ਮਾਵਾਂ ਕਿਧਰੇ ਨਹੀਂ ਜਾਂਦੀਆਂ…

ਮਾਵਾਂ ਕਿਧਰੇ ਨਹੀਂ ਜਾਂਦੀਆਂ…

ਗੁਰਬਖ਼ਸ਼ ਸਿੰਘ ਭੰਡਾਲ

ਮਾਵਾਂ ਕਿਧਰੇ ਨਹੀਂ ਜਾਂਦੀਆਂ ਹਰ ਦਮ ਬੱਚਿਆਂ ਦੇ ਕੋਲ ਹੀ ਹੁੰਦੀਆਂ ਹਨ। ਹਰ ਪਲ ਅੱਜ ਵੀ ਤੇ ਕੱਲ੍ਹ ਵੀ। ਹੁਣ ਵੀ ਤੇ ਭਲਕੇ ਵੀ। ਕੋਲ ਰਹਿੰਦਿਆਂ ਵੀ ਅਤੇ ਦੂਰ ਵੱਸਦਿਆਂ ਵੀ। ਜਿਊਂਦੀਆਂ ਵੀ ਅਤੇ ਮਰ ਕੇ ਵੀ। ਮਾਵਾਂ ਤਾਂ ਸੋਚਾਂ ਅਤੇ ਸੁਪਨਿਆਂ ਵਿੱਚ ਸਾਡੀ ਉਂਗਲ ਫੜਦੀਆਂ, ਰਾਹ ਦਿਖਾਉਂਦੀਆਂ ਹਨ। ਔਕੜਾਂ ਦੀ ਸੂਹ ਦਿੰਦੀਆਂ ਅਤੇ ਇਨ੍ਹਾਂ ’ਤੇ ਕਾਬੂ ਪਾਉਣ ਦੀ ਤਰਕੀਬ ਸੁਝਾਉਂਦੀਆਂ ਅਤੇ ਮੰਜ਼ਲਾਂ ਦੇ ਰਾਹੇ ਪਾਉਂਦੀਆਂ ਹਨ।

ਮਾਵਾਂ ਮਰਨ ਤੋਂ ਬਾਅਦ ਵੀ ਕਦੇ ਲੋਰੀਆਂ ਸੁਣਾਉਂਦੀਆਂ, ਕਦੇ ਵਾਲਾਂ ਵਿੱਚ ਹੱਥ ਫੇਰਦੀਆਂ, ਕਦੇ ਬੱਚੇ ਨੂੰ ਲੱਗੀ ਭੁੱਖ ਤੋਂ ਫਿਕਰਮੰਦ ਹੁੰਦੀਆਂ ਅਤੇ ਕਦੇ ਉਨ੍ਹਾਂ ਦੇ ਨੈਣਾਂ ਵਿੱਚ ਉੱਗੀ ਹੋਈ ਉਪਰਾਮਤਾ ਅਤੇ ਉਦਾਸੀ ਨੂੰ ਦੂਰ ਕਰਨ ਦਾ ਸਬੱਬ ਬਣਦੀਆਂ ਹਨ।

ਮਾਂ ਤੋਂ ਮੁਨਕਰ ਹੋਣਾ ਖੁਦ ਤੋਂ ਮੁਨਕਰ ਹੋਣਾ ਹੈ। ਆਪਣੀ ਹੋਂਦ ਨੂੰ ਨਕਾਰਨ ਅਤੇ ਜੜ੍ਹਾਂ ਤੋਂ ਹੀ ਇਨਕਾਰ ਕਰਨਾ ਹੈ। ਭਲਾ ਮਾਂ ਤੋਂ ਬਗੈਰ ਬੰਦੇ ਦੀ ਕੀ ਹੋਣੀ? ਕਿਸ ਨੇ ਉਸ ਨੂੰ ਇਹ ਰੰਗਲੀ ਦੁਨੀਆ ਦਿਖਾਉਣੀ? ਕਿਸ ਨੇ ਜੀਵਨ ਦੀ ਅਨਾਇਤ ਉਸ ਦੀ ਝੋਲੀ ’ਚ ਪਾਉਣੀ ਸੀ?

ਮਾਵਾਂ ਦੇ ਨੈਣਾਂ ਵਿੱਚ ਮਰਨਹਾਰੀ ਉਡੀਕ ਧਰਨ ਵਾਲੇ, ਉਸ ਦੀਆਂ ਆਸਾਂ ਦਾ ਸਿਵਾ ਸੇਕਣ ਵਾਲੇ ਅਤੇ ਉਸ ਦੀਆਂ ਔਂਸੀਆਂ ਨੂੰ ਔਂਤਰੀਆਂ ਕਰਨ ਵਾਲੇ, ਮਾਂ-ਹੀਣ ਹਨ। ਇਸ ਤੋਂ ਤਾਂ ਮਾਵਾਂ ਨਿਪੁੱਤੀਆਂ ਹੀ ਚੰਗੀਆਂ। ਮਾਵਾਂ ਹੋਣ ਦਾ ਮਾਣ ਅਤੇ ਜੀਵਨ ਦੀਆਂ ਸੁਗਾਤਾਂ ਵੰਡਣ ਦਾ ਫ਼ਖਰ ਅਤੇ ਹਾਸਲ ਸਿਰਫ਼ ਮਾਵਾਂ ਨੂੰ ਹਾਸਲ ਹੈ। ਮਾਵਾਂ ਤੋਂ ਬਗੈਰ ਜੱਗ ਸੁੰਨਾ ਹੈ। ਘਰਾਂ ਵਿੱਚ ਉੱਲੂ ਬੋਲਦੇ ਹਨ। ਹਵੇਲੀਆਂ ਵਿੱਚ ਵਰਤਦੀ ਸੁੰਨ ਅਤੇ ਵਕਤ ਦੀ ਕੁੱਖ ਵਿੱਚ ਉੱਗਦੀਆਂ ਹਾਵਾਂ, ਬਦ-ਦੁਆਵਾਂ ਅਤੇ ਹਉਕੇ ਹਨ।

ਮਾਂ ਤਾਂ 13 ਸਾਲ ਪਹਿਲਾਂ ਸਦਾ ਲਈ ਅਲਵਿਦਾ ਹੋ ਗਈ ਸੀ, ਪਰ ਇਉਂ ਜਾਪਦਾ ਇਹ ਕੱਲ੍ਹ ਦੀ ਗੱਲ ਹੈ, ਅੱਜ ਦੀ ਗੱਲ ਹੈ, ਹੁਣ ਦੀ ਗੱਲ ਹੈ ਅਤੇ ਪਲ ਕੁ ਪਹਿਲਾਂ ਦੀ ਹੱਲ ਹੈ। ਇਹ ਕੇਹਾ ਝੱਲ ਕਿ ਸੱਲ ਹੁੰਦਿਆਂ ਵੀ ਇਸ ਦਾ ਕੋਈ ਹੱਲ ਨਹੀਂ। ਨਾ ਹੀ ਮਾਂ ਕਦੇ ਚੇਤਿਆਂ ਵਿੱਚੋਂ ਵਿਸਰ ਸਕਦੀ ਹੈ। ਇਹ ਤਾਂ ਹਰਦਮ ਤੁਹਾਡੇ ਅੰਦਰ ਵੱਸਦੀ, ਤੁਹਾਡੀਆਂ ਦੁਆਵਾਂ ਮੰਗਦੀ, ਅਸੀਸਾਂ ਨਾਲ ਮਾਲਾਮਾਲ ਕਰਦੀ ਹੈ। ਮਾਵਾਂ ਹੀ ਬੱਚਿਆਂ ਦੇ ਮੱਥਿਆਂ ’ਤੇ ਉਗਮਦੀਆਂ ਨੇ ਉਮੀਦ, ਉਤਸ਼ਾਹ, ਉਮਾਹ, ਉੱਦਮ ਤੇ ਉਦੇਸ਼ ਦਾ ਸਿਰਨਾਵਾਂ। ਇਨ੍ਹਾਂ ਦੀ ਰਹਿਨੁਮਾਈ ਵਿੱਚ ਉਦਾਸੀ ਤੇ ਉਪਰਾਮਤਾ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਵਾਂ ਹੀ ਅਸੀਸ, ਆਸਥਾ, ਅਜ਼ੀਜ਼, ਆਦਰ, ਅਦਬ, ਅਦਾਬ, ਆਤਮਿਕਤਾ, ਅਰਮਾਨ ਤੇ ਆਸ ਦਾ ਨਾਮਕਰਨ ਹੈ। ਇਨ੍ਹਾਂ ਸਦਕਾ ਹੀ ਔਗੁਣ, ਅਵੱਗਿਆ, ਔਕੜਾਂ, ਅਸਫਲਤਾ ਅਤੇ ਅਰਾਜਕਤਾ ਨੂੰ ਨਮੋਸ਼ੀ ਸਹਿਣੀ ਪੈਂਦੀ ਹੈ।

ਮਾਵਾਂ ਸਦਕਾ ਹੀ ਮਨੁੱਖ ਸੋਗ, ਸਰਾਪ, ਸੰਤਾਪ, ਸਿਸਕੀਆਂ ਨੂੰ ਸਹਿ ਕੇ ਜ਼ਿੰਦਗੀ ਨੂੰ ਜਿਊਣਯੋਗਾ ਕਰਦਾ ਹੈ। ਮਾਵਾਂ ਹੀ ਹਾਸੇ, ਹੌਸਲੇ, ਹਿੰਮਤ, ਹੱਸਮੁਖਤਾ ਰੂਪੀ ਜੀਵਨ ਜਾਚ ਬੱਚਿਆਂ ਨੂੰ ਦਿੰਦੀਆਂ ਹਨ। ਇਨ੍ਹਾਂ ਸਦਕਾ ਹੀ ਹਾਰਾਂ, ਹਉਕਿਆਂ, ਹਾਵਿਆਂ, ਹਿਚਕੀਆਂ ਦੀ ਹਿੱਕ ’ਤੇ ਮਟਕਦੀਆਂ ਤੋਰਾਂ ਦਾ ਜਸ਼ਨ ਉਕਰਿਆ ਜਾਂਦਾ ਹੈ। ਮਾਂ ਹੀ ਕੀਰਤੀ, ਕਿਰਤ, ਕਰਮਯੋਗਤਾ, ਕ੍ਰਿਤਾਰਥਾ, ਕਾਮਾ, ਕਰਮਸ਼ੈਲੀ, ਕਹਾਣੀ, ਕਲਾ, ਕਲਮ, ਕਿਤਾਬ, ਕਾਇਦਾ ਅਤੇ ਕਰਾਮਾਤਾਂ ਹੁੰਦੀਆਂ ਹਨ। ਇਹ ਹੀ ਕਾਲਖਾਂ, ਕੁਰੀਤੀਆਂ, ਕਮੀਨਗੀਆਂ, ਕੁਰਾਹਾਂ, ਕੰਗਾਲੀ, ਕੁਕਰਮ, ਕੁਤਾਹੀਆਂ, ਕੁਲਹਿਣੀਆਂ ਸੋਚਾਂ ਦੀ ਹਿੱਕ ’ਤੇ ਸੂਰਜ ਦੀ ਮਸ਼ਾਲ ਧਰਦੀਆਂ ਅਤੇ ਕਲਯੁੱਗ ਨੂੰ ਸਤਯੁੱਗ ਬਣਾਉਂਦੀਆਂ ਹਨ। ਮਾਂ ਹੀ ਖਬਤ, ਖਿਆਲ, ਖੁਆਬ, ਖੁਸ਼ੀ ਦੀ ਧਰਾਤਲ ਹੁੰਦੀਆਂ ਹਨ, ਪਰ ਇਹ ਕਦੇ ਵੀ ਖਰਮਸਤੀ, ਖਰੂਦ, ਖਾਕ, ਖਤਰਨਾਇਕ, ਖ਼ਲਨਾਇਕ, ਖੂਨ ਜਾਂ ਖਲਜਗਣ ਨਹੀਂ ਹੁੰਦੀਆਂ। ਮਾਂ ਦੀ ਰੂਹ ਵਿੱਚੋਂ ਗਜ਼ਬ, ਗੁਲਜ਼ਾਰ, ਗੁਣ, ਗੁਰਬਾਣੀ, ਗਜ਼ਾ, ਗੀਤ, ਗ੍ਰੰਥ ਤੇ ਗੁਰੂ ਪੈਦਾ ਹੁੰਦੇ ਹਨ, ਪਰ ਕਦੇ ਵੀ ਗੁਨਾਹ, ਗੁੱਸਾ, ਗੁਮਾਨ, ਗਰੂਰ, ਗਲਤਫਹਿਮੀ, ਗੁੰਮਨਾਮੀ, ਗੱਦਾਰੀ, ਗ਼ਲਤੀ ਨਹੀਂ ਜਨਮਦੀ।

ਮਾਂ ਦੀ ਆਤਮਿਕਤਾ ਵਿੱਚ ਹੀ ਘਰ, ਘਾਲਣਾ, ਘਰੋਗਤਾ ਹੁੰਦੀ ਹੈ। ਇਹ ਕਦੇ ਵੀ ਘ੍ਰਿਣਾ, ਘਬਰਾਹਟ ਨੂੰ ਆਪਣੇ ਨੇੜੇ ਨਹੀਂ ਫਰਕਣ ਦਿੰਦੀ।

ਮਾਂ ਦੀ ਸੋਚ ਧਰਾਤਲ ਵਿੱਚ ਹਮੇਸ਼ਾਂ ਚਾਅ ਉੱਗਦੇ ਨੇ। ਇਹ ਚਹਿਕਣੀ, ਚੰਨ-ਚਾਨਣੀ, ਚਾਹਤ, ਚੰਗਿਆਈ ਅਤੇ ਚਮਕ ਦਾ ਸਿਰਨਾਵਾਂ ਹੁੰਦੇ ਹਨ, ਪਰ ਕਦੇ ਵੀ ਚੋਰੀ, ਚੰਦਰਾਪਣ, ਚਲਾਕੀ ਜਾਂ ਚੰਦਰੀਆਂ ਆਦਤਾਂ ਮਾਵਾਂ ਨਹੀਂ ਵਣਜਦੀਆਂ। ਉਹ ਮਾਂ ਹੀ ਹੁੰਦੀ ਹੈ ਜੋ ਛਾਂ, ਛਲਕਾਟਾ, ਛਮਛਮ ਬਰਸਦੀ ਠੰਢਕ ਵਰਤਾਉਂਦੀ ਹੈ, ਪਰ ਕਦੇ ਵੀ ਛਾਨਣੀ ਵਿੱਚ ਨਹੀਂ ਛੱਟਦੀ ਅਤੇ ਨਾ ਹੀ ਛਮਕਾਂ ਦੀ ਮਾਰ ਹੇਠ ਪਿੰਡੇ ਨੂੰ ਲਾਸਾਂ ਨਾਲ ਚਿੱਤਰਦੀ ਹੈ।

ਮਾਂ ਕਾਰਨ ਹੀ ਜ਼ਮੀਰ, ਜਜ਼ਬਾਤ, ਜ਼ਰੂਰਤ, ਜਾਗ੍ਰਿਤੀ, ਜੋਤ, ਜਗੀਰਾਂ, ਜ਼ੈਲਦਾਰੀਆਂ ਤੇ ਜੁਗਨੂੰ ਜਗਦੇ ਹਨ। ਮਾਵਾਂ ਦੇ ਹੁੰਦਿਆਂ ਕਦੇ ਵੀ ਜੰਜ਼ੀਰਾਂ, ਜੇਲ੍ਹ, ਜ਼ਬਰਦਸਤੀ, ਜ਼ਬਰ, ਜੁਲਮ ਦਾ ਪਰਛਾਵਾਂ ਵੀ ਨੇੜੇ ਨਹੀਂ ਢੁੱਕਦਾ।

ਮਾਂ ਜਿਉਂਦੀ ਹੈ ਤਾਂ ਝਰਨੇ, ਝੂਲਾ, ਝੂਮਰ ਵਰਗੀਆਂ ਰਹਿਮਤਾਂ ਮਿਲਦੀਆਂ ਹਨ ਅਤੇ ਕਦੇ ਵੀ ਝੁਕਣਾ, ਝਗੜਨਾ ਜਾਂ ਝਮੇਲਿਆਂ ਵਿੱਚ ਪੈਣ ਦੀ ਨੌਬਤ ਹੀ ਨਹੀਂ ਆਉਂਦੀ। ਮਾਂ ਦੇ ਸਦਕੇ ਹੀ ਟਮਕਦੇ ਨੇ ਮਨ ਅੰਬਰ ਵਿੱਚ ਤਾਰੇ, ਟਹਿਕਦੇ ਨੇ ਜੀਵਨ ਬਗੀਚੀ ਦੇ ਬੂਟੇ ਅਤੇ ਟੁਣਕਦੇ ਨੇ ਭਿੱਜੇ ਹੋਏ ਅਹਿਸਾਸ। ਮਾਂ ਨਾ ਹੋਵੇ ਤਾਂ ਰੁੱਸ ਜਾਂਦੀਆਂ ਨੇ ਟਾਹਣੀਆਂ, ਬੁੱਸ ਜਾਂਦੀ ਏ ਟਹਿਕ ਅਤੇ ਰੁਆਂਸ ਜਾਂਦਾ ਏ ਟਿਮਕਦੇ ਤਾਰਿਆਂ ਦਾ ਛੱਜ। ਮਾਂ ਹੀ ਝੋਲੀ ਵਿੱਚ ਪਾਉਂਦੀ ਹੈ ਠਰੰਮਾ, ਠਹਿਰਾਅ, ਠੱਲਣਾ, ਠੰਢਕ, ਠੁੱਮਕਣੀ, ਪਰ ਕਦੇ ਵੀ ਸਾਨੂੰ ਨਹੀਂ ਦਿੰਦੀ ਠੱਗੀ, ਠਰਕ ਜਾਂ ਠੁੱਮਕੇ ਲਗਾ ਕੇ ਜਿਸਮ ਵੇਚਣ ਦੀ ਲਚਾਰਗੀ ਜਾਂ ਨਿਲੱਜਤਾ।

ਮਾਂ ਦੀ ਕੁੱਖ ਵਿੱਚੋਂ ਹੀ ਮਿਲਦੀ ਹੈ ਸਿੱਖਿਆ ਕਿ ਕਦੇ ਨਹੀਂ ਡਰਨਾ ਤੇ ਡਗਮਗਾਉਣਾ ਸਗੋਂ ਡੰਗੋਰੀ ਬਣ ਕੇ ਕਿਸੇ ਲਈ ਮਾਰਗ-ਦਰਸ਼ਕ ਜ਼ਰੂਰ ਬਣਨਾ।

ਮਾਂ ਤਾਂ ਢਿੱਡੋਂ ਹੀ ਸਾਨੂੰ ਆਪਣੇ ਪੈਰਾਂ ’ਤੇ ਖੜ੍ਹਨ, ਕਿਸੇ ਦੇ ਰਾਹਾਂ ਵਿੱਚ ਚਾਨਣ ਦਾ ਛਿੜਕਾਅ ਕਰਨ ਅਤੇ ਮੰਜ਼ਲਾਂ ਨੂੰ ਸਰ ਕਰਨ ਦਾ ਗੁਰ ਸਿਖਾਉਂਦੀ ਹੈ। ਮਾਂ ਦੇ ਨੈਣਾਂ ਵਿੱਚ ਉੱਗੀਆਂ ਤਮੰਨਾਵਾਂ, ਤਾਂਘਾਂ, ਤਰੰਗਾਂ, ਤੱਕਣੀ ਤੇ ਤੋਰ ਬੱਚੇ ਵਿੱਚੋਂ ਝਲਕਦੀ ਹੈ। ਬੱਚੇ ਕਦੇ ਵੀ ਤੰਗੀਆਂ ਤੁਰਸ਼ੀਆਂ ਤੜਫ਼ਣਾ, ਤੰਗ-ਨਜ਼ਰੀਆ ਜਾਂ ਤਨਹਾਈ ਦਾ ਰਾਹ ਨਹੀਂ ਪੈਂਦੇ। ਮਾਂ ਹੀ ਬੱਚੇ ਨੂੰ ਥਪਥਪਾਉਂਦੀ, ਥਪਕੀ ਦਿੰਦੀ, ਥਰਥਰਹਾਟ ਪੈਦਾ ਕਰਦੀ ਅਤੇ ਥਿਰਕਣ ਵਿੱਚੋਂ ਜ਼ਿੰਦਗੀ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਕਰਦੀ ਹੈ, ਪਰ ਕਦੇ ਵੀ ਥਿੜਕਣ ਨਹੀਂ ਦਿੰਦੀ ਅਤੇ ਨਾ ਹੀ ਥਕਾਵਟ ਹੋਣ ਦਿੰਦੀ ਹੈ। ਮਾਂ ਹੀ ਦਾਮਨ, ਦੀਪ, ਦਿਲ, ਦਿਮਾਗ, ਦਿਲਜੋਈ, ਦਬੰਗਤਾ, ਦਵਾ, ਦੁਆ, ਦਲੇਰੀ ਅਤੇ ਦਿਲਗੀਰੀ ਨੂੰ ਜਨਮਦੀ ਹੈ, ਪਰ ਕਦੇ ਵੀ ਬੱਚੇ ਦੀ ਜੀਵਨਸ਼ੈਲੀ ਵਿੱਚ ਦਗਾ, ਦਾਗ, ਦੁੱਖ, ਦਰਦ, ਦੋਖੀ, ਦਗੇਬਾਜ਼ ਨਹੀਂ ਆਉਣ ਦਿੰਦੀ। ਬੱਚੇ ਦੀ ਪੀੜ ਵਿੱਚ ਕਈ ਵਾਰ ਮਾਂ ਪੀੜ ਪੀੜ ਹੋ ਸਿਵਿਆਂ ਨੂੰ ਵੀ ਤੁਰ ਪੈਂਦੀ ਹੈ।

ਮਾਂ ਹੀ ਧਰਤੀ, ਧਰਮ, ਧੌਲ, ਧੀਰਜ, ਧਨ, ਧੰਨਭਾਗਤਾ ਅਤੇ ਧਮਾਲ ਦਾ ਨਾਮ ਹੁੰਦੀ ਹੈ, ਪਰ ਕਦੇ ਵੀ ਇਹ ਧੋਖੇ ਦਾ ਰੂਪ ਨਹੀਂ ਧਾਰਦੀ।

ਮਾਂ ਹੀ ਨਾਮ, ਨਰਮਾਈ, ਨਿੱਘ, ਨੇਕਨੀਤੀ, ਨਿਆਮਤ, ਨਿਰਪੱਖਤਾ, ਨਿਰਭਰਤਾ, ਨਿਆਰਾਪਣ, ਨਿਮਾਣਤਾ ਅਤੇ ਨਿਰਮਾਣਤਾ ਦਾ ਨਾਮ ਹੁੰਦੀ ਹੈ। ਉਹ ਕਦੇ ਵੀ ਬੱਚੇ ਨੂੰ ਨਾਲਾਇਕੀ, ਨਿਘਾਰ, ਨਿਲੱਜਤਾ, ਨਾਂਹ ਨਹੀਂ ਸਮਝਾਉਂਦੀ। ਮਾਂ ਹੀ ਪਵਿੱਤਰ, ਪਾਕੀਜ਼, ਪਹਿਲ, ਪ੍ਰੇਰਨਾ, ਪ੍ਰਾਰਥਨਾ, ਪਗਡੰਡੀ, ਪ੍ਰਗਤੀ, ਪਰੰਪਰਾ ਅਤੇ ਪਹਾੜ ਜੇਡੇ ਜ਼ੇਰੇ ਵਾਲੀ ਹੁੰਦੀ ਹੈ। ਉਹ ਕਦੇ ਵੀ ਪਾਪ, ਪਾਖੰਡ, ਪਲੱਤਣ, ਪਲੀਤਪੁਣਾ ਜਾਂ ਪੇਤਲੇ ਵਿਚਾਰਾਂ ਨੂੰ ਮਨ ਦੇ ਗਰਾਈਂ ਨਹੀਂ ਵੜਨ ਦਿੰਦੀ।

ਮਾਂ ਤਾਂ ਫੱਕਰ ਫਕੀਰ, ਫਰਾਖ਼ਦਿਲ, ਫਰਮਾਬਰਦਾਰ, ਫਰਮਾਇਸ਼ ਅਤੇ ਫੱਕਰਾਂ ਦੀ ਲੋਈ ਜੇਹੀ ਹੁੰਦੀ ਹੈ, ਪਰ ਕਦੇ ਵੀ ਮਾਂ ਫੱਫੇਕੁੱਟਣੀ, ਫਰੇਬੀ, ਫੁਹਸ਼ ਜਾਂ ਫੰਦਾ ਨਹੀਂ ਬਣਦੀ। ਉਹ ਤਾਂ ਜ਼ਿੰਦਗੀ ਦਾਤੀ ਅਤੇ ਜੀਵਨ-ਜੋਤ ਨੂੰ ਜਗਦੀ ਰੱਖਣ ਲਈ ਖ਼ੁਦ ਹੀ ਤੇਲ ਅਤੇ ਬੱਤੀ ਬਣਦੀ ਹੈ। ਮਾਂ ਬੰਦਗੀ, ਬਾਦਸ਼ਾਹੀ, ਬਹਿਸ਼ਤ, ਬੰਦਿਆਈ, ਬ੍ਰਹਮਾ ਅਤੇ ਬੁੱਧ ਦਾ ਰੂਪ ਹੈ। ਮਾਂ ਨਹੀਂ ਹੋ ਸਕਦੀ ਬਦਰੂਹ, ਬੁਰਾਈ, ਬਦਮਗਜ਼, ਬਦਨੀਤ, ਬੇਗਾਨੀ, ਬੇਲੱਜ਼ ਅਤੇ ਬੇਈਮਾਨ। ਉਸ ਦੀ ਰਗ ਰਗ ਵਿੱਚ ਸਮਾਈ ਹੁੰਦੀ ਹੈ ਸਮ-ਭਾਵਨਾ, ਸਮ-ਸੋਚ ਤੇ ਸਮਦਰਸ਼ੀ ਆਭਾ ਦਾ ਜਲੌਅ। ਉਹ ਤਾਂ ਸਮੁੱਚੀ ਦੁਨੀਆ ਦੀਆਂ ਦੁਆਵਾਂ ਮੰਗਦਿਆਂ, ਕਿਸੇ ਪਿੱਛੇ ਆਪਣੇ ਪਰਿਵਾਰ ਦੀ ਭਲਾਈ ਦੀ ਅਰਦਾਸ ਕਰਦੀ ਹੈ। ਮਾਂ ਦੀਆਂ ਨਜ਼ਰਾਂ ਵਿੱਚ ਹਮੇਸ਼ਾਂ ਡਲਕਦੀ ਹੈ ਭਲਾਈ, ਭਗਤੀ, ਭ੍ਰਾਤਰੀਭਾਵ, ਭਗਾਉਤੀ, ਭੈਰਵੀ ਅਤੇ ਭਾਗਾਂਭਰੀ ਅਨਾਇਤ। ਉਹ ਕਿਵੇਂ ਸੋਚ ਸਕਦੀ ਏ ਭਗਦੜ, ਭਰਮ, ਭੁਲੇਖਾ, ਭਾਂਜਵਾਦ, ਭਰਮਣਾ, ਭੁੱਖ ਜਾਂ ਭੁਰਨਾ। ਉਹ ਤਾਂ ਜੀਵਨ ਦੀ ਰੀਤ ਹੈ।

ਮਾਂ ਹੀ ਮਾਂ, ਮੰਨਤ, ਮਨਾਉਤ, ਮਿਹਰ, ਮਾਣ, ਮਿਹਨਤ, ਮਹੂਰਤ, ਮੰਡਲ, ਮਾਰਗ, ਮੰਜ਼ਲ ਅਤੇ ਮੰਗਲਮਈ। ਮਾਂ ਕਦੇ ਵੀ ਆਪਣੀ ਔਲਾਦ ਨੂੰ ਮੰਗਣਾ, ਮਾੜਾਪਣ, ਮੁਖਾਲਫਤ, ਮੁਸ਼ਕਲ, ਮੌਤ ਨਹੀਂ ਵਰਜਦੀ। ਇਹ ਬਦ-ਦੁਆਵਾਂ ਨੂੰ ਪਿੰਡੇ ਜਰਦੀ ਅਤੇ ਬੱਚਿਆਂ ਦੇ ਜਿਉਣ ਲਈ ਪਲ ਪਲ ਖੁਰਦੀ ਹੈ।

ਮਾਂ ਯਮਲਾ ਹੁੰਦੀ ਹੈ, ਪਰ ਕਦੇ ਵੀ ਯਮਦੂਤ ਨਹੀਂ। ਮਾਂ ਹੀ ਰਹਿਮਤ, ਰੱਬ, ਰਾਗ, ਰਾਗਣੀ, ਰੂਹ, ਰੁੱਤ, ਰੂਹ-ਰੰਗਤਾ, ਰਵਾਨਗੀ, ਰੂਹਾਨੀਅਤ, ਰਮਜ਼ਾਂ, ਰੰਗ, ਰਸ, ਰਮਤਾ ਜੋਗੀ, ਰੱਬ-ਰਜਾਈ ਅਤੇ ਰੱਬੋਂ ਹੀ ਵਰਸੋਈ ਹੁੰਦੀ ਹੈ। ਮਾਂ ਨੂੰ ਕਿਵੇਂ ਕਹੋਗੇ ਕਿ ਉਹ ਰੋਗ, ਰੁੱਸਵਾਈ, ਰੁਆਂਸੀ, ਰੋਣ ਅਤੇ ਰਕਤਜੀਵੀ ਹੋ ਸਕਦੀ ਹੈ? ਮਾਂ ਤਾਂ ਹੁੰਦੀ ਏ ਲੋਅ, ਲੰਗਾਰ ਸਿਉਂਦੀ, ਪਿਆਸਿਆਂ ਲਈ ਲੋਟਾ, ਪਲ ਪਲ ਜਿਉਣ ਵਾਲਾ ਲਮਹਾ, ਲਿਆਕਤ ਦੀ ਇਮਾਨਤ ਹੁੰਦੀ ਹੈ, ਪਰ ਮਾਂ ਕਦੇ ਵੀ ਲਾਹਨਤ, ਲੇਰ, ਲਿਲਕੜੀ ਨਹੀਂ। ਸਗੋਂ ਮੁਸੀਬਤਾਂ ਨਾਲ ਮੱਥਾ ਲਾਉਂਦੀ, ਦੁੱਖਾਂ ਦੇ ਪਹਾੜ ਢਾਹੁੰਦੀ ਅਤੇ ਦਰਦ ਦੇ ਦਰਿਆਵਾਂ ਤੋਂ ਪਾਰ ਲੰਘਾਉਂਦੀ ਹੈ।

ਮਾਂ ਵਰਦਾਨ, ਵਸੀਹਤ, ਵਣਜ, ਵਰਤਾਰਾ, ਵਕਤ, ਵਿਰਸਾ ਅਤੇ ਵਿਰਾਸਤ ਦਾ ਸੁੱਚਾ ਹਰਫ਼ ਹੈ। ਉਹ ਵੈਰਾਗ, ਵੈਣ, ਵਰਲਾਪ, ਵਖ਼ਤ ਜਾਂ ਵਹਿਮਾਂ ਭਰੇ ਸਮਿਆਂ ਦਾ ਕਾਲਖੀ ਮੁਹਾਂਦਰਾ ਪਰਿਵਾਰਕ ਦਿਸਹੱਦਿਆਂ ਤੋਂ ਬਹੁਤ ਦੂਰ ਰੱਖਦੀ ਹੈ। ਉਸ ਦੀ ਲੋਚਾ ਤਾਂ ਹਾਸੇ-ਖੁਸ਼ੀਆਂ ਦਾ ਵਣਜ ਕਰਦਿਆਂ, ਆਪਣੀ ਔਲਾਦ ਦੀ ਸੋਚ ਨੂੰ ਤਾਰਿਆਂ ਨਾਲ ਭਰ ਇਸ ਦੇ ਚੌਗਿਰਦੇ ਵਿੱਚ ਸੂਰਜਾਂ ਦੀ ਖੇਤੀ ਕਰਨੀ ਹੁੰਦੀ ਹੈ। ਮਾਵਾਂ ਤਾਂ ਉਮਰ ਤੋਂ ਵੀ ਮੁਨਕਰ ਹੋ ਜਾਂਦੀਆਂ ਹਨ। ਤਾਂ ਹੀ ਮਾਵਾਂ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ ਅਤੇ ਉਨ੍ਹਾਂ ਲਈ ਬੱਚੇ ਕਦੇ ਵੀ ਜਵਾਨ ਨਹੀਂ ਹੁੰਦੇ। ਮਾਂ ਅੰਬਰ ਦਾ ਸਿਰਨਾਵਾਂ ਹੁੰਦੀ ਹੈ, ਚਾਨਣ ਭਰੀਆਂ ਰਾਹਵਾਂ ਹੁੰਦੀ ਹੈ, ਮਿਲਦੀਆਂ ਅਸੀਮ ਦੁਆਵਾਂ ਹੁੰਦੀ ਹੈ ਅਤੇ ਹਰ ਪਲ ਸੁੱਘੜ ਸਲਾਹਾਂ ਹੁੰਦੀ ਹੈ।

ਮਾਂ ਧਰਤੀ ਦੀ ਕੁੱਖ ਦੇ ਵਰਗੀ, ਗੋਦ ’ਚੋਂ ਮਿਲਦੇ ਸੁੱਖ ਵਰਗੀ। ਮਾਂ ਸਮੁੰਦਰ ਦਾ ਰੂਪ ਹੈ ਹੁੰਦੀ, ਨਿਆਮਤਾਂ ਦਾ ਸੁੰਦਰ ਸਰੂਪ ਹੈ ਹੁੰਦੀ।

ਮਾਂ, ਵਾਵਾਂ ਦੀ ਲੋਰ ਹੈ ਹੁੰਦੀ। ਜੀਵਨ-ਸਾਜ਼ ਦਾ ਸ਼ੋਰ ਹੈ ਹੁੰਦੀ। ਮਾਂ, ਵਗਦੇ ਦਰਿਆਵਾਂ ਜੇਹੀ ਪਾਕ, ਜਿਸ ਦੀਆਂ ਲਹਿਰਾਂ ਕਰਦੀਆਂ ਜਾਪ। ਮਾਂ, ਬਿਰਖਾਂ ਦੇ ਵਿਹੜੇ ਬਹਾਰ, ਕੁਦਰਤ ਦਾ ਸੁੰਦਰ ਵਿਸਥਾਰ। ਮਾਂ, ਤਵਾਰੀਖ਼ ਦੀ ਸ਼ਾਹ-ਅਸਵਾਰ, ਜਿਸ ਦਾ ਕੋਈ ਨਹੀਂ ਪਾਰਾਵਾਰ। ਮਾਂ, ਮਰਹਮ, ਸੇਕ, ਦਵਾ। ਅਰਦਾਸ, ਅਸੀਸ ਤੇ ਦੁਆ। ਮਾਂ, ਸੁਪਨਿਆਂ ਦੀ ਸਿਰਜਣਹਾਰੀ, ਜਿਸ ਤੋਂ ਜਾਵੇ ਕੁਦਰਤ ਬਲਿਹਾਰੀ। ਮਾਂ, ਮੰਨਤ, ਮਮਤਾ ਤੇ ਮਾਣ, ਕੁੱਲ ਦਾ ਹੁੰਦੀ ਨਾਮੋ-ਨਿਸ਼ਾਨ। ਮਾਂ, ਰੱਬ, ਰਹਿਮਤ ਤੇ ਰੂਹ-ਰੇਜ਼, ਸਦਾ ਅਤੁੱਲ, ਅਮੁੱਲ, ਅਭੇਜ਼।

ਮਾਂ, ਸੂਰਜ ਵੀ ਬੱਚਿਆਂ ਲਈ ਅੰਗੇ,

ਤੇ ਧੁੱਪਾਂ ਜੇਹੀਆਂ ਦੁਆਵਾਂ ਮੰਗੇ।

ਮਾਂ, ਮਰਕੇ ਵੀ ਬੱਚਿਆਂ ਵਿੱਚ ਜੀਵੇ,

ਨਕਸ਼-ਨੁਹਾਰ ਨੈਣੀਂ ਥੀਵੇ।

ਮਾਂ ਜਦ ਮਰਦੀ ਤਾਂ ਜੱਗ ਵਿਰਾਨ,

ਟੁੱਟਣ ਰਿਸ਼ਤੇ ਤੇ ਘਰ ਸੁੰਨਸਾਨ।

ਮਾਂ, ਜਦ ਤੋਂ ਤੁਰ ਗਈਓ ਦੂਰ।

ਕਿਸੇ ਨਾ ਝਿੜਕਿਆ ਨਾ ਹੀ ਘੂਰ।

ਮਾਂ, ਕਿਸੇ ਨਾ ਆਖਿਆ ਆ ਕੇ ਮਿਲ ਜਾ ,

ਹਾਲ ਨਾ ਪੁੱਛਿਆ ਰੋਂਦੇ ਦਿਲ ਦਾ।

ਮਾਂ, ਤੇਰੇ ਬਿਨ ਕਿਸੇ ਮਾਰੀ ਨਾ ਹਾਕ,

ਨਾ ਬੁਲਾਇਆ ਆਖ ਜੁਆਕ।

ਮਾਂ, ਆਪੇ ਵਿਲਕਾਂ ਤੇ ਚੁੱਪ ਹੋ ਜਾਵਾਂ

ਤੇ ਰੋਂਦੇ ਖੁਦ ਨੂੰ ਖੁਦ ਵਰਾਵਾਂ।

ਬਚਪਨ ਵਿੱਚ ਮਾਵਾਂ ਦੇ ਹੱਥਾਂ ਨਾਲ ਤਿਆਰ ਕੀਤੇ ਹੋਏ ਖਾਣਾ ਖਾਣ ਲੱਗਿਆਂ ਢੇਰ ਸਾਰੀਆਂ ਹੁੱਜਤਾਂ ਕਰਦੇ ਸਾਂ, ਪਰ ਮਾਂ ਤੋਂ ਦੂਰ ਜਾ ਕੇ ਪ੍ਰਦੇਸਾਂ ਵਿੱਚ ਪਤਾ ਲੱਗਦਾ ਹੈ ਕਿ ਮਾਂ ਦੇ ਹੱਥਾਂ ਦੀ ਪਕਾਈ ਤੇ ਮੋਹ ਨਾਲ ਖਵਾਈ ਰੋਟੀ ਦੇ ਕੀ ਅਰਥ ਸਨ ਅਤੇ ਉਹ ਕਿਉਂ ਘਿਓ ਵਾਂਗ ਲੱਗਦੀ ਸੀ? ਬੇਚੈਨੀ ਭਰੀਆਂ ਤੇ ਫਿਕਰਾਂ ਲੱਧੀਆਂ ਜਾਗਦੀਆਂ ਰਾਤਾਂ ਦਾ ਦਰਦ ਹੀ ਜਾਣਦਾ ਹੈ ਕਿ ਮਾਂ ਦੀ ਬੁੱਕਲ ਵਿੱਚ ਬਿਤਾਈਆਂ ਰਾਤਾਂ ਨੂੰ ਕਿਉੁਂ ਗੂੜ੍ਹੀ ਨੀਂਦ ਆਉਂਦੀ ਸੀ ਅਤੇ ਸਵੇਰੇ ਉਠਾਉਣ ’ਤੇ ਵੀ ਘੜੀ ਪਲ ਹੋਰ ਸੌਣ ਦਾ ਬਹਾਨ ਬਣਾਈਦਾ ਸੀ। ਹੁਣ ਤਾਂ ਅੱਖ ਖੁੱਲ੍ਹਦੇ ਸਾਰ, ਜ਼ਿੰਦਗੀ ਕੋਹਲੂ ਦਾ ਬਲਦ ਬਣ ਜਾਂਦੀ ਹੈ। ਮਾਂ ਦੀ ਸੰਗਤਾ ਵਿੱਚ ਮਾਣੀ ਜੰਨਤ ਕਦ ਮਿਲਦੀ ਏ ਮਾਂ ਦੇ ਤੁਰ ਜਾਣ ਤੋਂ ਬਾਅਦ। ਖਾਲੀਪਣ ਜਿਸ ਨੇ ਕਦੇ ਨਹੀਂ ਭਰਨਾ। ਖਾਲੀ ਨੈਣਾਂ ਦਾ ਸੁਪਨਾ ਜਿਸ ਨੇ ਕਦੇ ਪੂਰਾ ਨਹੀਂ ਹੋਣਾ।

ਮਾਂ ਸਦਾ ਦੁਆ ਦਿੰਦੀ ਹੈ। ਕਦੇ ਖਫ਼ਾ ਨਹੀਂ ਹੁੰਦੀ। ਉਹ ਸਿਰਫ਼ ਘੂਰਦੀ ਹੈ। ਕਦੇ ਨਹੀਂ ਰੁੱਸਦੀ, ਸਿਰਫ਼ ਗੁੱਸੇ ਹੋਣ ਦਾ ਬਹਾਨਾ ਕਰਦੀ ਹੈ। ਕਦੇ ਨਿਰਾਸ਼ ਨਹੀਂ ਹੋਣ ਦਿੰਦੀ, ਸਦਾ ਉਤਸ਼ਾਹਿਤ ਕਰਦੀ ਹੈ। ਉਤਰਿਆ ਮੂੰਹ, ਰੁਆਂਸਿਆ ਚਿਹਰਾ ਜਾਂ ਕਦਮਾਂ ਵਿੱਚ ਸਿੱਥਲਤਾ ਹੋਵੇ ਤਾਂ ਮਾਂ ਦਾ ਧਿਆਨ ਧਰਨਾ, ਕਦਮਾਂ ਵਿੱਚ ਸਫ਼ਰ, ਸੋਚਾਂ ਵਿੱਚ ਸੁਪਨੇ ਅਤੇ ਮੱਥੇ ’ਤੇ ਸਿਰਨਾਵਿਆਂ ਦੀ ਇਬਾਰਤ ਖੁਣੀ ਜਾਂਦੀ ਹੈ। ਮਾਂ ਹੀ ਹੁੰਦੀ ਹੈ ਜੋ ਬੱਚਿਆਂ ਨੂੰ ਹਸਾ ਕੇ ਖੁਦ ਰੋਂਦੀ ਹੈ। ਔਲਾਦ ਨੂੰ ਰਜਾ ਕੇ ਖੁਦ ਭੁੱਖੀ ਸੌਂਦੀ ਹੈ। ਬੱਚਿਆਂ ਨੂੰ ਸੁਆ ਕੇ ਜਾਗਦੀ ਰਹਿੰਦੀ ਹੈ। ਬੱਚਿਆਂ ਨੂੰ ਆਰਾਮ ਕਰਨ ਲਈ ਕਹਿ ਖੁਦ ਕੰਮ ਵਿੱਚ ਰੁੱਝ ਜਾਂਦੀ ਹੈ। ਪਾਟੀ ਚੁੰਨੀ ਲੈ ਕੇ ਧੀ ਦੇ ਸਿਰ ’ਤੇ ਫੁੱਲਕਾਰੀ ਸਜਾਉਂਦੀ। ਨੰਗੇ ਪੈਰੀਂ ਹੁੰਦੀ ਵੀ ਆਪਣੇ ਲਾਡਲੇ ਨੂੰ ਬੂਟ ਪਵਾਉਂਦੀ। ਖੁਦ ਅੱਖਰਾਂ ਤੋਂ ਕੋਰੀ ਹੁੰਦਿਆਂ ਵੀ ਬੱਚਿਆਂ ਦੇ ਮੱਥੇ ’ਚ ਗਿਆਨ ਦਾ ਦੀਵਾ ਜਗਾਉਂਦੀ ਹੈ।

ਮਾਂ ਹੀ ਮਕਾਨ ਨੂੰ ਘਰ, ਚੁੱਲ੍ਹੇ ਨੂੰ ਚੌਂਕਾ, ਵਿਹੜੇ ਨੂੰ ਭਾਗਾਂ-ਭਰਿਆ, ਘਰ ਨੂੰ ਸਵਰਗ ਅਤੇ ਸਬੰਧਾਂ ਵਿਚਲੀ ਸੁਗੰਧ ਅਤੇ ਸੰਵੇਦਨਾ ਹੁੰਦੀ ਹੈ। ਮਾਂ, ਕੈਦਿਆਂ, ਕਿਤਾਬਾਂ ਤੇ ਕਲਮਾਂ ਦੀ ਕੁੱਖ। ਮਾਣ-ਸਨਮਾਨ, ਰੁਤਬਿਆਂ, ਕੁਰਸੀਆਂ ਅਤੇ ਚੌਧਰਾਂ ਦੀ ਚੰਗੇਰ। ਘਰਾਂ, ਕੋਠੀਆਂ, ਮਹਿਲਾਂ, ਜ਼ਮੀਨਾਂ, ਜਾਇਦਾਦਾਂ ਤੋਂ ਉੱਪਰ। ਪਿਆਰ, ਮੋਹ, ਅਪਣੱਤ ਅਤੇ ਆਪਣੇਪਣ ਦਾ ਸੁੱਚਾ ਨਾਮ। ਗੁਰਦੁਆਰਾ, ਮੰਦਰ, ਮਸਜਿਦ, ਗਿਰਜਾਘਰ ਤੋਂ ਉੱਚਾ ਅਸਥਾਨ।

ਮਾਂ ਹੀ ਹੁੰਦੀ ਜੋ ਬੱਚਿਆਂ ਨੂੰ ਦੇਰ ਰਾਤ ਤੀਕ ਦਰਾਂ ’ਤੇ ਖੜ੍ਹੀ ਉਡੀਕਦੀ ਹੈ। ਪ੍ਰਦੇਸ ਗਿਆਂ ਦੇ ਪਰਤਣ ਦੀ ਆਸ ਵਿੱਚ ਬਾਹਰਲੇ ਦਰਵਾਜ਼ੇ ’ਤੇ ਆਸਣ ਲਾਉਂਦੀ। ਫੋਨ ’ਤੇ ‘ਪੁੱਤ ਕਦੋਂ ਆਵੇਂਗਾ’ ਦਾ ਵਾਕ ਸਦਾ ਦੁਰਹਾਉਂਦੀ ਹੈ। ਮਾਂ ਦੀ ਉਡੀਕ ਨੂੰ ਲੰਮੇਰਾ ਨਾ ਕਰਨਾ ਕਿਉਂਕਿ ਮਾਵਾਂ ਜਦ ਤੁਰ ਜਾਂਦੀਆਂ ਹਨ ਤਾਂ ਤੁਹਾਨੂੰ ਕਿਸੇ ਨੇ ਨਹੀਂ ਉਡੀਕਣਾ। ਕਿਸੇ ਨੇ ਨਹੀਂ ਪਿੰਡ ਆਉਣ ਲਈ ਕਹਿਣਾ। ਕਿਸੇ ਨੇ ਨਹੀਂ ਪੁੱਛਣਾ ਕਿ ਬੇਟਾ ਰੋਟੀ ਖਾਧੀ ਵੀ ਆ ਕਿ ਨਹੀਂ? ਇੱਕ ਪਛਤਾਵਾ ਬਣਨ ਤੋਂ ਪਹਿਲਾਂ ਮਾਂ ਦੇ ਪਛਤਾਵੇ ਨੂੰ ਪੂੰਝੋ। ਮਾਂ ਨੂੰ ਜਾ ਕੇ ਮਿਲੋ। ਉਸ ਦੀ ਝੋਲੀ ਨੂੰ ਸੁਖਨ ਅਤੇ ਸਕੂਨ ਨਾਲ ਲਬਰੇਜ਼ ਕਰੋ। ਮਾਂ ਤੁਰ ਗਈ ਤਾਂ ਉਸ ਦੀ ਅਸੀਸ ਤੇ ਗਲਵੱਕੜੀ ਕਦੇ ਨਹੀਂ ਮਿਲਣੀ।