ਮਿਲਿੰਦ ਦਿਉੜਾ ਕਾਂਗਰਸ ਛੱਡ ਕੇ ਸ਼ਿਵ ਸੈਨਾ ’ਚ ਸ਼ਾਮਲ

ਮਿਲਿੰਦ ਦਿਉੜਾ ਕਾਂਗਰਸ ਛੱਡ ਕੇ ਸ਼ਿਵ ਸੈਨਾ ’ਚ ਸ਼ਾਮਲ

ਐੱਕਸ ’ਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ੇ ਦਾ ਕੀਤਾ ਐਲਾਨ, ਕਾਂਗਰਸ ਨਾਲ 55 ਸਾਲ ਪੁਰਾਣੀ ਸਾਂਝ ਤੋੜੀ
ਮੁੰਬਈ- ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦਿਉੜਾ ਅੱਜ ਕਾਂਗਰਸ ਛੱਡ ਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਗਏ। ਦਿਉੜਾ ਨੇ ਦੋਸ਼ ਲਾਇਆ ਕਿ ਕਾਂਗਰਸ ਹੁਣ ਪਹਿਲਾਂ ਵਾਲੀ ਪਾਰਟੀ ਨਹੀਂ ਰਹੀ। ਇਕ ਸਮਾਂ ਸੀ ਜਦੋਂ (ਸਾਬਕਾ ਪ੍ਰਧਾਨ ਮੰਤਰੀ) ਮਨਮੋਹਨ ਸਿੰਘ ਨੇ ਆਰਥਿਕ ਸੁਧਾਰ ਲਾਗੂ ਕੀਤੇ ਸਨ, ਪਰ ਹੁਣ ਪਾਰਟੀ (ਕਾਂਗਰਸ) ਕਾਰੋਬਾਰੀਆਂ ਤੇ ਸਨਅਤਕਾਰਾਂ ਨੂੰ ਦੇਸ਼-ਵਿਰੋਧੀ ਦੱਸ ਕੇ ਭੰਡ ਰਹੀ ਹੈ। ਦਿਉੜਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਰਕਾਰੀ ਰਿਹਾਇਸ਼ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਦੇ ਵਿਕਾਸ ਦਾ ਦ੍ਰਿਸ਼ਟੀਕੋਣ ਰੱਖਦੇ ਹਨ। ਦਿਉੜਾ ਪਰਿਵਾਰ ਪਿਛਲੇ 55 ਸਾਲਾਂ ਤੋਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨਾਲ ਜੁੜਿਆ ਹੋਇਆ ਸੀ ਤੇ ਮਿਲਿੰਦ ਦਿਉੜਾ ਦਾ ਇਹ ਫੈਸਲਾ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਮੁੰਬਈ ਵਿੱਚ ਵੱਡਾ ਝਟਕਾ ਹੈ।

ਮੁੰਬਈ ਦੱਖਣੀ ਤੋਂ ਸਾਬਕਾ ਸੰਸਦ ਮੈਂਬਰ ਮਿਲਿੰਦ ਦਿਉੜਾ ਨੇ ਅੱਜ ਸਵੇਰੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਦਿਉੜਾ ਨੇ ਪੋਸਟ ਵਿੱਚ ਲਿਖਿਆ, ‘‘ਅੱਜ ਮੇਰੇ ਸਿਆਸੀ ਸਫ਼ਰ ਦਾ ਇਕ ਅਹਿਮ ਅਧਿਆਏ ਖ਼ਤਮ ਹੋ ਗਿਆ ਹੈ। ਮੈਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਪਾਰਟੀ ਨਾਲ ਆਪਣੇ ਪਰਿਵਾਰ ਦੀ 55 ਸਾਲ ਪੁਰਾਣੀ ਸਾਂਝ ਖ਼ਤਮ ਕਰ ਰਿਹਾ ਹਾਂ। ਮੈਂ ਇੰਨੇ ਸਾਲਾਂ ਤੱਕ ਮਿਲੇ ਸਾਥ ਲਈ ਆਪਣੇ ਸਾਰੇ ਆਗੂਆਂ, ਸਾਥੀਆਂ ਤੇ ਵਰਕਰਾਂ ਦਾ ਧੰਨਵਾਦੀ ਹਾਂ।’’ ਦਿਉੜਾ ਮਗਰੋਂ ਪ੍ਰਭਾਦੇਵੀ ਵਿੱਚ ਸਿੱਧੀਵਿਨਾਇਕ ਮੰਦਰ ਗਏ ਤੇ ਮੱਥਾ ਟੇਕਿਆ। ਬਾਅਦ ਦੁਪਹਿਰ ਮੁੱਖ ਮੰਤਰੀ ਦੀ ਅਧਿਕਾਰਤ ਰਿਹਾਇਸ਼ ‘ਵਰਸ਼ਾ’ ਵਿਚ ਏਕਨਾਥ ਸ਼ਿੰਦੇ ਦੀ ਮੌਜੂਦਗੀ ਵਿੱਚ ਸ਼ਿਵ ਸੈਨਾ ’ਚ ਸ਼ਾਮਲ ਹੋ ਗਏ। ਦਿਉੜਾ ਨੇ ਕਿਹਾ, ‘‘ਕਾਂਗਰਸ ਛੱਡਣ ਦਾ ਫੈਸਲਾ ਸੌਖਾ ਨਹੀਂ ਸੀ ਕਿਉਂਕਿ ਦਿਉੜਾ ਪਰਿਵਾਰ ਦੀ ਇਸ ਨਾਲ 55 ਸਾਲ ਪੁਰਾਣੀ ਸਾਂਝ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਚੰਗੇ ਲੋਕਾਂ ਦੀ ਲੋੜ ਹੈ। ਇਹ ਸ਼ਿੰਦੇ ਤੇ ਲੋਕ ਸਭਾ ਮੈਂਬਰ ਸ੍ਰੀਕਾਂਤ ਸ਼ਿੰਦੇ ਦਾ ਵਿਚਾਰ ਸੀ ਕਿ ਮੈਂ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਪ੍ਰਤੀਨਿਧਤਾ ਕਰਾਂ ਤੇ ਮੈਂ ਉਨ੍ਹਾਂ ਵੱਲੋਂ ਮੇਰੇ ’ਚ ਦਿਖਾਏ ਵਿਸ਼ਵਾਸ ਲਈ ਧੰਨਵਾਦੀ ਹਾਂ।’’ ਦਿਉੜਾ ਨੇ ਕਿਹਾ, ‘‘ਜਦੋਂ ਪਾਰਟੀ ਔਖੇ ਸਮੇਂ ’ਚੋਂ ਲੰਘ ਰਹੀ ਸੀ ਮੈਂ ਉਦੋਂ ਵੀ ਕਾਂਗਰਸ ਦਾ ਵਫ਼ਾਦਾਰ ਰਿਹਾ । ਮੈਂ 2004 ’ਚ ਕਾਂਗਰਸ ਵਿੱਚ ਸ਼ਾਮਲ ਹੋਇਆ। ਜੇਕਰ ਕਾਂਗਰਸ ਤੇ ਸ਼ਿਵ ਸੈਨਾ (ਯੂਬੀਟੀ) ਨੇ ਉਸਾਰੂ ਸੁਝਾਵਾਂ ਤੇ ਮੈਰਿਟ ਵੱਲ ਧਿਆਨ ਦਿੱਤਾ ਹੁੰਦਾ ਤਾਂ ਅਸੀਂ ਇਥੇ ਨਾ ਬੈਠੇ ਹੁੰਦੇ।’’ ਦਿਉੜਾ ਨੇ ਕਿਹਾ ਕਿ ਉਹ ‘ਪੇਨ’(ਨਿੱਜੀ ਹਮਲੇ, ਅਨਿਆਂ ਤੇ ਨਕਾਰਾਤਮਕਤਾ) ਦੀ ਥਾਂ ‘ਗੇਨ’ (ਵਿਕਾਸ, ਇੱਛਾ ਤੇ ਰਾਸ਼ਟਰਵਾਦ) ਦੀ ਸਿਆਸਤ ਵਿੱਚ ਯਕੀਨ ਰੱਖਦੇ ਹਨ।

ਮੁੱਖ ਮੰਤਰੀ ਸ਼ਿੰਦੇ ਨੇ ਦਿਉੜਾ ਦਾ ਸ਼ਿਵ ਸੈਨਾ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਡੇਢ ਸਾਲ ਪਹਿਲਾਂ ਉਨ੍ਹਾਂ ਦੇ ਮਨ ਵਿਚ ਵੀ ਇਹੀ ਖਿਆਲ ਆ ਰਹੇ ਸਨ, ਜੋ ਦਿਉੜਾ ਨੇ ਜ਼ਾਹਿਰ ਕੀਤੇ ਹਨ। ਉਨ੍ਹਾਂ ਕਿਹਾ, ‘‘ਕੋਈ ਵੀ ਫ਼ੈਸਲਾ ਲੈਣ ਮੌਕੇ ਇਸ ਦੇ ਚੰਗੇ ਜਾਂ ਮਾੜੇ ਨਤੀਜੇ ਹੁੰਦੇ ਹਨ। ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਤੇ ਲੋਕਾਂ ਦੀ ਮਦਦ ਕਰਨੀ ਹੈ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਨੂੰ ਮਜ਼ਬੂਤ ਕਰਨਾ ਹੈ।’’

ਇਸ ਤੋਂ ਪਹਿਲਾਂ ਅੱਜ ਦਿਨੇਂ ਮਿਲਿੰਦ ਦਿਓੜਾ ਦੱਖਣੀ ਮੁੰਬਈ ਸਥਿਤ ਆਪਣੀ ਰਿਹਾਇਸ਼ ‘ਰਾਮਲਿਆਲਮ’ ਵਿਚੋਂ ਬਾਹਰ ਆਏ ਤਾਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਹ ‘ਵਿਕਾਸ ਦੇ ਰਾਹ ’ਤੇ ਤੁਰਨਗੇ।’

ਦਿਉੜਾ, ਜਿਨ੍ਹਾਂ ਨੂੰ ਅਜੇ ਪਿੱਛੇ ਜਿਹੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਸੰਯੁਕਤ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਸੀ, ਨੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) ਵੱਲੋਂ ਮੁੰਬਈ ਦੱਖਣੀ ਲੋਕ ਸਭਾ ਹਲਕੇ ’ਤੇ ਜਤਾਏ ਦਾਅਵੇ ਨੂੰ ਲੈ ਕੇ ਇਤਰਾਜ਼ ਜਤਾਇਆ ਸੀ।

ਦਿਉੜਾ ਬੀਤੇ ’ਚ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਹਨ। ਅਣਵੰਡੀ ਸ਼ਿਵ ਸੈਨਾ ਦੇ ਅਰਵਿੰਦ ਸਾਵੰਤ, ਜੋ ਹੁਣ ਠਾਕਰੇ ਧੜੇ ਨਾਲ ਹਨ, ਨੇ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਦਿਉੜਾ ਨੂੰ ਹਰਾਇਆ ਸੀ। ਦਿਉੜਾ ਕਿਸੇ ਵੇਲੇ ਮੁੰਬਈ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ। ਉਹ ਸੀਨੀਅਰ ਕਾਂਗਰਸੀ ਆਗੂ ਮੁਰਲੀ ਦਿਉੜਾ ਦੇ ਪੁੱਤਰ ਹਨ।