ਮਿਲਟਰੀ ਲਿਟਰੇਚਰ ਫੈਸਟੀਵਲ ’ਚ ਕੁੜੀਆਂ ਨੇ ਗਤਕੇ ਦੇ ਜੌਹਰ ਦਿਖਾਏ

ਮਿਲਟਰੀ ਲਿਟਰੇਚਰ ਫੈਸਟੀਵਲ ’ਚ ਕੁੜੀਆਂ ਨੇ ਗਤਕੇ ਦੇ ਜੌਹਰ ਦਿਖਾਏ

ਭਾਰਤੀ ਫੌਜ ਦੀ ਵੀਰਗਾਥਾ ’ਤੇ ਆਧਾਰਤ 13 ਫਿਲਮਾਂ ਦਿਖਾਈਆਂ
ਚੰਡੀਗੜ੍ਹ- ਇੱਥੋਂ ਦੇ ਸੁਖਨਾ ਝੀਲ ’ਤੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਵੱਲੋਂ ਕਰਾਏ ਗਏ ਦੋ ਰੋਜ਼ਾ 7ਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਵੱਡੀ ਗਿਣਤੀ ਵਿੱਚ ਬੱਚੇ, ਨੌਜਵਾਨ ਅਤੇ ਬਜ਼ੁਰਗ ਪਹੁੰਚੇ। ਅੱਜ ਫੈਸਟੀਵਲ ਦੇ ਦੂਜੇ ਤੇ ਆਖ਼ਰੀ ਦਿਨ ਕੁੜੀਆਂ ਨੇ ਪਹਿਲੀ ਵਾਰ ਗਤਕੇ ਵਿੱਚ ਜੌਹਰ ਦਿਖਾਏ। ਇਸੇ ਦੌਰਾਨ ਭਾਰਤੀ ਫੌਜ ਦੀ ਵੀਰਗਾਥਾ ’ਤੇ ਆਧਾਰਤ 13 ਫਿਲਮਾਂ ਦਿਖਾਈਆਂ ਗਈਆਂ। ਫੈਸਟੀਵਲ ਵਿੱਚ ਹਥਿਆਰਾਂ ਦੇ ਟੈਂਕਾਂ ਦੀ ਪ੍ਰਦਰਸ਼ਨੀ ਨੇ ਨੌਜਵਾਨਾਂ ਨੂੰ ਕੀਲ ਕੇ ਰੱਖ ਦਿੱਤਾ।

ਫੈਸਟੀਵਲ ਦੇ ਦੂਜੇ ਦਿਨ ਚੰਡੀਗੜ੍ਹ ਦੇ ਸੈਕਟਰ-40 ਗੁਰਦੁਆਰਾ ਸਾਹਿਬ ਤੋਂ ਬਾਬਾ ਫ਼ਤਹਿ ਸਿੰਘ ਗਤਕਾ ਅਖਾੜੇ ਦੇ 14 ਦੇ ਕਰੀਬ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ। ਇਸ ਮੌਕੇ ਗਤਕੇ ਵਿੱਚ ਅੱਧ ਦੇ ਕਰੀਬ ਕੁੜੀਆਂ ਸ਼ਾਮਲ ਸਨ, ਉਨ੍ਹਾਂ ਦੇ ਹੌਸਲੇ ਤੇ ਜਜ਼ਬੇ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਇਹ ਗਤਕਾ ਕੌਮਾਂਤਰੀ ਗਤਕਾ ਕੋਚ ਯੋਗਰਾਜ ਦੀ ਅਗਵਾਈ ਹੇਠ ਖੇਡਿਆ ਗਿਆ ਹੈ। ਫੈਸਟੀਵਲ ਵਿੱਚ ਪਹੁੰਚੇ ਵੱਡੀ ਗਿਣਤੀ ’ਚ ਲੋਕਾਂ ਨੇ ਗਤਕੇ ਵਿੱਚ ਦਿਲਚਸਪੀ ਦਿਖਾਈ।

ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਨੌਜਵਾਨਾਂ ਨੂੰ ਫ਼ੌਜ ਦੀ ਬਹਾਦਰੀ ਬਾਰੇ ਜਾਣੂ ਕਰਵਾਉਣ ਲਈ ਅੱਜ 13 ਫਿਲਮਾਂ ਦਿਖਾਈਆਂ ਗਈਆਂ। ਇਸ ਵਿੱਚ ਭਾਰਤੀ ਫੌਜ ਬਾਰੇ, ਪਰਮਾਣੂ ਬਾਰੇ, ਸਿੱਖ ਰੈਜ਼ੀਮੈਂਟ ਦੇ 100 ਸਾਲਾ ਇਤਿਹਾਸ ਬਾਰੇ, ਸਿਆਚਿਨ ਅਪਰੇਸ਼ਨ, ਮਾਰਕੋਸ, ਭਾਰਤ-ਪਾਕਿਸਤਾਨ ਵਿਚਕਾਰ 1971 ਦੀ ਜੰਗ ਆਦਿ ਬਾਰੇ ਫਿਲਮਾਂ ਦਿਖਾਈਆਂ ਗਈਆਂ। ਇਸੇ ਦੌਰਾਨ ਨੌਜਵਾਨ ਦੇਸ਼ ਭਗਤੀ ਨਾਲ ਸਬੰਧਿਤ ਚਿੱਤਰਕਾਰੀ ਕਰਦੇ ਵੀ ਦਿਖਾਈ ਦਿੱਤੇ।

ਅੱਜ ਦੂਜੇ ਦਿਨ ਵੀ ਹਥਿਆਰਾਂ ਤੇ ਟੈਂਕਾਂ ਦੀ ਪ੍ਰਦਰਸ਼ਨੀ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਫੈਸਟੀਵਲ ਦੇ ਦੂਜੇ ਦਿਨ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਅਤੇ ਆਲੇ-ਦੁਆਲੇ ਇਲਾਕੇ ਵਿੱਚੋਂ ਵੱਡੀ ਗਿਣਤੀ ਨੌਜਵਾਨ ਪਹੁੰਚੇ। ਇਸ ਦੇ ਨਾਲ ਹੀ ਨੌਜਵਾਨਾਂ ਨੇ ਭਾਰਤੀ ਫੌਜ ਵਿੱਚ ਭਰਤੀ ਹੋਣ ਬਾਰੇ ਵੀ ਗੱਲਬਾਤ ਕਰ ਕੇ ਜਾਣਕਾਰੀ ਹਾਸਲ ਕੀਤੀ।
ਨਿਫਟ ਨੇ ਨੌਜਵਾਨਾਂ ਨੂੰ ਜਾਗਰੂਕ ਕੀਤਾ

ਮਿਲਟਰੀ ਲਿਟਰੇਚਰ ਫੈਸਟੀਵਲ ’ਚ ਨੌਜਵਾਨਾਂ ਨੂੰ ਭਾਰਤੀ ਫ਼ੌਜ ਵਿੱਚ ਭਰਤੀ ਹੋਣ ਦੀ ਅਪੀਲ ਕੀਤੀ ਗਈ। ਇਸੇ ਦੌਰਾਨ ਨਾਰਦਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫਟ) ਨੇ ਨੌਜਵਾਨਾਂ ਨੂੰ ਫੈਸ਼ਨ ਟੈਕਨਾਲਾਜੀ ਬਾਰੇ ਜਾਗਰੂਕ ਕੀਤਾ। ਇਸੇ ਦੌਰਾਨ ਵਿਦਿਆਰਥੀਆਂ ਨੇ ਫੈਸ਼ਨ ਨਾਲ ਸਬੰਧਿਤ ਡਿਜ਼ਾਈਨਿੰਗ ਹੈਲਮਟ ਦੀ ਵਰਤੋਂ ਕਰ ਕੇ ਨੌਜਵਾਨ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।