ਮਾੜੇ ਅਮਨ ਕਾਨੂੰਨ ਲਈ ਜਾਣਿਆ ਜਾਂਦਾ ਯੂਪੀ ਹੁਣ ਤਰੱਕੀ ਦੇ ਰਾਹ ’ਤੇ ਪਿਆ: ਮੋਦੀ

ਮਾੜੇ ਅਮਨ ਕਾਨੂੰਨ ਲਈ ਜਾਣਿਆ ਜਾਂਦਾ ਯੂਪੀ ਹੁਣ ਤਰੱਕੀ ਦੇ ਰਾਹ ’ਤੇ ਪਿਆ: ਮੋਦੀ

ਲਖਨਊ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਨੂੰ ਪਹਿਲਾਂ ਗੈਂਗਸਟਰਾਂ ਅਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਲਈ ਜਾਣਿਆ ਜਾਂਦਾ ਸੀ ਪਰ ਹੁਣ ਉਸ ਦੀ ਤੇਜ਼ੀ ਨਾਲ ਤਰੱਕੀ ਕਰ ਰਹੇ ਸੂਬੇ ਵਜੋਂ ਪਛਾਣ ਬਣ ਗਈ ਹੈ। ਉਨ੍ਹਾਂ ਕਿਹਾ ਕਿ ਯੂਪੀ ਦੀ ਭਾਜਪਾ ਸਰਕਾਰ ਨੇ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕੀਤੀ ਹੈ।

ਇਥੇ ਸਬ-ਇੰਸਪੈਕਟਰਾਂ, ਪੀਏਸੀ ਦੇ ਪਲਟੂਨ ਕਮਾਂਡਰਾਂ ਅਤੇ ਫਾਇਰ ਫਾਈਟਰਾਂ ਦੇ 9055 ਨਿਯੁਕਤੀ ਪੱਤਰ ਸੌਂਪਣ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਇਕ ਸਮਾਂ ਸੀ ਜਦੋਂ ਉੱਤਰ ਪ੍ਰਦੇਸ਼ ਮਾਫ਼ੀਆ ਅਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਲਈ ਜਾਣਿਆ ਜਾਂਦਾ ਸੀ। ਅੱਜ ਇਹ ਬਿਹਤਰ ਅਮਨ ਕਾਨੂੰਨ ਅਤੇ ਤੇਜ਼ੀ ਨਾਲ ਤਰੱਕੀ ਦੇ ਰਾਹ ਪੈਣ ਵਾਲੇ ਸੂਬੇ ਵਜੋਂ ਜਾਣਿਆ ਜਾਂਦਾ ਹੈ।’’ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦਾ ਰਿਕਾਰਡਿਡ ਵੀਡੀਓ ਸੁਨੇਹਾ ਵੀ ਚਲਾਇਆ ਗਿਆ। ਸਮਾਗਮ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਅਤੇ ਵਿੱਤ ਮੰਤਰੀ ਸੁਰੇਸ਼ ਖੰਨਾ ਵੀ ਹਾਜ਼ਰ ਸਨ। ਸ੍ਰੀ ਮੋਦੀ ਨੇ ਕਿਹਾ ਕਿ 9 ਹਜ਼ਾਰ ਤੋਂ ਜ਼ਿਆਦਾ ਘਰਾਂ ’ਚ ਖੁਸ਼ੀ ਲਿਆਂਦੀ ਗਈ ਹੈ ਅਤੇ ਨਵੀਆਂ ਭਰਤੀਆਂ ਨਾਲ ਪ੍ਰਦੇਸ਼ ਪੁਲੀਸ ਬਲ ਹੋਰ ਮਜ਼ਬੂਤ ਹੋਵੇਗਾ। ‘ਮੈਨੂੰ ਦੱਸਿਆ ਗਿਆ ਹੈ ਕਿ 2017 ਤੋਂ ਜਦੋਂ ਭਾਜਪਾ ਸੂਬੇ ਦੀ ਸੱਤਾ ’ਚ ਆਈ ਸੀ, ਉਦੋਂ ਤੋਂ ਯੂਪੀ ਪੁਲੀਸ ’ਚ ਡੇਢ ਲੱਖ ਤੋਂ ਜ਼ਿਆਦਾ ਭਰਤੀਆਂ ਹੋ ਚੁੱਕੀਆਂ ਹਨ। ਰੁਜ਼ਗਾਰ ਦੇ ਮੌਕੇ ਵੱਧ ਗਏ ਹਨ।’ ਵਾਰਾਨਸੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਨਲਾਈਨ ਸਿੱਖਿਆ ਰਾਹੀਂ ਆਪਣਾ ਗਿਆਨ ਵਧਾਉਂਦੇ ਰਹਿਣ।