾਨ ‘ਚ ਪਾਣੀ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਤੇ ਕੁਝ ਹੋਰਨਾਂ ਦੁਕਾਨਦਾਰਾਂ ਨੂੰ ਵੀ ਮੀਂਹ ਦੇ ਪਾਣੀ ਕਰਕੇ ਭਾਰੀ ਨੁਕਸਾਨ ਝੱਲਣਾ ਪਿਆ। ਪੁਰਾਣੀ ਦਾਣਾ ਮੰਡੀ ‘ਚ ਵੀ ਪਾਣੀ ਭਰਨ ਕਰਕੇ ਵਪਾਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਦੂਜੇ ਪਾਸੇ ਮੱਕੀ ਤੇ ਮੂੰਗੀ ਨਾਲ ਭਰੀ ਪਈ ਨਵੀਂ ਦਾਣਾ ਮੰਡੀ ‘ਚ ਵੀ ਭਾਰੀ ਨੁਕਸਾਨ ਦੀ ਰਿਪੋਰਟ ਹੈ। ਆੜ੍ਹਤੀ ਪ੍ਰਹਲਾਦ ਸਿੰਗਲਾ ਨੇ ਦੱਸਿਆ ਕਿ ਸ਼ੈੱਡਾਂ ਹੇਠਾਂ ਰੱਖੀ ਮੱਕੀ ਵੀ ਪਾਣੀ ਭਰ ਜਾਣ ਕਰਕੇ ਬਚ ਨਹੀਂ ਸਕੀ।