ਮਿੱਤਰਾਂ ਦਾ ਰੱਬ ਵਰਗਾ ਆਸਰਾ

ਮਿੱਤਰਾਂ ਦਾ ਰੱਬ ਵਰਗਾ ਆਸਰਾ

ਡਾ. ਰਣਜੀਤ ਸਿੰਘ

ਇਸ ਸੰਸਾਰ ਵਿੱਚ ਮਨੁੱਖ ਨੂੰ ਸਾਰੇ ਜੀਵਾਂ ਤੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ। ਉਸ ਕੋਲ ਬਾਣੀ ਦੀ ਸ਼ਕਤੀ ਹੈ, ਉਸ ਨੂੰ ਹੱਸਣਾ ਆਉਂਦਾ ਹੈ, ਵਿਕਸਤ ਦਿਮਾਗ਼ ਕਰਕੇ ਉਸ ਕੋਲ ਰਿਸ਼ਤਿਆਂ ਦੀ ਪਹਿਚਾਣ ਹੈ। ਪਰ ਇਹ ਵੇਖਣ ਵਿੱਚ ਆਇਆ ਹੈ ਕਿ ਇਨ੍ਹਾਂ ਗੁਣਾਂ ਦੀ ਵਰਤੋਂ ਕਰਦਿਆਂ ਆਪੋ ਵਿੱਚ ਪ੍ਰੇਮ ਨਾਲ ਰਹਿਣ ਦੀ ਥਾਂ ਉਸ ਵਿੱਚ ਹਉਮੈ, ਈਰਖਾ, ਗੁੱਸਾ ਤੇ ਨਫ਼ਰਤ ਵਧੇਰੇ ਪ੍ਰਬਲ ਹੋ ਜਾਂਦੇ ਹਨ। ਇਸੇ ਕਰਕੇ ਪਰਿਵਾਰ, ਭਾਈਚਾਰਿਆਂ ਅਤੇ ਦੇਸ਼ਾਂ ਵਿਚਕਾਰ ਝਗੜੇ ਹੁੰਦੇ ਹਨ। ਸੰਸਾਰ ਦੇ ਸਾਰੇ ਦੇਸ਼ ਆਪਣੀ ਆਮਦਨ ਦਾ ਬਹੁਤਾ ਹਿੱਸਾ ਜੰਗੀ ਤਿਆਰੀ ਅਤੇ ਫ਼ੌਜਾਂ ਉਤੇ ਖਰਚ ਕਰਦੇ ਹਨ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜੀਵਨ ਤਾਂ ਬਹੁਤ ਥੋੜ੍ਹਾ ਹੈ, ਕੋਈ ਭਾਗਾਂ ਵਾਲਾ ਹੀ ਉਮਰ ਦੇ ਸੌ ਸਾਲ ਪੂਰੇ ਕਰਦਾ ਹੈ। ਸੰਸਾਰ ਵਿੱਚ ਨਫ਼ਰਤ ਤੇ ਈਰਖਾ ਨੂੰ ਤਿਆਗ ਆਪੋ ਵਿੱਚ ਦੋਸਤੀਆਂ ਮਜ਼ਬੂਤ ਕੀਤਿਆਂ ਹੀ ਇਹ ਸੰਸਾਰ ਸਵਰਗ ਬਣ ਸਕਦਾ ਹੈ ਕਿਉਂਕਿ, ਕੁਦਰਤ ਨੇ ਸਾਰੇ ਪ੍ਰਾਣੀਆਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ, ਪਰ ਮਨੁੱਖ ਵਿੱਚ ਲਾਲਚ, ਹੋਰ ਤੇ ਹੋਰ ਪ੍ਰਾਪਤ ਕਰਨ ਦੀ ਲਾਲਸਾ ਨੇ ਆਪਸੀ ਪਿਆਰ ਦੀ ਥਾਂ ਝਗੜਿਆਂ ਨੂੰ ਵਧੇਰੇ ਉਤਸਾਹਿਤ ਕੀਤਾ ਹੈ। ਅਸੀਂ ਇਹ ਜਾਣਦੇ ਹਾਂ ਕਿ ਲੜਾਈ ਤੇ ਝਗੜੇ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਸਗੋਂ ਆਪੋ ਵਿੱਚ ਮਿਲ ਬੈਠ ਵਿਚਾਰ ਵਟਾਂਦਰੇ ਰਾਹੀਂ ਹੀ ਝਗੜੇ ਅਤੇ ਆਪਸੀ ਮਤਭੇਦ ਦੂਰ ਕੀਤੇ ਜਾ ਸਕਦੇ ਹਨ। ਪਰ ਫਿਰ ਵੀ ਝਗੜੇ ਕਰਦੇ ਹਾਂ।

ਸੰਸਾਰ ਵਿੱਚ ਆਪਸੀ ਲੜਾਈ ਝਗੜਿਆਂ ਨੂੰ ਤਿਆਗ ਦੋਸਤੀ ਰਾਹੀਂ ਇਸ ਸੰਸਾਰ ਨੂੰ ਸਵਰਗ ਬਣਾਇਆ ਜਾ ਸਕਦਾ ਹੈ। ਪਰਿਵਾਰ, ਰਿਸ਼ਤਿਆਂ ਅਤੇ ਭਾਈਚਾਰਿਆਂ ਨੂੰ ਆਪੋ ਵਿਚਲੀ ਕੁੜੱਤਣ ਨੂੰ ਤਿਆਗ ਕੇ ਦੋਸਤੀ ਕੀਤਿਆਂ ਸਾਰੇ ਮਸਲੇ ਹੱਲ ਹੋ ਸਕਦੇ ਹਨ। ਇਸੇ ਮੰਤਵ ਦੀ ਪੂਰਤੀ ਲਈ ਸੰਯੁਕਤ ਰਾਸ਼ਟਰ ਵੱਲੋਂ 30 ਜੁਲਾਈ ਨੂੰ ਸਾਰੇ ਸੰਸਾਰ ਵਿੱਚ ਅੰਤਰਰਾਸ਼ਟਰੀ ਦੋਸਤੀ ਦਿਵਸ ਮਨਾਉਣ ਦਾ ਫ਼ੈਸਲਾ 2011 ਵਿੱਚ ਕੀਤਾ ਗਿਆ ਸੀ। ਇਸ ਦਾ ਮੰਤਵ ਲੋਕਾਈ ਨੂੰ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਹੋਇਆਂ ਨਫ਼ਰਤ ਅਤੇ ਝਗੜੇ ਦੀ ਥਾਂ ਦੋਸਤੀਆਂ ਦਾ ਸਬਕ ਸਿਖਾਉਣਾ ਹੈ। ਇਸ ਦਿਨ ਭਾਈਚਾਰਿਆਂ ਅਤੇ ਕੌਮਾਂ ਵਿਚਕਾਰ, ਧਰਮ, ਜਾਤ, ਰੰਗ, ਇਲਾਕਾਈ ਸੋਚ ਆਧਾਰਿਤ ਫੈਲੀ ਨਫ਼ਰਤ ਨੂੰ ਦੂਰ ਕਰਕੇ ਆਪੋ ਵਿੱਚ ਦੋਸਤੀਆਂ ਦੇ ਪੁਲ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ। ਸਾਰੀ ਵਸੋਂ ਵਿਸ਼ੇਸ਼ ਕਰਕੇ ਨਵੀਂ ਪੀੜ੍ਹੀ ਨੂੰ ਪਿਆਰ ਦਾ ਸਬਕ ਸਿਖਾਇਆ ਜਾਂਦਾ ਹੈ। ਇਹ ਪ੍ਰਚਾਰਿਆ ਜਾਂਦਾ ਹੈ ਕਿ ਆਪਸੀ ਗੱਲਬਾਤ ਰਾਹੀਂ ਸਾਰੇ ਮਸਲਿਆਂ ਨੂੰ ਹੱਲ ਕੀਤਾ ਜਾ ਸਕਦਾ ਹੈ। ਵਿਦਿਆ ਰਾਹੀਂ ਸ਼ਾਂਤੀ ਦਾ ਪਾਠ ਪੜ੍ਹਾਉਣ ਉਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਜੋ ਸਥਾਈ ਸਮਾਜਿਕ ਅਤੇ ਆਰਥਿਕ ਵਿਕਾਸ ਹੋ ਸਕੇ। ਮਨੁੱਖ ਨੂੰ ਮਨੁੱਖ ਨਾਲ ਨਫ਼ਰਤ ਕਰਨ ਦੀ ਥਾਂ ਇੱਕ ਦੂਜੇ ਦੇ ਹੱਕਾਂ ਦੀ ਇੱਜ਼ਤ ਕੀਤੀ ਜਾਵੇ। ਸਾਰੇ ਮਸਲੇ ਆਪਸੀ ਗੱਲਬਾਤ ਰਾਹੀਂ ਸੁਲਝਾਏ ਜਾਣ ਤਾਂ ਜੋ ਸੰਸਾਰ ਵਿੱਚ ਸਦੀਵੀ ਸ਼ਾਂਤੀ ਅਤੇ ਸੁਰੱਖਿਆ ਬਣੀ ਰਹੇ।

ਸਮਾਜ ਵਿੱਚ ਹਰ ਪਾਸੇ ਵਧ ਰਹੀ ਹਿੰਸਾ ਅਤੇ ਸਰਹੱਦਾਂ ਉਤੇ ਲੱਗੇ ਬਾਰੂਦ ਦੇ ਢੇਰ ਇਸ ਸਵਰਗ ਵਰਗੇ ਸੰਸਾਰ ਨੂੰ ਨਰਕ ਬਣਾ ਰਹੇ ਹਨ। ਇਹ ਜੀਵਨ ਬਹੁਤ ਛੋਟਾ ਹੈ। ਇਸ ਵਿੱਚ ਤਾਂ ਦੋਸਤੀਆਂ ਪਾਲਣ ਜੋਗਾ ਵੀ ਸਮਾਂ ਨਹੀਂ ਹੈ, ਫਿਰ ਦੁਸ਼ਮਣੀਆਂ ਕਿਉਂ ਵਧਾਈਆਂ ਜਾਂਦੀਆਂ ਹਨ। ਜੇਕਰ ਸੰਸਾਰ ਵਿੱਚੋਂ ਦੁਸ਼ਮਣੀ ਦੀ ਸੋਚ ਦਾ ਅੰਤ ਹੋ ਜਾਵੇ ਫਿਰ ਆਪਸੀ ਝਗੜਿਆਂ ਦਾ ਵੀ ਅੰਤ ਹੋ ਜਾਵੇਗਾ। ਜਦੋਂ ਆਪਸੀ ਝਗੜੇ ਖਤਮ ਹੋ ਜਾਣ ਤਾਂ ਫਿਰ ਨਫ਼ਰਤਾਂ ਦਾ ਵੀ ਅੰਤ ਹੋ ਜਾਂਦਾ ਹੈ, ਹਉਮੈ ਦੀ ਮੈਲ ਲੱਥ ਜਾਂਦੀ ਹੈ ਅਤੇ ਹਰ ਪਾਸੇ ਪਿਆਰ ਹੀ ਪਿਆਰ ਬਿਖਰ ਜਾਂਦਾ ਹੈ। ਨਫ਼ਰਤ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦ ਸਗੋਂ ਦੁਸ਼ਮਣੀ ਵਿੱਚ ਵਾਧਾ ਹੁੰਦਾ ਹੈ। ਇਹ ਬਰਬਾਦੀ ਦੀ ਨਿਸ਼ਾਨੀ ਹੈ ਜਦੋਂ ਕਿ ਪ੍ਰੇਮ ਕਰਨ ਵਾਲੇ ਤਾਂ ਰੱਬ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ। ਜੇਕਰ ਮਨੁੱਖ ਦੀ ਪਿਆਰ ਭੁੱਖ ਪੂਰੀ ਹੋ ਜਾਵੇ ਤਾਂ ਸੰਸਾਰ ਵਿੱਚੋਂ ਹਿੰਸਾ ਖਤਮ ਹੋ ਜਾਵੇਗੀ। ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਮਤਲਬ ਜਾਂ ਲੋਭ ਦੀ ਖਾਤਰ ਦੁਸ਼ਮਣੀਆਂ ਨਾ ਪਾਲੀਆਂ ਜਾਣ ਸਗੋਂ ਸਾਰੇ ਪਾਸੇ ਦੋਸਤੀ ਦਾ ਹੱਥ ਵਧਾਈਏ। ਅਜਿਹੇ ਸੱਜਣ ਬਣਾਈਏ ਅਤੇ ਬਣੀਏ ਜਿਨ੍ਹਾਂ ਨੂੰ ਮਿਲਿਆਂ ਰੂਹ ਖਿੜ ਜਾਵੇ, ਬੁਰੇ ਵਿਚਾਰ ਨਸ਼ਟ ਹੋ ਜਾਣ ਅਤੇ ਸੱਚਾਈ ਦੇ ਰਾਹ ਉਤੇ ਤੁਰਨ ਦੀ ਪ੍ਰੇਰਨਾ ਮਿਲੇ।

ਮਨੁੱਖ ਇੱਕ ਸਮਾਜਿਕ ਜੀਵ ਹੈ। ਆਪਸੀ ਸਾਂਝ ਅਤੇ ਰਿਸ਼ਤੇਦਾਰੀ ਹੀ ਸਮਾਜ ਦਾ ਆਧਾਰ ਹੈ। ਸਾਂਝ ਅਤੇ ਰਿਸ਼ਤੇਦਾਰੀਆਂ ਦੀ ਨੀਂਹ ਤਾਂ ਪਿਆਰ ਉਤੇ ਹੀ ਰੱਖੀ ਜਾਂਦੀ ਹੈ। ਇੱਕ ਦੂਜੇ ਦੇ ਕੰਮ ਆਉਣਾ, ਆਪਸੀ ਪ੍ਰੇਮ ਨਿਭਾਉਣਾ ਅਤੇ ਰਲ ਮਿਲ ਕੇ ਰਹਿਣਾ ਹੀ ਸਮਾਜ ਦੀ ਨਿਸ਼ਾਨੀ ਹੈ। ਸਮਾਜਿਕ ਰਿਸ਼ਤਿਆਂ ਦੀ ਜਿੰਦ ਜਾਨ ਆਪਸੀ ਪਿਆਰ ਹੁੰਦਾ ਹੈ। ਰਿਸ਼ਤੇਦਾਰੀ ਦੇ ਨਾਲੋਂ ਨਾਲ ਦੋਸਤੀ ਹੋਣੀ ਜ਼ਰੂਰੀ ਹੈ, ਕਿਉਂਕਿ ਪ੍ਰੇਮ ਹੀ ਦੋਸਤੀ ਦੀ ਬੁਨਿਆਦ ਹੁੰਦਾ ਹੈ। ਪਿਆਰ ਅਤੇ ਸਾਥ ਤੋਂ ਬਿਨਾਂ ਜੀਵਨ ਅਧੂਰਾ ਅਤੇ ਨੀਰਸ ਹੋ ਜਾਂਦਾ ਹੈ। ਇਕੱਲਤਾ ਮਨੁੱਖ ਲਈ ਸਰਾਪ ਹੈ ਜਦੋਂ ਕਿ ਦੋਸਤਾਂ ਦਾ ਸਾਥ ਵਰਦਾਨ ਹੈ। ਇਸੇ ਕਰਕੇ ਆਖਿਆ ਜਾਂਦਾ ਹੈ ਕਿ ਇਕੱਲਾ ਤਾਂ ਜੰਗਲ ਵਿੱਚ ਰੁੱਖ ਵੀ ਨਹੀਂ ਹੋਣਾ ਚਾਹੀਦਾ। ਰਿਸ਼ਤੇਦਾਰੀ, ਸਾਥੀਆਂ ਅਤੇ ਗੁਆਂਢ ਦਾ ਅਨੰਦ ਵੀ ਉਦੋਂ ਹੀ ਮਾਣਿਆ ਜਾ ਸਕਦਾ ਹੈ ਜਦੋਂ ਉਸ ਵਿੱਚ ਦੋਸਤੀ ਦੀ ਮਿਠਾਸ ਹੋਵੇ। ਦੋਸਤੀ ਦੀਆਂ ਤੰਦਾਂ ਨਾਲ ਹੀ ਪਿਉ-ਪੁੱਤਰ ਅਤੇ ਮਾਂ-ਧੀ ਵਿੱਚ ਨਜ਼ਦੀਕੀਆਂ ਬਣਦੀਆਂ ਹਨ। ਜਦੋਂ ਪਰਿਵਾਰ ਵਿੱਚ ਅਜਿਹੀਆਂ ਨਜ਼ਦੀਕੀਆਂ ਹੋਣ ਉਦੋਂ ਹੀ ਉਸ ਨੂੰ ਸੁਖੀ ਪਰਿਵਾਰ ਅਤੇ ਜੀਵਨ ਨੂੰ ਸਫਲ ਸੁਖਾਵਾਂ ਆਖਿਆ ਜਾ ਸਕਦਾ ਹੈ। ਇਸੇ ਹੀ ਤਰ੍ਹਾਂ ਜਦੋਂ ਸਮਾਜ ਵਿੱਚ ਈਰਖਾ ਦੀ ਥਾਂ ਪਿਆਰ ਦੀ ਗੰਗਾ ਵਗਦੀ ਹੋਵੇ ਤਾਂ ਉਹ ਸਮਾਜ ਅਤੇ ਕੌਮ ਖੁਸ਼ਹਾਲ ਅਤੇ ਸੁਖੀ ਹੁੰਦੀ ਹੈ। ਗੁਆਂਢੀਆਂ ਨਾਲ ਪਿਆਰ ਦੀ ਸਾਂਝ ਹੀ ਮਾਹੌਲ ਨੂੰ ਸੁਖਾਵਾਂ ਬਣਾਉਂਦੀ ਹੈ। ਗੁਆਂਢੀ ਭਾਵੇਂ ਨਾਲ ਦੇ ਘਰ ਦੇ ਰੂਪ ਵਿੱਚ ਜਾਂ ਨਾਲ ਲੱਗਦੇ ਦੇਸ਼ ਦੇ ਰੂਪ ਵਿੱਚ ਹੋਵੇ।

ਜੀਵਨ ਵਿੱਚ ਹਰਿਆਵਲ ਲਈ ਪਿਆਰ ਰੂਪੀ ਪਾਣੀ ਦੀ ਲੋੜ ਪੈਂਦੀ ਹੈ। ਪਿਆਰ ਵਿਹੂਣੀ ਜ਼ਿੰਦਗੀ ਨੀਰਸ ਹੀ ਰਹਿੰਦੀ ਹੈ। ਪਿਆਰ ਅਤੇ ਦੋਸਤੀ ਅਜਿਹੀਆਂ ਸ਼ਕਤੀਆਂ ਹਨ ਜਿਨ੍ਹਾਂ ਸਦਕਾ ਮਨੁੱਖ ਉੱਚੀਆਂ ਉਡਾਰੀਆਂ ਮਾਰਦਾ ਹੈ। ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਮਨੁੱਖ ਈਰਖਾ ਅਤੇ ਹਉਮੈ ਤੋਂ ਮੁਕਤ ਹੋਵੇ। ਦੋਸਤੀ ਅੰਤਰ ਆਤਮਾ ਦੇ ਮਿਲਾਪ ਦਾ ਨਾਮ ਹੈ। ਜਿਸ ਦੇ ਅੰਦਰ ਪਿਆਰ ਦੀ ਨਦੀ ਵਗਦੀ ਹੈ, ਉਹ ਹੀ ਰੱਬ ਦੇ ਨੇੜੇ ਹੋ ਸਕਦਾ ਹੈ। ਰੱਬ ਦਾ ਵਾਸਾ ਤਾਂ ਹਰੇਕ ਜੀਵ ਵਿੱਚ ਹੈ। ਰੱਬ ਨਾਲ ਮੇਲ ਲਈ ਉਸ ਦੀ ਕਾਇਨਾਤ ਨਾਲ ਪ੍ਰੇਮ ਕਰਨਾ ਜ਼ਰੂਰੀ ਹੈ ਜਾਂ ਆਖ ਲਵੋ ਕਿ ਮੁੱਢਲੀ ਲੋੜ ਹੈ। ਪਿਆਰ ਦੀ ਸਿਖਰ ਉਦੋਂ ਹੀ ਹੁੰਦੀ ਹੈ ਜਦੋਂ ‘ਮੈਂ’ ਅਤੇ ‘ਤੂੰ’ ਦਾ ਅੰਤਰ ਖਤਮ ਹੋ ਜਾਵੇ। ਦੋਸਤੀ ਜਾਂ ਪ੍ਰੇਮ ਦੀ ਖਿੱਚ ਜਦੋਂ ਆਪਣੇ ਸਿਖਰ ਉਤੇ ਪੁੱਜ ਜਾਂਦੀ ਹੈ ਤਾਂ ਕੇਵਲ ਦੋਸਤ ਹੀ ਨਹੀਂ ਸਗੋਂ ਸਾਰੀ ਲੋਕਾਈ ਹੀ ਆਪਣੀ ਜਾਪਣ ਲੱਗ ਪੈਂਦੀ ਹੈ। ਜਦੋਂ ਅਜਿਹੀ ਅਵਸਥਾ ਆ ਜਾਵੇ ਤਾਂ ਨਫ਼ਰਤ, ਈਰਖਾ ਅਤੇ ਕੁੜੱਤਣ ਦਾ ਅੰਤ ਹੋ ਜਾਂਦਾ ਹੈ। ਹਰ ਪਾਸੇ ਅਪਣੱਤ, ਅਨੰਦ ਤੇ ਖੇੜਾ ਨਜ਼ਰ ਆਉਂਦਾ ਹੈ।

ਸੰਸਾਰ ਵਿੱਚੋਂ ਨਫ਼ਰਤ, ਈਰਖਾ ਅਤੇ ਕੁੜੱਤਣ ਦੂਰ ਕਰਨ ਲਈ ਸਮੇਂ ਸਿਰ ਅਵਤਾਰੀ ਪੁਰਸ਼ਾਂ ਨੇ ਇੱਥੇ ਜਨਮ ਲਿਆ। ਇੰਝ ਕਈ ਧਰਮ ਹੋਂਦ ਵਿੱਚ ਆਏ। ਬਦਕਿਸਮਤੀ ਸਵਾਰਥੀ ਪੁਰਸ਼ਾਂ ਨੇ ਧਰਮ ਨੂੰ ਸੰਪਰਦਾਇਕਤਾ ਦਾ ਰੂਪ ਦੇ ਕੇ ਨਫ਼ਰਤ ਵਿੱਚ ਹੋਰ ਵਾਧਾ ਕੀਤਾ। ਧਰਮ ਜਿਹੜੇ ਪ੍ਰੇਮ ਦੇ ਪ੍ਰਚਾਰ ਪਸਾਰ ਲਈ ਬਣੇ ਸਨ, ਉਹ ਹੀ ਝਗੜਿਆਂ ਦਾ ਕਾਰਨ ਬਣੇ। ਸੰਸਾਰ ਵਿੱਚ ਸਭ ਤੋਂ ਵੱਧ ਝਗੜੇ ਅਤੇ ਲੜਾਈਆਂ ਧਰਮ ਦੇ ਨਾਂ ਉਤੇ ਹੀ ਹੋਈਆਂ ਹਨ। ਕੋਈ ਵੀ ਧਰਮ ਨਫ਼ਰਤ ਦਾ ਪਾਠ ਨਹੀਂ ਪੜ੍ਹਾਉਂਦਾ ਸਗੋਂ ਸਭਨਾਂ ਨੂੰ ਗਲੇ ਲਗਾਉਂਦਾ ਹੈ। ਜੇਕਰ ਬੱਚਿਆਂ ਨੂੰ ਘਰੇ ਅਤੇ ਸਕੂਲ ਵਿੱਚ ਆਪਸੀ ਪ੍ਰੇਮ, ਸ਼ਾਂਤੀ ਅਤੇ ਭਾਈਚਾਰੇ ਦਾ ਪਾਠ ਪੜ੍ਹਾਇਆ ਜਾਵੇ ਤਾਂ ਉਨ੍ਹਾਂ ਵਿੱਚੋਂ ਨਫ਼ਰਤ ਘਟ ਜਾਵੇਗੀ। ਉਹ ਆਪਣੇ ਸੰਗੀ ਸਾਥੀਆਂ ਨਾਲ ਈਰਖਾ ਕਰਨ ਦੀ ਥਾਂ ਦੋਸਤੀਆਂ ਪਾਲਣਗੇ। ਇੰਝ ਘਰ, ਸਕੂਲ ਅਤੇ ਭਾਈਚਾਰੇ ਵਿੱਚ ਨਫ਼ਰਤ ਦੀ ਥਾਂ ਆਪਸੀ ਸਾਂਝ ਵਧੇਗੀ ਅਤੇ ਹਰ ਪਾਸੇ ਸਕੂਨ ਅਤੇ ਖੁਸ਼ੀ ਦਾ ਮਾਹੌਲ ਬਣ ਜਾਵੇਗਾ। ਲੋਕਾਂ ਨੂੰ ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਨਫ਼ਰਤ ਅਤੇ ਝਗੜਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਇਹ ਸੰਸਾਰ ਬਹੁਤ ਖੂਬਸੂਰਤ ਹੈ, ਜੀਵਨ ਬਹੁਤ ਛੋਟਾ ਹੈ। ਇਸ ਜੀਵਨ ਦਾ ਪੂਰਨ ਅਨੰਦ ਉਦੋਂ ਹੀ ਪ੍ਰਾਪਤ ਹੋ ਸਕਦਾ ਹੈ ਜਦੋਂ ਨਫ਼ਰਤ, ਈਰਖਾ ਅਤੇ ਹਉਮੈ ਨੂੰ ਤਿਆਗ ਕੇ ਪਿਆਰ ਦੀ ਜੋਤ ਜਗਾਈ ਜਾਵੇ।

ਸੰਸਾਰ ਵਿੱਚ ਗਰੀਬ ਦੇਸ਼ਾਂ ਦੀ ਬਹੁਗਿਣਤੀ ਹੈ। ਇੱਥੋਂ ਦੀ ਬਹੁਤੀ ਵਸੋਂ ਨੂੰ ਜੀਵਨ ਦੀਆਂ ਮੁੱਢਲੀਆਂ ਲੋੜਾਂ ਵੀ ਨਸੀਬ ਨਹੀਂ ਹਨ, ਪਰ ਇਨ੍ਹਾਂ ਦੇਸ਼ਾਂ ਦਾ ਬਹੁਤਾ ਬਜਟ ਫ਼ੌਜ ਉਤੇ ਹੀ ਖਰਚ ਹੁੰਦਾ ਹੈ। ਜੇਕਰ ਇਹ ਖਰਚ ਲੋਕ ਭਲਾਈ ਲਈ ਕੀਤਾ ਜਾਵੇ ਤਾਂ ਸੰਸਾਰ ਵਿੱਚੋਂ ਗਰੀਬੀ ਸਹਿਜੇ ਹੀ ਦੂਰ ਕੀਤੀ ਜਾ ਸਕਦੀ ਹੈ। ਵਿਸ਼ਵ ਦੀ ਸਾਰੀ ਵਸੋਂ ਜੀਵਨ ਦੀਆਂ ਮੁੱਢਲੀਆਂ ਲੋੜਾਂ ਲਈ ਨਹੀਂ ਤਰਸੇਗੀ ਸਗੋਂ ਸਾਰੇ ਲੋਕ ਖੁਸ਼ਹਾਲ ਜੀਵਨ ਬਤੀਤ ਕਰ ਸਕਣਗੇ। ਇਹ ਸਦੀ ਸੂਚਨਾ ਤਕਨਾਲੋਜੀ ਅਤੇ ਮੀਡੀਆ ਦੀ ਸਦੀ ਹੈ। ਪਹੁੰਚ ਦੀਆਂ ਵਧੀਆਂ ਸਹੂਲਤਾਂ ਕਾਰਨ ਸੰਸਾਰ ਇੱਕ ਪਿੰਡ ਹੀ ਜਾਪਣ ਲੱਗ ਪਿਆ ਹੈ। ਜਦੋਂ ਦੂਰੀਆਂ ਘਟ ਹੀ ਗਈਆਂ ਹਨ ਫਿਰ ਆਪੋ ਵਿੱਚ ਦੂਰੀਆਂ ਕਿਉਂ ਹਨ। ਸਾਰੇ ਇੱਕੋ ਨੂਰ ਵਿੱਚੋਂ ਹੀ ਆਏ ਹਨ, ਫਿਰ ਨਫ਼ਰਤ ਕਿਉਂ? ਅਸੀਂ ਆਪੋ ਵਿੱਚ ਵੰਡੀਆਂ ਪਾ ਕੇ ਕਾਣੀ ਵੰਡ ਨੂੰ ਉਤਸਾਹਿਤ ਕਰ ਰਹੇ ਹਾਂ। ਇੱਕ ਦੂਜੇ ਦਾ ਹੱਕ ਮਾਰਨਾ, ਲੋੜ ਤੋਂ ਵੱਧ ਕੁਦਰਤੀ ਦਾਤਾਂ ਦੀ ਵਰਤੋਂ ਕਰਨਾ, ਨਫ਼ਰਤਾਂ ਨੂੰ ਉਤਸਾਹਿਤ ਕਰਨਾ ਇਨਸਾਨੀਅਤ ਨਹੀਂ ਹੈ। ਜਨ ਸੰਚਾਰ ਦੀ ਇਸ ਸਦੀ ਵਿੱਚ ਜਨ ਸੰਚਾਰ ਸਾਧਨ ਨਫ਼ਰਤਾਂ ਨੂੰ ਦੂਰ ਕਰਨ ਅਤੇ ਪਿਆਰ ਨੂੰ ਉਤਸਾਹਿਤ ਕਰਨ ਵਿੱਚ ਅਹਿਮ ਭੂੁਮਿਕਾ ਨਿਭਾ ਸਕਦੇ ਹਨ। ਪਰ ਵੇਖਣ ਵਿੱਚ ਆਇਆ ਹੈ ਕਿ ਇਹ ਸਾਧਨ ਲੜਾਈ ਝਗੜਿਆਂ ਦੀਆਂ ਖ਼ਬਰਾਂ ਵਧੇਰੇ ਉਛਾਲਦੇ ਹਨ। ਇੰਝ ਨਫ਼ਰਤ ਘੱਟ ਹੋਣ ਦੀ ਥਾਂ ਇਸ ਵਿੱਚ ਵਾਧਾ ਹੁੰਦਾ ਹੈ।

ਆਓ, ਸਾਰੇ ਪ੍ਰਣ ਕਰੀਏ ਕਿ ਅੱਗੇ ਤੋਂ ਅਸੀਂ ਨਫ਼ਰਤ ਦੀ ਥਾਂ ਪ੍ਰੇਮ ਦਾ ਪ੍ਰਚਾਰ ਕਰਾਂਗੇ। ਦੁਸ਼ਮਣੀਆਂ ਦੀ ਥਾਂ ਦੋਸਤੀਆਂ ਪਾਲਾਂਗੇ ਅਤੇ ਈਰਖਾ ਦੀ ਥਾਂ ਆਪਸੀ ਸਹਿਯੋਗ ਕਰਾਂਗੇ। ਇੰਝ ਸੰਸਾਰ ਸਵਰਗ ਬਣ ਜਾਵੇਗਾ, ਵਿਤਕਰੇ ਅਤੇ ਨਫ਼ਰਤ ਦਾ ਅੰਤ ਹੋ ਜਾਵੇਗਾ। ਸਾਨੂੰ ਗੁਰੂ ਅਰਜਨ ਸਾਹਿਬ ਜੀ ਦੇ ਇਸ ਹੁਕਮ ਨੂੰ ਮਨ ਵਿੱਚ ਵਸਾ ਕੇ ਇਸ ਉਤੇ ਪੂਰੀ ਇਮਾਨਦਾਰੀ ਨਾਲ ਅਮਲ ਕਰਨਾ ਚਾਹੀਦਾ ਹੈ।

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥

ਆਓ, ਸਭਨਾਂ ਦੇ ਸਾਜਨ ਬਣੀਏ ਆਪਣੇ ਘਰ, ਸਮਾਜ, ਦੇਸ਼ ਅਤੇ ਸਮਾਜ ਨੂੰ ਸਵਰਗ ਬਣਾਈਏ। ਚਿਹਰੇ ਉਤੇ ਮੁਸਕਾਨ ਦੋਸਤੀਆਂ ਵਿੱਚ ਵਾਧਾ ਕਰਦੀ ਹੈ ਤੇ ਆਪਸੀ ਝਗੜਿਆਂ ਨੂੰ ਦੂਰ ਕਰਦੀ ਹੈ। ਇਸੇ ਕਰਕੇ ਆਖਿਆ ਜਾਂਦਾ ਹੈ ਕਿ ‘ਹੱਸਦਿਆਂ ਦੇ ਘਰ ਵਸਦੇ।’ ਇਸੇ ਤਰ੍ਹਾਂ ਬੋਲ ਬਾਣੀ ਦੀ ਵਰਤੋਂ ਆਪਸੀ ਪਿਆਰ ਵਧਾਉਣ ਲਈ ਕਰਨੀ ਚਾਹੀਦੀ ਹੈ। ਨਫ਼ਰਤਾਂ ਵਿੱਚ ਵਾਧੇ ਲਈ ਨਹੀਂ। ਜੀਭ ਇੱਕ ਅਜਿਹੀ ਦੋ ਧਾਰੀ ਤਲਵਾਰ ਹੈ ਜਿਹੜੀ ਟੁੱਟੇ ਰਿਸ਼ਤਿਆਂ ਨੂੰ ਜੋੜ ਸਕਦੀ ਹੈ ਅਤੇ ਮਜ਼ਬੂਤ ਤੋਂ ਮਜ਼ਬੂਤ ਰਿਸ਼ਤਿਆਂ ਨੂੰ ਆਪਣੇ ਦੋ ਬੋਲਾਂ ਨਾਲ ਤੋੜ ਵੀ ਸਕਦੀ ਹੈ। ਆਓ, ਹਮੇਸ਼ਾਂ ਮੁਸਕਰਾਈਏ, ਮਿੱਠੇ ਬੋਲ ਬੋਲੀਏ ਤੇ ਦੋਸਤੀਆਂ ਬਣਾਈਏ ਤੇ ਨਿਭਾਈਏ।