ਮਿਸਰ ਪੁੱਜਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ

ਮਿਸਰ ਪੁੱਜਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ

ਰਾਸ਼ਟਰਪਤੀ ਅਲ-ਸੀਸੀ ਨਾਲ ਅੱਜ ਕਰਨਗੇ ਮੁਲਾਕਾਤ
ਕਾਹਿਰਾ – ਮਿਸਰ ਦੇ ਦੋ ਦਿਨੀਂ ਦੌਰੇ ’ਤੇ ਇਥੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਿਲਮ ‘ਸ਼ੋਲੇ’ ਦੇ ਮਸ਼ਹੂਰ ਗੀਤ ‘ਯੇ ਦੋਸਤੀ ਹਮ ਨਹੀਂ ਤੋੜੇਂਗੇ’ ਨਾਲ ਨਿੱਘਾ ਸਵਾਗਤ ਕੀਤਾ ਗਿਆ। ਭਾਰਤੀ ਵੇਸ਼ਭੂਸ਼ਾ ’ਚ ਤਿਆਰ ਲੜਕੀ ਨੇ ਇਹ ਗੀਤ ਗਾਇਆ ਜਿਸ ਨੂੰ ਸ੍ਰੀ ਮੋਦੀ ਬੜੇ ਧਿਆਨ ਨਾਲ ਸੁਣਦੇ ਦਿਖਾਈ ਦੇ ਰਹੇ ਹਨ ਅਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਸ੍ਰੀ ਮੋਦੀ ਨੇ ਆਪਣੇ ਸਵਾਗਤ ਲਈ ਹਵਾਈ ਅੱਡੇ ’ਤੇ ਪੁੱਜੇ ਮਿਸਰ ਦੇ ਪ੍ਰਧਾਨ ਮੰਤਰੀ ਮੁਸਤਫ਼ਾ ਮੈਡਬਾਉਲੀ ਨੂੰ ਘੁੱਟ ਕੇ ਜੱਫੀ ਪਾਈ। ਇਹ ਪਿਛਲੇ 26 ਵਰ੍ਹਿਆਂ ’ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਮਿਸਰ ਦਾ ਪਹਿਲਾ ਦੌਰਾ ਹੈ। ਸ੍ਰੀ ਮੋਦੀ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਹਿ ਅਲ-ਸੀਸੀ ਦੇ ਸੱਦੇ ’ਤੇ ਮੁਲਕ ਦਾ ਦੌਰਾ ਕਰ ਰਹੇ ਹਨ। ਸ੍ਰੀ ਮੋਦੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਉਹ ਐਤਵਾਰ ਨੂੰ ਰਾਸ਼ਟਰਪਤੀ ਅਲ-ਸੀਸੀ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਨੇ ਆਪਣੇ ਮਿਸਰ ਦੇ ਹਮਰੁਤਬਾ ਮੈਡਬਾਉਲੀ ਦੀ ਅਗਵਾਈ ਹੇਠਲੀ ਕੈਬਨਿਟ ਦੇ ਨਵੇਂ ਗਰੁੱਪ ‘ਇੰਡੀਆ ਯੂਨਿਟ’ ਨਾਲ ਵਪਾਰ ਅਤੇ ਆਰਥਿਕ ਸਬੰਧ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਹ ਮਿਸਰ ਦੇ ਗਰੈਂਡ ਮੁਫ਼ਤੀ ਡਾਕਟਰ ਸ਼ਾਵਕੀ ਇਬਰਾਹਿਮ ਅਬਦੁਲ-ਕਰੀਮ ਆਲਮ ਨੂੰ ਵੀ ਮਿਲਣਗੇ। ਸ੍ਰੀ ਮੋਦੀ ਐਤਵਾਰ ਨੂੰ 11ਵੀਂ ਸਦੀ ਦੀ ਅਲ-ਹਾਕਿਮ ਮਸਜਿਦ ਦਾ ਦੌਰਾ ਵੀ ਕਰਨਗੇ ਜਿਸ ਨੂੰ ਦਾਊਦੀ ਬੋਹਰਾ ਭਾਈਚਾਰੇ ਦੀ ਸਹਾਇਤਾ ਨਾਲ ਨਵਿਆਇਆ ਗਿਆ ਹੈ। ਭਾਰਤ ’ਚ ਬੋਹਰਾ ਭਾਈਚਾਰਾ ਫਾਤਿਮਾ ਵੰਸ਼ ’ਚੋਂ ਨਿਕਲਿਆ ਹੈ ਅਤੇ ਉਹ 1970 ਤੋਂ ਮਸਜਿਦ ਦਾ ਪੁਨਰ ਨਿਰਮਾਣ ਕਰਦੇ ਆ ਰਹੇ ਹਨ। ਪ੍ਰਧਾਨ ਮੰਤਰੀ ਹੇਲਿਓਪੋਲਿਸ ਜੰਗੀ ਕਬਰਿਸਤਾਨ ’ਚ 3799 ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦੇਣਗੇ ਜਿਨ੍ਹਾਂ ਪਹਿਲੀ ਵਿਸ਼ਵ ਜੰਗ ਦੌਰਾਨ ਮਿਸਰ ਲਈ ਸ਼ਹਾਦਤ ਦਿੱਤੀ ਸੀ। ਇਹ ਯਾਦਗਾਰ ਰਾਸ਼ਟਰਮੰਡਲ ਵੱਲੋਂ ਬਣਾਈ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦਾ ਮਿਸਰ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਛੇ ਮਹੀਨੇ ਪਹਿਲਾਂ ਰਾਸ਼ਟਰਪਤੀ ਅਲ-ਸੀਸੀ ਭਾਰਤ ’ਚ ਗਣਤੰਤਰ ਦਿਵਸ ਸਮਾਗਮਾਂ ’ਚ ਮੁੱਖ ਮਹਿਮਾਨ ਵਜੋਂ ਆਏ ਸਨ।