ਮਾਹੌਲ ਖਰਾਬ ਹੋਣ ਕਾਰਨ ਪੰਜਾਬ ਦੇ ਵਪਾਰੀ ਸਹਿਮੇ: ਢੀਂਡਸਾ

ਮਾਹੌਲ ਖਰਾਬ ਹੋਣ ਕਾਰਨ ਪੰਜਾਬ ਦੇ ਵਪਾਰੀ ਸਹਿਮੇ: ਢੀਂਡਸਾ

ਲਹਿਰਾਗਾਗਾ/ਮੂਨਕ- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਦਾ ਵਪਾਰੀ ਵਰਗ ਇਸ ਵੇਲੇ ਸਹਿਮਿਆ ਹੋਇਆ ਹੈ ਤੇ ਇਹ ਗੱਲ ਪੰਜਾਬ ਦੇ ਵਿਕਾਸ ਲਈ ਨੁਕਸਾਨਦਾਇਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਵੇਸ਼ਕ ਸੂਬੇ ਵਿੱਚ ਸਨਅਤ ਲਾਉਣ ਤੋਂ ਕਤਰਾ ਰਹੇ ਹਨ ਅਤੇ ਮੌਜੂਦਾ ਵਪਾਰੀ ਵੀ ਨਿੱਤ ਵਾਪਰ ਰਹੀਆਂ ਹਿੰਸਕ ਘਟਨਾਵਾਂ ਕਾਰਨ ਘਬਰਾਏ ਹੋਏ ਹਨ। ਢੀਂਡਸਾ ਅੱਜ ਪਿੰਡ ਲਹਿਲ ਕਲਾਂ ਵਿੱਚ ਸੀਨੀਅਰ ਅਕਾਲੀ ਆਗੂ ਤੇ ਪਿੰਡ ਦੇ ਸਰਪੰਚ ਬਲਜੀਤ ਸਿੰਘ ਤੇ ਸਾਬਕਾ ਸਰਪੰਚ ਰਣਜੀਤ ਸਿੰਘ ਦੇ ਘਰ ਪਹੁੰਚੇ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਨਾ ਹੋਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਹਰ ਖੇਤਰ ਵਿੱਚ ਪੱਛੜ ਜਾਵੇਗਾ। ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਜਥੇਦਾਰ ਧਾਮੀ ਜਿੱਤ ਗਏ ਹਨ ਪਰ ਇਸ ਵਾਰ ਦੀਆਂ ਚੋਣਾਂ ਵਿੱਚ ਸੁਖਬੀਰ ਬਾਦਲ ਦੀ ਇਖਲਾਕੀ ਹਾਰ ਹੋਈ ਹੈ, ਜਿਸ ਦਾ ਸਬੂਤ ਬੀਬੀ ਜਗੀਰ ਕੌਰ ਨੂੰ ਮਿਲਿਆ ਭਰਪੂਰ ਸਮਰਥਨ ਹੈ। ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਵਿਧਾਇਕ ਤੇ ਮੰਤਰੀ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਛੱਡ ਕੇ ਗੁਜਰਾਤ ਚੋਣਾਂ ਵਿੱਚ ਰੁਝ ਗਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਆਸੀ ਹਿੱਤਾਂ ਲਈ ਪੰਜਾਬ ਨੂੰ ਵਰਤ ਰਹੇ ਹਨ। ਲੋਕਾਂ ਦੀ ਭਲਾਈ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ‘ਆਪ’ ਰਾਹੀਂ ਕੇਜਰੀਵਾਲ ਪ੍ਰਧਾਨ ਮੰਤਰੀ ਬਣਨ ਦਾ ਸੁਫ਼ਨਾ ਵੇਖ ਰਹੇ ਹਨ ਜੋ ਪੂਰਾ ਨਹੀਂ ਹੋਵੇਗਾ।