ਮੀਂਹ ਕਾਰਨ ਮੁੜ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾਏਗੀ ਸਰਕਾਰ: ਧਾਲੀਵਾਲ

ਮੀਂਹ ਕਾਰਨ ਮੁੜ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾਏਗੀ ਸਰਕਾਰ: ਧਾਲੀਵਾਲ

ਕੈਬਨਿਟ ਮੰਤਰੀ ਵੱਲੋਂ ਪਿੰਡਾਂ ਦਾ ਦੌਰਾ; ਕਿਸਾਨਾਂ ਨੂੰ ਨੁਕਸਾਨ ਦੀ ਭਰਪਾਈ ਦਾ ਭਰੋਸਾ
ਅਜਨਾਲਾ – ਖੇਤੀਬਾੜੀ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇਥੇ ਕਿਹਾ ਕਿ ਬੀਤੇ ਦਿਨ ਸੂਬੇ ਵਿੱਚ ਪਏ ਮੀਂਹ ਤੇ ਗੜਿਆਂ ਕਾਰਨ ਜਿੱਥੇ-ਜਿੱਥੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਸਰਕਾਰ ਉਥੇ ਮੁੜ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਅੱਜ ਅਜਨਾਲਾ ਹਲਕੇ ਦੇ ਪਿੰਡਾਂ ਵਿੱਚ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲੈਣ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਪਿੰਡ ਤੇੜਾ ਕਲਾਂ, ਭੋਏਵਾਲੀ, ਤੇਰੀ, ਚਮਿਆਰੀ, ਕਮਾਲਪੁਰਾ, ਮੁਕਾਮ ਅਤੇ ਖਾਨੋਵਾਲ ਦਾ ਦੌਰਾ ਕਰਕੇ ਕਣਕ, ਚਾਰਾ, ਮੱਕੀ, ਸਬਜ਼ੀਆਂ ਤੇ ਖਰਬੂਜ਼ੇ ਆਦਿ ਦੀ ਨੁਕਸਾਨੀ ਫ਼ਸਲ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ ਕਿਸਾਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ, ਸਰਕਾਰ ਉਸ ਦੀ ਭਰਪਾਈ ਲਈ ਵਚਨਬੱਧ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਵਿਸ਼ੇਸ਼ ਹਦਾਇਤਾਂ ਦਿੱਤੀਆਂ ਹਨ। ਕੈਬਨਿਟ ਮੰਤਰੀ ਨੇ ਮੌਕੇ ’ਤੇ ਹਾਜ਼ਰ ਐੱਸਡੀਐੱਮ ਰਾਜੇਸ਼ ਸ਼ਰਮਾ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਪਿੰਡਾਂ ਦੀ ਗਿਰਦਾਵਰੀ ਦੋ ਦਿਨਾਂ ਵਿੱਚ ਪੂਰੀ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਫ਼ਸਲ ਦੀ ਅਦਾਇਗੀ ਦੇ ਨਾਲ ਹੀ ਦਿੱਤਾ ਜਾ ਸਕੇ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਮੁੱਖ ਖੇਤੀਬਾੜੀ ਅਧਿਕਾਰੀ ਜਤਿੰਦਰ ਸਿੰਘ ਗਿੱਲ, ਤਹਿਸੀਲਦਾਰ ਰੌਬਿਨਜੀਤ ਕੌਰ, ਡੀਐਸਪੀ ਸੰਜੀਵ ਕੁਮਾਰ, ਖੇਤੀਬਾੜੀ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।