‘ਮਿਸ ਯੂਨੀਵਰਸ’ ਬਣੀ ਅਮਰੀਕਾ ਦੀ ਆਰ’ਬੋਨੀ ਗੈਬਰੀਏਲ

‘ਮਿਸ ਯੂਨੀਵਰਸ’ ਬਣੀ ਅਮਰੀਕਾ ਦੀ ਆਰ’ਬੋਨੀ ਗੈਬਰੀਏਲ

ਲੁਈਸਿਆਨਾ: ਅਮਰੀਕਾ ਦੀ ਆਰ’ਬੋਨੀ ਗੈਬਰੀਏਲ ਨੇ ‘ਮਿਸ ਯੂਨੀਵਰਸ’ 2022 ਦਾ ਖ਼ਿਤਾਬ ਜਿੱਤ ਲਿਆ ਹੈ। ਟੈਕਸਸ ਦੀ ਰਹਿਣ ਵਾਲੀ ਗੈਬਰੀਏਲ ਫੈਸ਼ਨ ਡਿਜ਼ਾਈਨਰ, ਮਾਡਲ ਤੇ ਸਿਲਾਈ ਇੰਸਟਰੱਕਟਰ ਹੈ। ‘ਮਿਸ ਯੂਐੱਸਏ’ ਜਿੱਤਣ ਵਾਲੀ ਉਹ ਪਹਿਲੀ ਫਿਲੀਪੀਨੋ-ਅਮਰੀਕੀ ਹੈ। ਸ਼ਨਿਚਰਵਾਰ ਰਾਤ ਹੋਏ ਮੁਕਾਬਲੇ ਵਿਚ ਮਿਸ ਵੈਨਜ਼ੁਏਲਾ ਅਮਾਂਡਾ ਡੁਡਾਮੇਲ ਦੂਜੇ ਨੰਬਰ ਉਤੇ ਰਹੀ। ਨਿਊ ਓਰਲੀਨਜ਼ ਵਿਚ ਹੋਏ ‘ਮਿਸ ਯੂਨੀਵਰਸ’ ਮੁਕਾਬਲੇ ’ਚ ਤੀਜੀ ਥਾਂ ਉਤੇ ਡੌਮੀਨਿਕ ਗਣਰਾਜ ਦੀ ਐਂਡਰੀਨਾ ਮਾਰਟੀਨੇਜ਼ ਰਹੀ। ਭਾਰਤ ਵੱਲੋਂ ਮੁਕਾਬਲੇ ਵਿਚ ਦਿਵਿਤਾ ਰਾਏ ਹਿੱਸਾ ਲੈ ਰਹੀ ਸੀ। ਦੱਸਣਯੋਗ ਹੈ ਕਿ ਪਿਛਲੇ ਸਾਲ ਇਹ ਮੁਕਾਬਲਾ ਭਾਰਤ ਦੀ ਹਰਨਾਜ਼ ਸੰਧੂ ਨੇ ਜਿੱਤਿਆ ਸੀ। ਆਖ਼ਰੀ ਗੇੜ ਵਿਚ ਪੁੱਛੇ ਸਵਾਲਾਂ ਦੇ ਜਵਾਬ ਵਿਚ ਗੈਬਰੀਏਲ ਨੇ ਕਿਹਾ ਕਿ ‘ਜੇ ਉਹ ਜਿੱਤਦੀ ਹੈ ਤਾਂ ਇਸ ਖ਼ਿਤਾਬ ਨੂੰ ਬਦਲਾਅ ਲਿਆਉਣ ਲਈ ਵਰਤੇਗੀ।’ ਆਪਣੇ ਕੰਮ ਦਾ ਹਵਾਲਾ ਦਿੰਦਿਆਂ ‘ਮਿਸ ਯੂਐੱਸਏ’ ਨੇ ਕਿਹਾ ਕਿ ਉਹ ਫੈਸ਼ਨ ਡਿਜ਼ਾਈਨਿੰਗ ਵਿਚ ‘ਰੀਸਾਈਕਲ’ ਕੀਤੀ ਸਮੱਗਰੀ ਵਰਤਦੀ ਹੈ। ਇਸ ਤੋਂ ਇਲਾਵਾ ਮਨੁੱਖੀ ਤਸਕਰੀ ਤੇ ਘਰੇਲੂ ਹਿੰਸਾ ਦੇ ਪੀੜਤਾਂ ਨੂੰ ਸਿਲਾਈ ਦਾ ਕੰਮ ਸਿਖਾਉਂਦੀ ਹੈ। ਉਸ ਨੇ ਕਿਹਾ, ‘ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਦਾ ਖਿਆਲ ਰੱਖੀਏ, ਆਪਣੇ ਭਾਈਚਾਰੇ ਦਾ ਖ਼ਿਆਲ ਰੱਖੀਏ ਤੇ ਵਿਲੱਖਣ ਗੁਣਾਂ ਨੂੰ ਕੁਝ ਵੱਖਰਾ ਕਰਨ ਲਈ ਵਰਤੀਏ।’