ਮਾੜੇ ਪ੍ਰਬੰਧਾਂ ਤੋਂ ਖਿਝੇ ਸਿਹਤ ਮੰਤਰੀ ਨੇ ਵੀਸੀ ਤੋਂ ਬੈੱਡ ਦਾ ਮੁਆਇਨਾ ਕਰਵਾਇਆ

ਮਾੜੇ ਪ੍ਰਬੰਧਾਂ ਤੋਂ ਖਿਝੇ ਸਿਹਤ ਮੰਤਰੀ ਨੇ ਵੀਸੀ ਤੋਂ ਬੈੱਡ ਦਾ ਮੁਆਇਨਾ ਕਰਵਾਇਆ

ਗੰਦੇ ਬੈੱਡਾਂ ’ਤੇ ਵਿਛਾਈਆਂ ਹੋਈਆਂ ਸਨ ਚਿੱਟੀਆਂ ਚਾਦਰਾਂ

ਫ਼ਰੀਦਕੋਟ – ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਅੱਜ ਮਾਲਵੇ ਦੇ ਦਸ ਜ਼ਿਲ੍ਹਿਆਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾ ਦੌਰਾ ਕੀਤਾ। ਹਸਪਤਾਲ ਵਿੱਚ ਗੰਦਗੀ ਦੇਖ ਕੇ ਸਿਹਤ ਮੰਤਰੀ ਭੜਕ ਗਏ। ਉਨ੍ਹਾਂ ਮੌਕੇ ’ਤੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਚਮੜੀ ਵਿਭਾਗ ਦੇ ਉਨ੍ਹਾਂ ਗੰਦੇ ਬੈਡਾਂ ’ਤੇ ਲੇਟਣ ਲਈ ਕਿਹਾ, ਜਿੱਥੇ ਮਰੀਜ਼ਾਂ ਨੂੰ ਇਲਾਜ ਲਈ ਲਿਟਾਇਆ ਜਾਂਦਾ ਹੈ। ਮੰਤਰੀ ਦੇ ਹੁਕਮਾਂ ਮਗਰੋਂ ਵੀਸੀ ਬੈੱਡ ’ਤੇ ਲੇਟ ਗਏ। ਹਸਪਤਾਲ ਦੇ ਅਧਿਕਾਰੀਆਂ ਨੇ ਗੰਦੇ ਬੈੱਡਾਂ ’ਤੇ ਚਿੱਟੀਆਂ ਚਾਦਰਾਂ ਵਿਛਾਈਆਂ ਹੋਈਆਂ ਸਨ, ਜਿਸ ਦੀ ਜਾਣਕਾਰੀ ਪਹਿਲਾਂ ਹੀ ਮੰਤਰੀ ਨੂੰ ਮਿਲ ਗਈ ਸੀ।

ਸਿਹਤ ਮੰਤਰੀ ਨੇ ਹਸਪਤਾਲ ਦੇ ਪ੍ਰਬੰਧਾਂ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਵੀਸੀ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਦੱਸਣਯੋਗ ਹੈ ਕਿ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਇਸ ਹਸਪਤਾਲ ਦੇ ਮਾੜੇ ਪ੍ਰਬੰਧਾਂ ਬਾਰੇ ਪੰਜਾਬ ਵਿਧਾਨ ਸਭਾ ਵਿੱਚ ਮੁੱਦਾ ਚੁੱਕਿਆ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਦੀ ਹਾਲਤ ਸੁਧਾਰਨ ਦੀ ਜ਼ਿੰਮੇਵਾਰੀ ਸਿਹਤ ਮੰਤਰੀ ਨੂੰ ਸੌਂਪੀ ਸੀ। ਸਿਹਤ ਮੰਤਰੀ ਨੇ ਆਪਣੀ ਪਲੇਠੀ ਫੇਰੀ ਦੌਰਾਨ ਹਸਪਤਾਲ ਦੇ ਸਾਰੇ ਵਾਰਡਾਂ ਦਾ ਦੌਰਾ ਕੀਤਾ ਪਰ ਰੋਸ ਵਜੋਂ ਉਹ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਨਹੀਂ ਗਏ। ਸਿਹਤ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਬਾਹਰੋਂ ਦੇਖਣ ਤੋਂ ਹੀ ਇੰਨੀ ਗੰਦੀ ਲੱਗ ਰਹੀ ਹੈ ਕਿ ਇਸ ਦੇ ਅੰਦਰ ਜਾਣ ਦੀ ਕੋਈ ਤੁਕ ਨਹੀਂ ਬਣਦੀ। ਸਿਹਤ ਮੰਤਰੀ ਨੇ ਡੀਸੀ ਨੂੰ ਆਦੇਸ਼ ਦਿੱਤੇ ਕਿ ਉਹ ਹਸਪਤਾਲ ਦੀ ਮੌਜੂਦਾ ਸਥਿਤੀ ਬਾਰੇ ਪੰਜ ਦਿਨਾਂ ਵਿੱਚ ਲਿਖਤੀ ਰਿਪੋਰਟ ਸਰਕਾਰ ਨੂੰ ਭੇਜਣ।

ਕਾਲਜ ਤੇ ਹਸਪਤਾਲ ਦੀ ਹਾਲਤ ਇੱਕ ਮਹੀਨੇ ’ਚ ਸੁਧਾਰਨ ਦਾ ਦਿੱਤਾ ਭਰੋਸਾ

ਸਿਹਤ ਮੰਤਰੀ ਦੀ ਫੇਰੀ ਦੌਰਾਨ ਯੂਨੀਵਰਸਿਟੀ ਦੇ ਮੁਲਾਜ਼ਮ, ਕਿਰਤੀ ਕਿਸਾਨ ਯੂਨੀਅਨ, ਪੀਐੱਸਯੂ ਅਤੇ ਨੌਜਵਾਨ ਭਾਰਤ ਸਭਾ ਦੇ ਕਾਰਕੁਨ ਮਰੀਜ਼ਾਂ ਦੀ ਹੁੰਦੀ ਖੱਜਲ ਖੁਆਰੀ ਦੇ ਰੋਸ ਵਜੋਂ ਮਰੀਜ਼ਾਂ ਨੂੰ ਲੈ ਕੇ ਬਾਹਰ ਧਰਨੇ ’ਤੇ ਬੈਠੇ ਹੋਏ ਸਨ। ਜੌੜੇਮਾਜਰਾ ਨੇ ਧਰਨੇ ਵਿੱਚ ਜਾ ਕੇ ਧਰਨਾਕਾਰੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੀ ਹਾਲਤ ਇੱਕ ਮਹੀਨੇ ਵਿੱਚ ਸੁਧਾਰਨ ਦਾ ਭਰੋਸਾ ਦਿੱਤਾ। ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਹਸਪਤਾਲ ਦੇ ਪ੍ਰਬੰਧ ਸੁਧਾਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਸਪਤਾਲ ਵਿਚਲੀਆਂ ਘਾਟਾਂ ਜਲਦੀ ਦੂਰ ਕੀਤੀਆਂ ਜਾਣਗੀਆਂ।