ਮਿਲੱਟਸ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ

ਮਿਲੱਟਸ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ

ਡਾ. ਪੀਐੱਸ ਤਿਆਗੀ* ਡਾ. ਸ਼ਾਲੂ ਵਿਆਸ**

ਇਕ ਪਾਸੇ ਦੁਨੀਆ ਸਿਹਤਮੰਦ ਖਾਣਿਆਂ ਦੀ ਭਾਲ ਵਿਚ ਜੱਦੋਜਹਿਦ ਕਰ ਰਹੀ ਹੈ; ਦੂਜੇ ਪਾਸੇ ਬੜੇ ਹੀ ਪੁਰਾਣੇ ਤੇ ਭੁੱਲੇ ਵਿਸਰੇ ਖਾਣੇ ਮੁੜ ਸਾਡੀ ਰਸੋਈ ਵਿਚ ਆਉਣਾ ਲੋਚਦੇ ਹਨ। ਇਨ੍ਹਾਂ ਨੂੰ ਅੰਗਰੇਜ਼ੀ ਵਿਚ ਸਾਂਝੇ ਤੌਰ ’ਤੇ ਮਿਲੱਟਸ ਕਿਹਾ ਜਾਂਦਾ ਹੈ ਪਰ ਪੰਜਾਬੀ ਵਿਚ ਇਨ੍ਹਾਂ ਦੇ ਕਈ ਨਾਂ ਹਨ ਜਿਨ੍ਹਾਂ ਵਿਚ ਬਾਜਰਾ ਬੜਾ ਹੀ ਪ੍ਰਸਿੱਧ ਹੈ। ਬਾਜਰੇ ਦੀ ਪ੍ਰਸਿੱਧੀ ਦਾ ਸਬੂਤ ਇਹ ਹੈ ਕਿ ਪੰਜਾਬੀ ਦੇ ਗੀਤਾਂ ਦਾ ਸਭ ਤੋਂ ਪੁਰਾਣਾ ਟੱਪਾ ਬਾਜਰੇ ਦੇ ਸਿੱਟੇ ਨਾਲ ਹੀ ਸਬੰਧਤਿ ਹੈ: ਬਾਜਰੇ ਦਾ ਸਿੱਟਾ ਨੀ ਅਸਾਂ ਤਲੀ ’ਤੇ ਮਰੋੜਿਆ, ਰੁੱਠੜਾ ਜਾਂਦਾ ਮਾਹੀ ਨੀ ਅਸੀਂ ਗਲੀ ਵਿਚੋਂ ਮੋੜਿਆ। ਜਿਨ੍ਹਾਂ ਨੇ ਬਾਜਰੇ ਦਾ ਸਿੱਟਾ ਕਦੇ ਆਪਣੇ ਹੱਥ ਵਿਚ ਫੜ ਕੇ ਦੇਖਿਆ ਹੋਵੇ, ਉਹੀ ਇਸ ਟੱਪੇ ਦੇ ਸਾਹਤਿਕ ਸੁਹਜ ਅਤੇ ਰੋਮਾਂਸ ਨੂੰ ਸਮਝ ਸਕਦੇ ਹਨ। ਜਿਸ ਫ਼ਸਲ ਦਾ ਸਿੱਟਾ ਸਾਡੇ ਮੁਢਲੇ ਲੋਕ ਗੀਤਾਂ ਦਾ ਸਿ਼ੰਗਾਰ ਬਣਿਆ, ਉਹ ਬਾਜਰੇ ਦਾ ਸਿੱਟਾ ਹੈ, ਕਣਕ ਦਾ ਨਹੀਂ। ਕਣਕ ਸਾਡੀ ਰੂਹ ਵਿਚ ਖ਼ੁਦ-ਬਖ਼ੁਦ ਉੱਕਰੇ ਲੋਕ ਗੀਤਾਂ ਵਿਚ ਨਹੀਂ ਆਈ ਬਲਕਿ ਰੂਹ ’ਤੇ ਜ਼ੋਰ ਪਾ ਕੇ ਲਿਖੇ ਗੀਤਾਂ ਵਿਚ ਲਿਆਂਦੀ ਗਈ। ਅਸੀਂ ਲੋਕ ਗੀਤਾਂ ਨੂੰ ਛੱਡ ਕੇ ਗੀਤਾਂ ਮਗਰ ਲੱਗ ਗਏ ਤੇ ਬਾਜਰੇ ਦੀ ਬਜਾਇ ਕਣਕ ਨੂੰ ਰਸੋਈ ਦੀ ਮਹਾਰਾਣੀ ਬਣਾ ਲਿਆ। ਇਹ ਹੁਣ ਸਾਨੂੰ ਜਲਵੇ ਦਿਖਾ ਰਹੀ ਹੈ ਜਿਸ ਦਾ ਪਤਾ ਉਦੋਂ ਲੱਗਦਾ ਹੈ ਜਦ ਡਾਕਟਰ ਸਾਡੇ ਖਾਣਿਆਂ ਵਿਚੋਂ ਕਣਕ ’ਤੇ ਗਲੂਟਨ ਕਹਿ ਕੇ ਕਾਂਟਾ ਮਾਰ ਦਿੰਦੇ ਹਨ। ਗਲੂਟਨ ਗੂੰਦ ਜਿਹਾ ਲੇਸਦਾਰ ਹੁੰਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ; ਰੇਸ਼ੇਦਾਰ ਪਦਾਰਥ ਸਿਹਤ ਲਈ ਬੜੇ ਲਾਭਕਾਰੀ ਹੁੰਦੇ ਹਨ।

ਪੁਰਾਣੇ ਵੇਲਿਆਂ ਵਿਚ ਅਸੀਂ ਆਪਣੇ ਘਰਾਂ ਵਿਚ ਕਦੇ ਕੋਧਰੇ ਤੇ ਕਦੇ ਬਾਜਰੇ ਦੀ ਰੋਟੀ ਖਾਂਦੇ ਸਾਂ। ਝੱਟੇ ਦੀ ਖੀਰ ਤਾਂ ਕਦੇ ਮੂੰਹੋਂ ਨਹੀਂ ਸੀ ਲੱਥਦੀ ਤੇ ਹੁਣ ਇਹੋ ਜਿਹੇ ਖਾਣੇ ਆ ਗਏ ਹਨ ਕਿ ਮੂੰਹ ਲਾਉਣ ਨੂੰ ਚਿੱਤ ਨਹੀਂ ਕਰਦਾ। ਮਿਲੱਟਸ ਸ਼ਬਦ ਮਿੱਲ ਤੋਂ ਬਣਿਆ ਹੈ ਤੇ ਮਿਲ ਦਾ ਅਰਥ ਹੈ ਦਾਣੇ ਪੀਹਣ ਵਾਲੀ ਚੱਕੀ। ਮਿੱਲ ਵਿਚ ਪੀਸੇ ਜਾਣ ਵਾਲੇ ਦਾਣਿਆਂ ਦਾ ਨਾਂ ਵੀ ਮਿੱਲਟਸ ਹੋ ਗਿਆ ਪਰ ਇਹ ਉਹ ਦਾਣੇ ਹੁੰਦੇ ਹਨ ਜਿਹੜੇ ਖੁਸ਼ਕ ਜ਼ਮੀਨ ਵਿਚ ਹੁੰਦੇ ਹਨ, ਜਿੱਥੇ ਮੀਂਹ ਵੀ ਥੋੜ੍ਹਾ ਪੈਂਦਾ ਹੈ। ਅੰਗਰੇਜ਼ੀ ਵਿਚ ਅਜਿਹੇ ਦਾਣਿਆਂ ਲਈ ਇਕ ਹੀ ਨਾਂ ਮਿਲੱਟਸ ਪ੍ਰਚੱਲਤਿ ਹੈ। ਪੰਜਾਬੀ ’ਚ ਇਨ੍ਹਾਂ ਲਈ ਕੋਈ ਇਕ ਨਾਂ ਨਹੀਂ। ਇਸ ਲਈ ਅਸੀਂ ਚਰ੍ਹੀ, ਜਵਾਰ, ਕੋਧਰੇ ਅਤੇ ਬਾਜਰੇ ਜਿਹੇ ਹਰ ਦਾਣੇ ਨੂੰ ਮਿਲੱਟਸ ਕਹਿਣ ਲਈ ਮਜਬੂਰ ਹਾਂ।

ਮਿਲੱਟਸ ਸਦੀਆਂ ਤੋਂ ਸਾਡੀ ਖੁਰਾਕ ਦਾ ਅੰਗ ਰਹੇ ਹਨ ਪਰ 1960 ਦੇ ਦਹਾਕੇ ਵਿਚ ਆਈ ਹਰੀ ਕ੍ਰਾਂਤੀ ਕਾਰਨ ਕਣਕ ਅਤੇ ਚੌਲਾਂ ਦੀਆਂ ਵਧੇਰੇ ਉਪਜ ਵਾਲੀਆਂ ਕਿਸਮਾਂ ਦੀ ਵਰਤੋਂ ਕਰ ਕੇ ਅਨਾਜ ਦੇ ਉਤਪਾਦਨ ਵਿਚ ਵਾਧਾ ਕਰਨ ’ਤੇ ਜ਼ੋਰ ਦਿੱਤਾ ਗਿਆ। ਹੁਣ ਮਿਲੱਟਸ ਦੀ ਖੇਤੀ ਦੇ ਫ਼ਾਇਦਿਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਅਪਰੈਲ 2018 ਵਿਚ ਇਨ੍ਹਾਂ ਨੂੰ ਸਿਹਤਮੰਦ ਅਨਾਜ ਵਜੋਂ ਤਸਲੀਮ ਕੀਤਾ ਜਿਸ ਵਿਚ ਮੁੱਖ ਮਿਲੱਟਸ ਜੁਆਰ, ਚਰ੍ਹੀ, ਬਾਜਰਾ, ਰਾਗੀ, ਕੰਗਣੀ, ਸਾਨਵਾ, ਕੁਟਕੀ ਅਤੇ ਕੱਟੂ ਨੂੰ ਸ਼ਾਮਿਲ ਕੀਤਾ ਗਿਆ। ਭਾਰਤ ਸਰਕਾਰ ਨੇ ਕਈ ਦੇਸ਼ਾਂ ਨਾਲ ਮਿਲ ਕੇ ਯੂਐੱਨਓ ਵਲੋਂ ਸਾਲ 2023 ਨੂੰ ਮਿਲੱਟਸ ਦਾ ਕੌਮਾਂਤਰੀ ਸਾਲ ਐਲਾਨ ਕਰਵਾਇਆ ਜਿਸ ਦਾ ਮੁੱਖ ਸੰਕਲਪ ਹੈ: ਸਿਹਤਮੰਦ ਮਿਲੱਟਸ ਤੇ ਸਿਹਤਮੰਦ ਲੋਕ।

ਮਿਲੱਟਸ ਸਦੀਆਂ ਤੋਂ ਭਾਰਤ ਹੀ ਨਹੀਂ, ਅਫਰੀਕਾ ਅਤੇ ਮੱਧ ਪੂਰਬੀ ਖੇਤਰਾਂ ਦੀ ਮੁੱਖ ਖੁਰਾਕ ਰਹੇ ਹਨ। ਹਜ਼ਾਰਾਂ ਸਾਲ ਪੁਰਾਣੀ ਭਾਰਤੀ ਸੱਭਿਆਚਾਰਕ ਵਿਰਾਸਤ ਦੇ ਪ੍ਰਸੰਗ ਵਿਚ ਵੀ ਇਨ੍ਹਾਂ ਦੀ ਮਹੱਤਤਾ ਹੈ। ਇਹ ਭਾਰਤ ਵਿਚ ਸਭ ਤੋਂ ਪੁਰਾਣੀਆਂ ਉਗਾਈਆਂ ਜਾਣ ਵਾਲੀਆਂ ਫਸਲਾਂ ਵਿਚੋਂ ਹਨ। ਇਹ ਸਾਡੇ ਧਾਰਮਿਕ ਰੀਤੀ ਰਿਵਾਜਾਂ, ਸੱਭਿਆਚਾਰਕ ਰਸਮਾਂ ਤੇ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਰਹੇ ਹਨ। ਇਹ ਭਾਵੇਂ ਸਥਾਨਕ ਮਾਹੌਲ ਦੇ ਅਨੁਕੂਲ ਹਨ ਅਤੇ ਇਨ੍ਹਾਂ ਦੀ ਪੈਦਾਵਾਰ ਲਈ ਬਹੁਤ ਥੋੜ੍ਹੇ ਸਾਧਨਾਂ ਦੀ ਲੋੜ ਹੈ, ਫਿਰ ਵੀ ਇਨ੍ਹਾਂ ਨੂੰ ਕਣਕ-ਝੋਨੇ ਨਾਲੋਂ ਘੱਟ ਲਾਭਦਾਇਕ ਮੰਨਿਆ ਜਾਂਦਾ ਹੈ। ਮੁਨਸ਼ੀ ਪ੍ਰੇਮਚੰਦ ਦੀ ਕਹਾਣੀ ‘ਸਵਾ ਸੇਰ ਗੇਹੁੰ’ ਵਿਚ ਵੀ ਦੱਸਿਆ ਗਿਆ ਹੈ ਕਿ ਗਰੀਬ ਕਿਸਾਨ ਆਪਣੇ ਘਰ ਵਿਚ ਹਮੇਸ਼ਾ ਮਿਲੱਟਸ ਹੀ ਖਾਂਦੇ ਸਨ ਪਰ ਆਏ ਸਾਧੂ ਮਹਿਮਾਨ ਲਈ ਹੀ ਸਵਾ ਸੇਰ ਕਣਕ ਉਧਾਰ ਲਿਆਉਂਦੇ ਹਨ।

ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਵੀ ਗਰੀਬ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿਚੋਂ ਦੁੱਧ ਅਤੇ ਅਮੀਰ ਮਲਿਕ ਭਾਗੋ ਦੇ ਕਣਕ ਦੇ ਫੁਲਕੇ ਵਿਚੋਂ ਲਹੂ ਨਿਕਲਦਾ ਦਿਖਾ ਕੇ ਇਹ ਸਿੱਖਿਆ ਦਤਿੀ ਸੀ ਕਿ ਇਮਾਨਦਾਰੀ, ਪਿਆਰ, ਦਿਆਲਤਾ ਅਤੇ ਸ਼ਰਧਾ ਨਾਲ ਤਿਆਰ ਕੀਤੀ ਕੋਧਰੇ ਦੀ ਸਾਧਾਰਨ ਰੋਟੀ ਅਮੀਰ ਮਲਿਕ ਭਾਗੋ ਦੀ ਰੋਟੀ ਨਾਲੋਂ ਵਧੇਰੇ ਸੁਆਦ ਅਤੇ ਸਿਹਤਮੰਦ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ: ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਤਿੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ਅਰਥਾਤ, ਅਜਿਹੇ ਖਾਣੇ ਆਪਣੀ ਖ਼ੁਸ਼ੀ ਖਤਮ ਵਾਲੀ ਗੱਲ ਹੁੰਦੀ ਹੈ ਜਿਹੜੇ ਖਾਣੇ ਸਾਡੀ ਸਿਹਤ ਲਈ ਮਾੜੇ ਹੋਣ ਤੇ ਜਿਨ੍ਹਾਂ ਨਾਲ ਮਨ ਵਿਚ ਵੀ ਬੁਰੇ ਵਿਚਾਰ ਆਉਣ ਲੱਗ ਪੈਣ। ਕਿੰਨੀ ਪਤੇ ਦੀ ਗੱਲ ਹੈ ਕਿ ਖਾਣੇ ਸਾਡੀ ਦੇਹ ’ਤੇ ਅਸਰ ਤਾਂ ਕਰਦੇ ਹੀ ਹਨ, ਇਹ ਸਾਡੇ ਮਨ ’ਤੇ ਵੀ ਪ੍ਰਭਾਵ ਪਾਉਂਦੇ ਹਨ। ਮਿਲੱਟਸ ਦੀ ਥਾਂ ਕਣਕ, ਚੌਲ਼ ਆਦਿ ਖਾਣ ਨਾਲ ਇੱਕ ਤਾਂ ਸਾਡਾ ਸਰੀਰ ਬਿਮਾਰੀਆਂ ਦਾ ਸਿ਼ਕਾਰ ਹੋ ਜਾਂਦਾ ਹੈ; ਦੂਜਾ ਮਨ ’ਤੇ ਵੀ ਬੁਰਾ ਅਸਰ ਪੈਂਦਾ ਹੈ। ਅੱਜ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਕਣਕ ਦੀ ਐਲਰਜੀ ਦੇ ਬੁਰੇ ਅਸਰ ਤੋਂ ਬੇਹੱਦ ਦੁਖੀ ਹਨ। ਹੈਰਾਨੀ ਹੁੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਸ ਦੇ ਬੁਰੇ ਅਸਰ ਤੋਂ ਸੈਂਕੜੇ ਸਾਲ ਪਹਿਲਾਂ ਹੀ ਸੰਕੇਤ ਕਰ ਦਿੱਤਾ ਹੋਇਆ ਹੈ।

ਮਿਲੱਟਸ ਤਕਰੀਬਨ 131 ਦੇਸ਼ਾਂ ਵਿਚ ਪੈਦਾ ਕੀਤੇ ਜਾਂਦੇ ਹਨ ਤੇ ਭਾਰਤ ਇਸ ਦਾ ਸੰਸਾਰ ਦਾ ਸਭ ਤੋਂ ਵੱਡਾ ਉਤਪਾਦਕ ਹੈ। ਭਾਰਤ ਵਿਚ ਪੈਦਾ ਕੀਤੇ ਜਾਣ ਵਾਲੇ ਮਿਲੱਟਸ ਇਹ ਹਨ: ਮੋਤੀ ਬਾਜਰਾ 60%, ਸੋਰਘਮ, ਜੁਆਰ ਜਾਂ ਚਰੀ 27%, ਰਾਗੀ 11% ਤੇ ਕੁਟੂਕੀ 2%। ਇਸ ਤੋਂ ਇਲਾਵਾ ਕੰਗਣੀ (ਫੌਕਸਟੇਲ), ਬਾਰੀ (ਪ੍ਰੋਸੋ), ਕੋਧਰਾ (ਕੋਡੋ) ਅਤੇ ਸਨਵਾ (ਬਾਰਨਯਾਰਡ) ਵੀ ਕੁਝ ਮਾਤਰਾ ਵਿਚ ਪੈਦਾ ਕੀਤੇ ਜਾਂਦੇ ਹਨ। ਮਿਲੱਟਸ ਦੇ ਕੌਮਾਂਤਰੀ ਸਾਲ ਵਜੋਂ 2023 ਢੁਕਵਾਂ ਸਮਾਂ ਹੈ ਜਦੋਂ ਜਲਵਾਯੂ ਪਰਿਵਰਤਨ, ਮਿੱਟੀ ਦੇ ਉਪਜਾਊਪਣ ਵਿਚ ਆ ਰਹੀ ਕਮਜ਼ੋਰੀ ਅਤੇ ਪਾਣੀ ਦੀ ਕਿੱਲਤ ਰਵਾਇਤੀ ਖੇਤੀਬਾੜੀ ਨੂੰ ਖ਼ਤਰੇ ਵਿਚ ਪਾ ਰਹੀ ਹੈ। ਇਸ ਲਈ ਮਿਲੱਟਸ ਆਪਣੀ ਘੱਟ ਤੋਂ ਘੱਟ ਪਾਣੀ ਦੀ ਲੋੜ ਅਤੇ ਖੁਸ਼ਕ ਜ਼ਮੀਨ ਵਿਚ ਵਧਣ-ਫੁੱਲਣ ਦੀ ਯੋਗਤਾ ਦੇ ਨਾਲ ਨਾਲ ਪ੍ਰੋਟੀਨ ਦੇ ਉੱਚ ਪੱਧਰ ਕਾਰਨ ਪੌਸ਼ਟਿਕਤਾ ਪੱਖੋਂ ਕਣਕ ਅਤੇ ਚੌਲਾਂ ਨਾਲੋਂ ਕਤਿੇ ਵੱਧ ਉੱਤਮ ਹਨ। ਇਹ ਗਲੂਟਨ ਮੁਕਤ ਹੁੰਦੇ ਹਨ ਅਤੇ ਇਨ੍ਹਾਂ ਦਾ ਗਲਾਈਸੈਮਿਕ ਪੱਧਰ ਘੱਟ ਹੁੰਦਾ ਹੈ ਜੋ ਇਨ੍ਹਾਂ ਨੂੰ ਖੁਰਾਕ ਸਬੰਧੀ ਪਾਬੰਦੀਆਂ ਵਾਲੇ ਲੋਕਾਂ ਅਤੇ ਸ਼ੂਗਰ ਕਾਬੂ ਰੱਖਣ ਲਈ ਤਰੱਦਦ ਕਰਦੇ ਲੋਕਾਂ ਲਈ ਲਾਹੇਵੰਦ ਬਣਾਉਂਦੇ ਹਨ। ਇਨ੍ਹਾਂ ਦਾ ਉਤਪਾਦਨ ਕਿਸਾਨਾਂ ਲਈ ਆਰਥਿਕ ਤੌਰ ’ਤੇ ਹੋਰ ਵਧੇਰੇ ਫ਼ਾਇਦੇਮੰਦ ਹੋ ਸਕਦਾ ਹੈ।

ਸਰਕਾਰ, ਵਿਦਿਅਕ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਯਤਨਾਂ ਸਦਕਾ ਮਿਲੱਟਸ ਦੇ ਉਤਪਾਦਨ ਵਿਚ ਕਾਫ਼ੀ ਵਾਧਾ ਹੋਇਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦਾ ਮਿਲੱਟਸ ਨੂੰ ਭਵਿੱਖ ਲਈ ਭੋਜਨ ਬਦਲ ਬਣਾਉਣ ’ਤੇ ਜ਼ੋਰ ਦੇਣਾ, ਕਿਸਾਨ ਭਲਾਈ ਮੰਤਰਾਲੇ ਵੱਲੋਂ ਸੰਸਦ ਮੈਂਬਰਾਂ ਲਈ ਵਿਸ਼ੇਸ਼ ਤੌਰ ’ਤੇ ਮਿਲੱਟਸ ਦੇ ਖਾਣੇ ਦਾ ਪ੍ਰਬੰਧ ਕਰਨਾ, ਵਿਸਾਖੀ ਮੌਕੇ ਗੁਰਦੁਆਰਾ ਸਰਾਭਾ ਨਗਰ, ਲੁਧਿਆਣਾ ਵਿਚ ਸੰਗਤ ਲਈ ਮਿਲੱਟਸ ਦੇ ਫੂਡ ਸਟਾਲ ਲਗਾਉਣਾ, ਵਿਦਿਅਕ ਸੰਸਥਾਵਾਂ ਦੁਆਰਾ ਰੈਲੀਆਂ ਅਤੇ ਮਿਲੱਟਸ ਨਾਲ ਤਿਆਰ ਕੀਤੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਉਣਾ ਵੀ ਇਸ ਵਿਚਾਰ ਨੂੰ ਉਤਸ਼ਾਹਤਿ ਕਰਦੇ ਹਨ ਕਿ ਮਿਲੱਟਸ ਆਧੁਨਿਕ ਖੁਰਾਕਾਂ ਵਿਚ ਸੁਆਦੀ ਅਤੇ ਪੌਸ਼ਟਿਕ ਬਦਲ ਹੋ ਸਕਦਾ ਹੈ। ਆਪਣੀ ਖੁਰਾਕ ਵਿਚ ਮਿਲੱਟਸ ਸ਼ਾਮਿਲ ਕਰ ਕੇ ਅਸੀਂ ਸਿਹਤਮੰਦ ਸਮਾਜ ਦੇ ਨਿਰਮਾਣ ਵਿਚ ਯੋਗਦਾਨ ਪਾ ਸਕਦੇ ਹਾਂ ਅਤੇ ਅਗਲੀਆਂ ਪੀੜ੍ਹੀਆਂ ਲਈ ਭੋਜਨ ਸੁਰੱਖਿਆ ਨੂੰ ਵੀ ਯਕੀਨੀ ਬਣਾ ਸਕਦੇ ਹਾਂ।