ਮਾਲਵੇ ਦਾ ਰੌਬਿਨ ਹੁਡ: ਬੂੜ ਸਿੰਘ ਧਾੜਵੀ ਰੋਡਿਆਂ ਵਾਲਾ

ਮਾਲਵੇ ਦਾ ਰੌਬਿਨ ਹੁਡ: ਬੂੜ ਸਿੰਘ ਧਾੜਵੀ ਰੋਡਿਆਂ ਵਾਲਾ

ਗੁਰਦੇਵ ਸਿੰਘ ਸਿੱਧੂ

ਰੌਬਿਨ ਹੁਡ ਮੱਧਕਾਲੀਨ ਬਰਤਾਨਵੀ ਲੋਕ ਕਹਾਣੀਆਂ ਦਾ ਉੱਘਾ ਨਾਇਕ ਹੈ। ਉਸ ਨੂੰ ਤੀਰਅੰਦਾਜ਼ੀ ਅਤੇ ਤਲਵਾਰਬਾਜ਼ੀ ਵਿਚ ਬੇਮਿਸਾਲ ਮੁਹਾਰਤ ਪ੍ਰਾਪਤ ਸੀ। ਧਨਾਢਾਂ ਦੀ ਅਣਉੱਚਿਤ ਸਾਧਨਾਂ ਰਾਹੀਂ ਇਕੱਠੀ ਕੀਤੀ ਪੂੰਜੀ ਉਨ੍ਹਾਂ ਤੋਂ ਖੋਹ ਕੇ ਲੋੜਵੰਦਾਂ ਅਤੇ ਗ਼ਰੀਬ ਗੁਰਬਿਆਂ ਵਿਚ ਵੰਡਣੀ ਉਸ ਦੀ ਖਾਸੀਅਤ ਮੰਨੀ ਜਾਂਦੀ ਹੈ। ਇਸ ਕਲਪਿਤ ਨਾਇਕ ਨੂੰ ਬਰਤਾਨੀਆ ਵਿਚ ਇੰਨੀ ਲੋਕਪ੍ਰਿਯਤਾ ਮਿਲੀ ਕਿ ਉਸ ਬਾਰੇ ਅਨੇਕਾਂ ਗੀਤ ਲਿਖੇ ਗਏ ਅਤੇ ਫਿਲਮਾਂ ਬਣਾਈਆਂ ਗਈਆਂ। ਲੋਕ-ਹਿਤ ਵਿਚ ਪ੍ਰਸ਼ਾਸਨ ਦਾ ਵਿਰੋਧ ਕਰਨ ਵਾਸਤੇ ਨਿਤਰਨ ਵਾਲੇ ਵਿਅਕਤੀ ਨੂੰ ਅੱਜ ਵੀ ‘ਰੌਬਿਨ ਹੁਡ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਪੰਜਾਬੀ ਜੀਵਨ ਵਿਚ ਰੌਬਿਨ ਹੁਡ ਵਰਗੇ ਪਾਤਰਾਂ ਦੀ ਕਮੀ ਨਹੀਂ। ਮੱਧਕਾਲ ਵਿਚ ਦੁੱਲਾ ਭੱਟੀ ਇਸ ਦੀ ਮਿਸਾਲ ਹੈ ਅਤੇ ਉਨ੍ਹੀਵੀਂ ਸਦੀ ਵਿਚ ਜਿਉਣਾ ਮੌੜ, ਸੁੱਚਾ ਸਿੰਘ ਸੂਰਮਾ, ਹਰਫੂਲ ਸਿੰਘ ਜਿਲਾਣੀ ਵਾਲਾ ਆਦਿ ਅਜਿਹੇ ਲੋਕ ਨਾਇਕ ਹੋਏ ਹਨ। ਹਥਲੇ ਲੇਖ ਦਾ ਪਾਤਰ ਬੂੜ ਸਿੰਘ ਵੀ ਇਸੇ ਵਰਗ ਵਿਚ ਆਉਂਦਾ ਹੈ।

ਉਹ ਦਿਨ ਆਉਣ ਵਾਲੇ ਹਨ ਜਿਨ੍ਹੀਂ ਦਿਨੀ ਇਕ ਸਦੀ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਸਿੱਖਾਂ ਨੇ ਅੰਗਰੇਜ਼ ਸਰਕਾਰ ਖਿਲਾਫ਼ ਲੰਮੀ ਲੜਾਈ ਲੜੀ ਜਿਸ ਨੂੰ ਜੈਤੋ ਦਾ ਮੋਰਚਾ ਕਿਹਾ ਗਿਆ। ਇਸ ਮੋਰਚੇ ਬਾਰੇ ਜਾਣਕਾਰੀ ਹਾਸਲ ਕਰਨ ਵਾਸਤੇ ਪੁਰਾਤਨ ਰਿਕਾਰਡ ਦੀ ਫਰੋਲਾ ਫਰਾਲੀ ਕਰਦਿਆਂ ਉਨ੍ਹੀਵੀਂ ਸਦੀ ਦੀ ਅੰਤਲੀ ਚੌਥਾਈ ਦੇ ਇਕ ਅਣਗੌਲੇ ਨਾਇਕ ਦੀ ਸੂਹ ਮਿਲੀ।

ਅੰਗਰੇਜ਼ ਸਰਕਾਰ ਵੱਲੋਂ 9 ਜੁਲਾਈ 1923 ਨੂੰ ਮਹਾਰਾਜਾ ਰਿਪੁਦਮਨ ਸਿੰਘ ਨੂੰ ਨਾਭੇ ਦੀ ਰਾਜਗੱਦੀ ਤੋਂ ਜ਼ਬਰਦਸਤੀ ਲਾਹੁਣ ਦੀ ਘਟਨਾ ਜੈਤੋ ਦੇ ਅਕਾਲੀ ਮੋਰਚੇ ਦੀ ਜੜ੍ਹ ਬਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਸਤੰਬਰ ਦਾ ਦਿਨ ‘ਨਾਭਾ ਦਿਵਸ’ ਵਜੋਂ ਮਨਾਉਣ ਦਾ ਸੱਦਾ ਦਿੱਤਾ ਤਾਂ ਸਿੱਖ ਸੰਗਤਾਂ ਇਸ ਦਿਹਾੜੇ ਨੂੰ ਵੱਡੀ ਪੱਧਰ ਉੱਤੇ ਮਨਾਉਣ ਦੀ ਤਿਆਰੀ ਕਰਨ ਵਾਸਤੇ ਥਾਂ ਪੁਰ ਥਾਂ, ਵਿਸ਼ੇਸ਼ ਕਰਕੇ ਨਾਭਾ ਰਿਆਸਤ ਵਿਚ, ਦੀਵਾਨ ਸਜਾਉਣ ਲੱਗੀਆਂ। ਜੈਤੋ ਇਲਾਕੇ ਦੇ ਸਥਾਨਕ ਅਕਾਲੀ ਜਥੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਮੇਤ ਤਿੰਨ ਰੋਜ਼ਾ ਦੀਵਾਨ 25, 26 ਅਤੇ 27 ਅਗਸਤ 1923 ਨੂੰ ਕਸਬੇ ਨੇੜਲੇ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਵਿਚ ਸਜਾਉਣ ਦੀ ਵਿਉਂਤ ਬਣਾਈ। ਪ੍ਰਸ਼ਾਸਕ ਦੇ ਹੁਕਮ ਅਨੁਸਾਰ ਪੁਲੀਸ ਨੇ ਦੀਵਾਨ ਨਾ ਹੋਣ ਦੇਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਲੋਕਾਂ ਦੇ ਹੜ੍ਹ ਅੱਗੇ ਬੇਵੱਸ ਰਹੀ। ਅੰਤਲੇ ਦਿਨ ਆਈ ਸੰਗਤ ਬੇਹਿਸਾਬੀ ਸੀ। ਇਸ ਲਈ ਗੁਰਦੁਆਰੇ ਦੀ ਇਮਾਰਤ ਛੋਟੀ ਹੋਣ ਕਾਰਨ ਦੀਵਾਨ ਗੁਰਦੁਆਰੇ ਤੋਂ ਬਾਹਰ ਖੁੱਲ੍ਹੇ ਮੈਦਾਨ ਵਿਚ ਸਜਾਇਆ ਗਿਆ। ਬੁਲਾਰਿਆਂ ਨੇ ਸਿੱਖ ਮਹਾਰਾਜੇ ਨੂੰ ਗੱਦੀ ਤੋਂ ਲਾਹੁਣ ਦੀ ਜ਼ਿੰਮੇਵਾਰ ਅੰਗਰੇਜ਼ ਸਰਕਾਰ ਨੂੰ ਤਾਂ ਖਰੀਆਂ ਖੋਟੀਆਂ ਸੁਣਾਉਣੀਆਂ ਹੀ ਸਨ, ਉਨ੍ਹਾਂ ਨੇ ਸਰਕਾਰ ਦੀ ਸ਼ਹਿ ਉੱਤੇ ਧੱਕਾ ਕਰ ਰਹੀ ਸਥਾਨਕ ਪੁਲੀਸ ਦੀ ਵੀ ਚੰਗੀ ਲਾਹ-ਪਾਹ ਕੀਤੀ, ਪੁਲੀਸ ਅਧਿਕਾਰੀਆਂ ਨੂੰ ਨਿੱਜੀ ਚੋਭਾਂ ਵੀ ਲਾਈਆਂ। ਬੌਖਲਾਈ ਪੁਲੀਸ ਨੇ ਸਭ ਤੋਂ ਤੇਜ਼ ਤਰਾਰ ਬੁਲਾਰੇ ਇੰਦਰ ਸਿੰਘ ਮੌੜ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਹੋਰ ਆਗੂਆਂ ਨੇ ਐਲਾਨ ਕਰ ਦਿੱਤਾ ਕਿ ਜਿੰਨੀ ਦੇਰ ਜਥੇਦਾਰ ਮੌੜ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਅਤੇ ਦੀਵਾਨ ਲਗਾਤਾਰ ਜਾਰੀ ਰਹੇਗਾ। ਦੀਵਾਨ ਦੀ ਸਮਾਪਤੀ ਉਪਰੰਤ ਜਦ ਸੰਗਤ ਵਿੱਝੜ ਗਈ ਅਤੇ ਕੀਤੇ ਗਏ ਐਲਾਨ ਨੂੰ ਅਮਲ ਵਿਚ ਲਿਆਉਣ ਵਾਲੇ ਥੋੜ੍ਹੀ ਗਿਣਤੀ ’ਚ ਸਿੰਘ ਰਹਿ ਗਏ ਤਾਂ ਪੁਲੀਸ ਨੇ ਗੁਰਦੁਆਰਾ ਗੰਗਸਰ ਨੂੰ ਘੇਰਾ ਪਾ ਲਿਆ। ਅਗਲੇ ਦਿਨ ਪੁਲੀਸ ਦੀ ਇਸ ਕਾਰਵਾਈ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਲੋਕ ਆਉਣੇ ਸ਼ੁਰੂ ਹੋਏ ਪਰ ਪੁਲੀਸ ਨੇ ਕਿਸੇ ਨੂੰ ਗੁਰਦੁਆਰੇ ਦੇ ਨੇੜੇ ਨਾ ਜਾਣ ਦਿੱਤਾ।

ਗੁਰਦੁਆਰੇ ਨੂੰ ਘੇਰਾ ਪਿਆਂ ਦੋ ਹਫ਼ਤੇ ਲੰਘ ਗਏ। ਅਗਸਤ ਦੇ ਦੀਵਾਨ ਦੇ ਦਿਨੀਂ ਇਕੱਠਾ ਹੋਇਆ ਰਾਸ਼ਨ ਖ਼ਤਮ ਹੋਣ ਕੰਢੇ ਪੁੱਜ ਗਿਆ ਤਾਂ ਲੰਗਰ ਮਸਤਾਨਾ ਹੋਣ ਲੱਗਾ। ਕਈ ਦਿਨ ਇਕ ਡੰਗ ਰੋਟੀ ਖਾਣ ਦੀ ਨੌਬਤ ਆ ਗਈ। ਗੁਰਦੁਆਰੇ ਵਿਚ ਘਿਰੇ ਸਿੰਘਾਂ ਦੀ ਇਸ ਤਰਸਯੋਗ ਹਾਲਤ ਦੀ ਖ਼ਬਰ ਬਾਹਰ ਗਈ ਤਾਂ ਕੁਝ ਸਿਰੜੀ ਅਤੇ ਸਿਰਲੱਥ ਸਿੰਘਾਂ ਨੇ ਜਾਨ ਉੱਤੇ ਖੇਡ ਕੇ ਰਾਸ਼ਨ ਗੁਰਦੁਆਰੇ ਅੰਦਰ ਸੁੱਟਣ ਦਾ ਨਿਸ਼ਚਾ ਕਰ ਲਿਆ। 14 ਸਤੰਬਰ ਦੇ ਵੱਡੇ ਤੜਕੇ ਦੋ ਕੁ ਦਰਜਨ ਸਿੱਖ ਗੁਰਦੁਆਰੇ ਦੇ ਨੇੜੇ ਦਿਸੇ ਤਾਂ ਪੁਲੀਸ ਨਾਲ ਮੁੱਠ-ਭੇੜ ਸ਼ੁਰੂ ਹੋ ਗਈ। ਇਕ ਦਾਅ ਵਜੋਂ ਸਿੱਖ ਪਿੱਛੇ ਹਟਦੇ ਗਏ ਤਾਂ ਦਬਾਅ ਬਣਾਈ ਰੱਖਣ ਲਈ ਪਿੱਛੇ ਲੱਗੀ ਪੁਲੀਸ ਗੁਰਦੁਆਰੇ ਤੋਂ ਦੂਰ ਚਲੀ ਗਈ। ਮੌਕਾ ਤਾੜ ਕੇ ਸਿੱਖਾਂ ਦਾ ਵੱਡਾ ਜਥਾ ਰਾਸ਼ਨ ਲੈ ਕੇ ਆਇਆ ਅਤੇ ਪੁਲੀਸ ਦੀ ਹੋਰ ਟੁਕੜੀ ਵੱਲੋਂ ਰੋਕੇ ਜਾਣ ਦੇ ਬਾਵਜੂਦ ਰਾਸ਼ਨ ਗੁਰਦੁਆਰੇ ਅੰਦਰ ਸੁੱਟਣ ਵਿਚ ਕਾਮਯਾਬ ਹੋ ਗਿਆ। ਪੁਲੀਸ ਮੁਕਾਬਲੇ ਵਿਚ ਕੁਝ ਸਿੱਖ ਜ਼ਖਮੀ ਹੋਏ, ਦਰਜਨ ਭਰ ਗ੍ਰਿਫ਼ਤਾਰ ਵੀ ਹੋਏ ਪਰ ਵੱਡੀ ਗਿਣਤੀ ਪੁਲੀਸ ਨੂੰ ਝਕਾਨੀ ਦੇ ਕੇ ਨਿਕਲਣ ਵਿਚ ਸਫਲ ਰਹੀ।

ਸਿੱਖ ਜਥੇ ਵੱਲੋਂ ਕੀਤੀ ਇਸ ਨਿਧੜਕ ਵਾਰਦਾਤ ਨੇ ਰਿਆਸਤੀ ਅਹਿਲਕਾਰਾਂ ਨੂੰ ਚਿੰਤਾ ਵਿਚ ਪਾ ਦਿੱਤਾ। ਘਟਨਾ ਦੇ ਮਹੱਤਵ ਨੂੰ ਵੇਖਦਿਆਂ ਇਸ ਦੀ ਪੜਤਾਲ ਉੱਚ-ਅਧਿਕਾਰੀ ਅੰਗਰੇਜ਼ ਪੁਲੀਸ ਅਫ਼ਸਰ ਨੇ ਆਪ ਕੀਤੀ। ਉਸ ਨੇ ਇਸ ਘਟਨਾ ਲਈ ਜ਼ਿੰਮੇਵਾਰ ਜਥੇ ਨੂੰ ‘ਡੁਰਲੀ ਜਥਾ’ ਨਾਂ ਦਿੱਤਾ, ਵਾਰਦਾਤ ਵਿਚ ਸ਼ਾਮਿਲ ਵਿਅਕਤੀਆਂ ਦੀ ਨਿਸ਼ਾਨਦੇਹੀ ਕੀਤੀ ਪਰ ਉੱਘੜਵਾਂ ਨਾਂ ਦੱਸਿਆ ‘ਦੁੱਲਾ ਸਿੰਘ ਰੋਡੇ’। ਉਸ ਨੇ ਬੜੇ ਫਖਰ ਨਾਲ ਲਿਖਿਆ ਕਿ ਦੁੱਲਾ ਸਿੰਘ ਇਕ ‘ਬਦਮਾਸ਼ ਡਾਕੂ’ ਦਾ ਪੁੱਤਰ ਹੈ ਜਿਸ ਨੂੰ 23 ਸਾਲ ਪਹਿਲਾਂ ਫਿਰੋਜ਼ਪੁਰ ਦੇ ਪੁਲੀਸ ਸੁਪਰਡੈਂਟ ਕਰਨਲ ਗ੍ਰੈਗਸਨ ਨੇ ਮੁਕਾਬਲੇ ਵਿਚ ਮਾਰ ਮੁਕਾਇਆ ਸੀ। ਆਜ਼ਾਦੀ ਘੁਲਾਟੀਆਂ ਬਾਰੇ ਅੰਗਰੇਜ਼ ਅਫ਼ਸਰਾਂ ਦੀਆਂ ਟਿੱਪਣੀਆਂ ਪੜ੍ਹਦਿਆਂ ਮੈਂ ਏਨਾ ਕੁ ਜਾਣ ਗਿਆ ਸਾਂ ਕਿ ਅੰਗਰੇਜ਼ ਜਿਸ ਦੇਸ਼ਭਗਤ ਨੂੰ ਜ਼ਿਆਦਾ ਖ਼ਤਰਨਾਕ ਸਮਝਦੇ, ਉਸ ਨੂੰ ਬਦਨਾਮ ਕਰਨ ਵਾਸਤੇ ਉਸ ਲਈ ਭੈੜੇ ਤੋਂ ਭੈੜਾ ਵਿਸ਼ੇਸਣ ਵਰਤਦੇ ਸਨ। ਇਸ ਲਈ ਦੁੱਲਾ ਸਿੰਘ ਦੇ ਪਿਤਾ ਬਾਰੇ ਅੰਗਰੇਜ਼ ਅਫ਼ਸਰ ਦੀ ਟਿੱਪਣੀ ਨੇ ਉਸ ਬਾਰੇ ਜਾਣਨ ਦੀ ਜਗਿਆਸਾ ਪੈਦਾ ਕਰ ਦਿੱਤੀ।

ਅੰਗਰੇਜ਼ ਅਫ਼ਸਰ ਨੇ ਦੁੱਲਾ ਸਿੰਘ ਦੇ ਪਿਤਾ ਦਾ ਨਾਉਂ ਨਹੀਂ ਸੀ ਲਿਖਿਆ। ਇਸ ਲਈ ਪਹਿਲਾ ਕੰਮ ਦੁੱਲਾ ਸਿੰਘ ਦੇ ਪਿਤਾ ਦਾ ਨਾਉਂ ਪਤਾ ਕਰਨਾ ਸੀ। ਵਿਸਾਖਾ ਸਿੰਘ ਸੰਤ ਸਿਪਾਹੀ ਦੀ ਵੱਡ-ਆਕਾਰੀ ਰਚਨਾ ‘ਮਾਲਵਾ ਇਤਿਹਾਸ’ ’ਤੇ ਨਜ਼ਰ ਮਾਰੀ ਤਾਂ ਬੂੜ ਸਿੰਘ ਨਾਂ ਝੱਟ ਲੱਭ ਗਿਆ। ਲੇਖਕ ਨੇ ਬੂੜ ਸਿੰਘ ਬਾਰੇ ਇਹ ਹੋਰ ਜਾਣਕਾਰੀ ਵੀ ਦਰਜ ਕੀਤੀ ਸੀ, ‘‘ਸ. ਬੂੜ ਸਿੰਘ ਆਪਣੇ ਜ਼ਮਾਨੇ ਦੇ ਪ੍ਰਸਿੱਧ ਬਹਾਦਰ ਆਦਮੀ ਤੇ ਧਾੜਵੀ ਸਨ। ਪੰਜਾਬ ਦੀਆਂ ਜੇਲ੍ਹਾਂ ਵਿਚ ਮਿੱਟੀ ਦੇ ਠੂਠੇ ਭੰਨਵਾ ਕੇ ਸਾਰੇ ਕੈਦੀਆਂ ਲਈ ਲੋਹੇ ਦੇ ਬਾਟੇ ਪ੍ਰਵਾਨ ਕਰਾਉਣੇ ਆਪ ਦਾ ਹੀ ਸ਼ਾਨਦਾਰ ਕਾਰਨਾਮਾ ਸੀ। ਇਸ ਕੰਮ ਵਿਚ ਆਪ ਨੇ ਸਾਰੇ ਕੈਦੀਆਂ ਦੀ ਅਗਵਾਈ ਕੀਤੀ।’’ ਇਹ ਸਤਰਾਂ ਪੜ੍ਹਦਿਆਂ ਹੀ ਅਚੇਤ ਮਨ ਦੀਆਂ ਤਹਿਆਂ ਵਿਚੋਂ ਇਹ ਨਾਂ ਉੱਭਰਿਆ। ਯਾਦ ਆਇਆ ਕਿ ਇਸ ਨਾਂ ਦੇ ਡਾਕੂ ਬਾਰੇ ਲਿਖਿਆ ਇਕ ਕਿੱਸਾ ਮੇਰੇ ਕਿੱਸਾ ਸੰਗ੍ਰਹਿ ਵਿਚ ਉਪਲਬਧ ਹੈ। ਫਰੋਲਾ ਫਰਾਲੀ ਕੀਤੀ ਤਾਂ ਸ਼ਿਬੂ ਰਾਮ ਲਿਖਤ ਅਤੇ ਅਗਸਤ 1901 ਵਿਚ ਪ੍ਰਕਾਸ਼ਿਤ ਕਿੱਸਾ ਮਿਲ ਗਿਆ, ਨਾਂ ਸੀ ‘ਬੂੜ ਸਿੰਘ ਧਾੜਵੀ’ ਜੋ ਪਿੰਡ ਰੋਡੇ, ਜ਼ਿਲ੍ਹਾ ਫਿਰੋਜ਼ਪੁਰ, (ਵਰਤਮਾਨ ਜ਼ਿਲ੍ਹਾ ਮੋਗਾ) ਦੇ ਵਸਨੀਕ ਖੜਕ ਸਿੰਘ ਦਾ ਪੁੱਤਰ ਸੀ।

ਉਨ੍ਹੀਂ ਦਿਨੀਂ ਖੇਤੀ ਵਾਸਤੇ ਨਹਿਰੀ ਪਾਣੀ ਇਕ ਨਿਆਮਤ ਸੀ ਜਿਸ ਕਾਰਨ ਪਾਣੀ ਦੀ ਵਾਰੀ ਤੋਂ ਅਕਸਰ ਲੜਾਈਆਂ ਹੋ ਜਾਂਦੀਆਂ ਸਨ। ਅਜਿਹੇ ਇਕ ਝਗੜੇ ਵਿਚ ਬੂੜ ਸਿੰਘ ਤੋਂ ਕਤਲ ਹੋ ਗਿਆ ਤਾਂ ਪੁਲੀਸ ਦੀ ਕਾਰਵਾਈ ਤੋਂ ਡਰਦਾ ਉਹ ਫਰਾਰ ਹੋ ਗਿਆ। ਫਰਾਰੀ ਦੌਰਾਨ ਉਸ ਦਾ ਮੇਲ ਡਾਕੂਆਂ ਨਾਲ ਹੋਇਆ ਤਾਂ ਉਨ੍ਹਾਂ ਨਾਲ ਰਲ ਗਿਆ। ਰੱਜੇ-ਪੁੱਜੇ ਘਰ ਵਿਚ ਜਨਮਿਆ ਬੂੜ ਸਿੰਘ ਜਿੰਨਾ ਡੀਲ ਡੌਲ ਪੱਖੋਂ ਦਰਸ਼ਨੀ ਸੀ, ਨਿਡਰਤਾ ਅਤੇ ਹੌਸਲੇ ਵਿਚ ਉਸ ਤੋਂ ਵੀ ਦੁੱਗਣਾ ਚੌਗੁਣਾ। ਛੇਤੀ ਹੀ ਆਪਣੇ ਟੋਲੇ ਵਿਚ ਸਰਦਾਰ ਮੰਨਿਆ ਜਾਣ ਲੱਗਾ। ਮਨ ਵਿਚ ਠਾਣੀ ਕਿ ਜਿਉਣੇ ਮੌੜ ਅਤੇ ‘ਚਿਤੂ ਮਿਤੂ ਵਾਂਗ ਚਾ ਕਢਾਈਏ ਨਾਮ ਨੂੰ।’ ਉਸ ਨੇ ਦੂਰ ਦੂਰ ਤੱਕ ਡਾਕੇ ਮਾਰੇ। ਜਿੱਥੇ ਕਿਤੇ ਵੀ ਪਤਾ ਲੱਗਦਾ ਕਿ ਕੋਈ ਸ਼ਾਹੂਕਾਰ ਲੋਕਾਂ ਦਾ ਖ਼ੂਨ ਪੀ ਕੇ ਤਿਜੋਰੀਆਂ ਭਰੀ ਬੈਠਾ ਹੈ, ਬੂੜ ਸਿੰਘ ਉੱਥੇ ਜਾ ਪੁੱਜਦਾ। ਪਿੰਡ ਸਲੀਨੇ ਦਾ ਠਾਕਰ ਬਾਣੀਆ, ਫਤਿਹਗੜ੍ਹ ਦਾ ਰਲੀ, ਸੋਢੀਵਾਲੇ ਦੇ ਸ਼ਾਹੂਕਾਰ ਤਾਂ ਨੇੜੇ ਹੀ ਸਨ, ਉਸ ਨੇ ਰਿਆਸਤ ਪਟਿਆਲਾ ਵਿਚ ਮਹਿਲ ਪਿੰਡ ਦੇ ਬਾਣੀਆਂ ਨੂੰ ਵੀ ਨਾ ਬਖਸ਼ਿਆ। ਉਹ ਸ਼ਾਹੂਕਾਰ ਤੋਂ ਧਨ ਲੁੱਟਦਾ ਪਰ ਇਸ ਗੱਲ ਦਾ ਧਿਆਨ ਰੱਖਦਾ ਕਿ ਕਿਸੇ ਦੀ ਜਾਨ ਨਾ ਜਾਵੇ। ਧਨਾਢ ਵਿਅਕਤੀ ਨੂੰ ‘‘ਬਾਰ ਬਾਰ ਬੂੜਾ ਏਹੋ ਮੁੱਖ ਤੋਂ ਪੁਕਾਰਦਾ’’ ‘‘ਜਾਨ ਤੇਰੀ ਛੱਡੀ ਦੇਖੀਂ ਜਾਈਂ ਨਾ ਤੂੰ ਠਾਣੇ ਵਿਚ।’’ ਇਸ ਤਰ੍ਹਾਂ ਬੂੜ ਸਿੰਘ ਨੇ ‘‘ਦੋਹੀ ਫੇਰੀ ਜਿਉਣੇ ਮੌੜ ਵਾਂਗ, ਲੁਟਿਆ ਅਲਾਕਾ ਕੋਈ ਮੂਲ ਨਾ ਹਟਾਂਵਦਾ।’’

ਇਨ੍ਹਾਂ ਵਾਰਦਾਤਾਂ ਦੀ ਖ਼ਬਰ ਸਰਕਾਰ ਨੂੰ ਮਿਲੀ ਤਾਂ ‘‘ਬੋਲੇ ਅੰਗਰੇਜ਼ ਜੱਟ ਆਕੀ ਹੋਇਆ ਦੁੱਲੇ ਵਾਂਗ’’ ਪਰ ‘‘ਹੱਥ ਨਹੀਂ ਪਾਂਦੇ ਸਾਰੇ ਜਾਨ ਨੂੰ ਬਚਾਂਵਦੇ।’’ ਸਰਕਾਰ ਨੇ ਜ਼ੋਰ ਪਾਇਆ ਤਾਂ ਅੰਤ ਕਈ ਥਾਣਿਆਂ ਦੀ ਪੁਲੀਸ ਉਸ ਦੇ ਪਿੱਛੇ ਲੱਗ ਗਈ ਪਰ ‘‘ਭਾਲ ਰਿਹਾ ਠਾਣਾ ਨਾਹੀਂ ਲੱਗਦਾ ਸੀ ਪਤਾ ਕਿਤੋਂ’’ ਸਾਰੇ ਹੈਰਾਨ ਪ੍ਰੇਸ਼ਾਨ ‘‘ਅਕਲ ਹੋਵੇ ਦੰਗ ਕਿਤੋਂ ਹੱਥ ਬੀ ਨਾ ਆਇਆ ਹੈ।’’ ਬੂੜ ਸਿੰਘ ਦੇ ਕਿਸੇ ਪਿੰਡ ਵਿਚ ਹੋਣ ਦੀ ਸੂਹ ਮਿਲਣ ਉੱਤੇ ਪੁਲੀਸ ਉੱਥੇ ਪੁੱਜਦੀ ਤਾਂ ‘‘ਦੱਸਦਾ ਨਾ ਪਿੰਡ ਵਿਚੋਂ ਕੋਈ ਹਾਲ ਜੀ। ਲਾਇ ਕੇ ਤੇ ਜੋਰ ਸਾਰਾ ਰਹੇ ਭਾਲ ਜੀ।’’

ਆਖ਼ਰ ਪਿੰਡ ਦੇ ਜ਼ੈਲਦਾਰ ਵੱਲੋਂ ਕੀਤੀ ਮੁਖ਼ਬਰੀ ਉੱਤੇ ਪੁਲੀਸ ਨੇ ਉਸ ਘਰ ਨੂੰ ਘੇਰਾ ਪਾ ਲਿਆ ਜਿੱਥੇ ਬੂੜ ਸਿੰਘ ਲੁਕਿਆ ਹੋਇਆ ਸੀ। ਦੋਵਾਂ ਪਾਸਿਆਂ ਤੋਂ ਧੂੰਆਂਧਾਰ ਗੋਲੀਬਾਰੀ ਹੋਈ ਜਿਸ ਤੋਂ ਇਉਂ ਲੱਗੇ ਜਿਵੇਂ ‘‘ਹੋਈ ਹੈ ਲੜਾਈ ਨਾਲ ਸਿੰਘਾਂ ਦੇ ਫਰੰਗੀਆਂ ਦੀ’’, ਦੂਰ ‘‘ਕੰਬਦਾ ਖਲੋਤਾ ਸਾਹਿਬ ਪੇਸ਼ ਨਹੀਂ ਜਾਂਵਦੀ ਹੈ’’, ਅੰਤ ‘‘ਅੱਗ ਲਾਓ ਕੋਠੇ ਤਾਈਂ ਸਾਰੇ ਹੈਂ ਪੁਕਾਰਦੇ।’’ ਸੜਦੇ ਮਕਾਨ ਵਿਚੋਂ ਬੂੜ ਸਿੰਘ ਨੇ ਬਾਹਰ ਨਿਕਲਣ ਦਾ ਚਾਰਾ ਕੀਤਾ ਪਰ ਮਾਰਿਆ ਗਿਆ।

ਬੂੜ ਸਿੰਘ ਨੂੰ ‘‘ਬੂੜਾ ਸ਼ੇਰ ਝੱਲ ਦਾ’’ ਕਹਿ ਕੇ ਕਵੀ ਉਸ ਦੀ ਵਡਿਆਈ ਇਸ ਗੱਲੋਂ ਕਰਦਾ ਹੈ:

ਸ਼ਾਹੂਕਾਰ ਲੁੱਟੇ, ਨਾ ਗਰੀਬ ਨੂੰ ਲਗਾਵੇ ਹੱਥ

ਐਸਾ ਭਾਰੀ ਦਿਸਦਾ ਜਹਾਨ ਵਿਚ ਸੂਰਮਾ।

ਇਹੋ ਕਾਰਨ ਸੀ ਕਿ ਜਦ

ਭੌਰ ਵਜੂਦੋਂ ਉਡ ਕੇ ਗਿਆ ਸੁਰਗ ਨੂੰ ਧਾਇ।

ਸੋਗ ਪਿਆ ਕੁਲ ਦੇਸ ਤੇ ਜਿਸ ਦੀ ਹੱਦ ਨਾ ਕਾਇ।

ਕਵੀ ਦੁੱਖ ਪ੍ਰਗਟਾਉਂਦਾ ਹੈ ਕਿ ‘‘ਸ਼ਿਬੂ ਰਾਮਾ ਫੇਰ ਸ਼ੇਰ ਜੰਮਨਾ ਨਾ ਜੱਗ ਵਿਚ।’’

ਬਾਪ ਤੋਂ ਵਿਰਾਸਤ ਵਿਚ ਮਿਲੀ ਸੂਰਮਗਤੀ ਹੀ ਸੀ ਜਿਸ ਦੇ ਬਲ ਉੱਤੇ ਦੁੱਲਾ ਸਿੰਘ ਨੇ 14 ਸਤੰਬਰ 1923 ਨੂੰ ਗੁਰਦੁਆਰਾ ਗੰਗਸਰ ਸਾਹਿਬ ਅੰਦਰ ਪੁਲੀਸ ਵੱਲੋਂ ਘੇਰ ਕੇ ਰੱਖੇ ਭੁੱਖਣ ਭਾਣੇ ਸਿੰਘਾਂ ਨੂੰ ਆਪਣੀ ਜਾਨ ਤੋਂ ਬੇਪਰਵਾਹ ਹੋ ਕੇ ਰਾਸ਼ਨ ਪੁੱਜਦਾ ਕੀਤਾ। ਨਿਰਸੰਦੇਹ ਬੂੜ ਸਿੰਘ ਅਤੇ ਦੁੱਲਾ ਸਿੰਘ ਵਰਗੇ ਸੂਰਮੇ ਪੰਜਾਬੀ ਨਾਬਰੀ ਦੇ ਪ੍ਰਤੀਕ ਹਨ।