ਮਾਲਵਾ ਪੱਟੀ ਵਿੱਚ ਮੀਂਹ ਨੇ ਫਿਰ ਕਿਸਾਨਾਂ ਦੀ ਚਿੰਤਾ ਵਧਾਈ

ਮਾਲਵਾ ਪੱਟੀ ਵਿੱਚ ਮੀਂਹ ਨੇ ਫਿਰ ਕਿਸਾਨਾਂ ਦੀ ਚਿੰਤਾ ਵਧਾਈ

ਮੁੜ ਪਏ ਮੀਂਹ ਤੇ ਹਵਾਵਾਂ ਕਾਰਨ ਪੱਕ ਕੇ ਤਿਆਰ ਕਣਕ ਜ਼ਮੀਨ ’ਤੇ ਵਿਛੀ
ਮਾਨਸਾ- ਮਾਲਵਾ ਪੱਟੀ ਵਿੱਚ ਮੌਸਮ ਕਿਸਾਨੀ ਲਈ ਬੇਈਮਾਨ ਬਣਨ ਤੋਂ ਬਾਅਦ ਅੱਧੀ ਰਾਤ ਤੋਂ ਮਗਰੋਂ ਪੈਣ ਲੱਗੇ ਹਲਕੇ ਤੇ ਦਰਮਿਆਨੇ ਮੀਂਹ ਤੋਂ ਅੰਨਦਾਤਾ ਮੁੜ ਡਰ ਗਿਆ ਹੈ। ਲਗਾਤਾਰ ਹੋ ਰਹੀ ਬਰਸਾਤ ਨੇ ਕਿਸਾਨਾਂ ਦੇ ਹੌਸਲੇ ਢਹਿ-ਢੇਰੀ ਕਰ ਦਿੱਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਮਹਿਕਮੇ ਵੱਲੋਂ ਰਾਜ ਵਿੱਚ ਲਗਾਤਾਰ ਤਿੰਨ ਦਿਨ ਮੀਂਹ ਪੈਣ ਦੀ ਦਿੱਤੀ ਚਿਤਾਵਨੀ ਨੇ ਪਹਿਲਾਂ ਹੀ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ। ਅੱਜ ਸਵੇਰੇ ਤੋਂ ਰੁਕ-ਰੁਕ ਪੈਣ ਲੱਗਿਆ ਇਹ ਮੀਂਹ ਉਸ ਵੇਲੇ ਕਿਸਾਨੀ ਲਈ ਸਿਰਦਰਦੀ ਬਣਨ ਲੱਗਿਆ, ਜਦੋਂ ਕੁੱਝ ਇਲਾਕਿਆਂ ਵਿੱਚ ਮੀਂਹ ਦੇ ਨਾਲ ਹੀ ਤੇਜ਼ ਹਵਾ ਸ਼ੁਰੂ ਹੋ ਗਈ। ਇਸ ਹਵਾ ਨਾਲ ਪੱਕ ਕੇ ਤਿਆਰ ਹੋਣ ਵਾਲੀ ਕਣਕ ਦੇ ਬੂਟੇ ਖੇਤਾਂ ਵਿੱਚ ਮੂਧੇ ਹੋਣੇ ਸ਼ੁਰੂ ਹੋ ਗਏ ਹਨ। ਜਿਹੜੀਆਂ ਕਣਕਾਂ ਪਹਿਲਾਂ ਹੀ ਗੜੇਮਾਰੀ ਅਤੇ ਝੱਖੜ ਨੇ ਡੇਗੀਆਂ ਹੋਈਆਂ ਹਨ, ਉਨ੍ਹਾਂ ਕਣਕ ਉਤੇ ਅੱਜ ਪਏ ਮੀਂਹ ਉਨ੍ਹਾਂ ਚਿੱਪ ਧਰਿਆ ਹੈ। ਅੱਜ ਦੇ ਮਾੜੇ ਮੌਸਮ ਨੇ ਕਿਸਾਨਾਂ ਦੇ ਪਰਿਵਾਰਾਂ ਦੇ ਵੀ ਹੌਸਲੇ ਢਹਿ-ਢੇਰੀ ਕਰ ਦਿੱਤੇ ਹਨ।

ਇਸ ਮੀਂਹ ਕਾਰਨ ਜਿਹੜੀਆਂ ਥਾਵਾਂ ’ਤੇ ਹੱਥੀਂ ਕਣਕ ਦੀ ਵਾਢੀ ਦਾ ਕਾਰਜ ਆਰੰਭ ਹੋਇਆ ਸੀ, ਉਹ ਅੱਜ ਕਿਧਰੇ ਵੀ ਵਿਖਾਈ ਨਹੀਂ ਸੀ ਦਿੰਦਾ। ਖੇਤਾਂ ਵਿੱਚ ਸਰ੍ਹੋਂ ਦੀ ਵਢਾਈ ਅਤੇ ਕਢਾਈ ਦਾ ਕਾਰਜ ਵੀ ਇਸ ਮੀਂਹ ਨੇ ਰੋਕ ਧਰਿਆ ਹੈ। ਕਿਸਾਨਾਂ ਵੱਲੋਂ ਤਾਜ਼ਾ ਬੀਜੀਆਂ ਗਈਆਂ ਗਰਮ ਰੁੱਤ ਦੀ ਸਬਜ਼ੀਆਂ ਨੂੰ ਇਸ ਮੀਂਹ ਨੇ ਉੱਠਣ ਨਹੀਂ ਦੇਣਾ ਹੈ। ਪਸ਼ੂਆਂ ਦਾ ਹਰਾ-ਚਾਰਾ ਅਤੇ ਮੱਕੀ ਨੂੰ ਮੀਂਹ ਨੇ ਖੇਤਾਂ ਵਿੱਚ ਨਿਸ਼ਾਲ ਧਰਿਆ ਹੈ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਦੱਸਿਆ ਕਿ ਮਹਿਕਮੇ ਦੇ ਮਾਹਿਰਾਂ ਵੱਲੋਂ ਵੈਸੇ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਪਹਿਲਾਂ ਮਾੜੇ ਮੌਸਮ ਤੋਂ ਸੁਚੇਤ ਕਰ ਦਿੱਤਾ ਗਿਆ ਸੀ। ਉਂਝ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇਸ ਮੀਂਹ ਦੌਰਾਨ ਤੇਜ਼ ਹਵਾ ਅਤੇ ਝੱਖੜ ਨਹੀਂ ਝੁੱਲਦਾ ਹੈ ਤਾਂ ਕਣਕ ਸਮੇਤ ਹੋਰ ਹਾੜੀ ਦੀ ਕਿਸੇ ਵੀ ਫਸਲ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਸੀ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਹਾੜੀ ਦੀਆਂ ਫ਼ਸਲਾਂ ਪੱਕਕੇ ਤਿਆਰ ਹਨ, ਜਿਸ ਨੂੰ ਕਿਸਾਨਾਂ ਸੁੱਖਾਂ ਸੁੱਖਕੇ ਫੱਗਣ ਤੇ ਚੇਤ ਮਹੀਨਾ ਪੂਰਾ ਹੋਣ ਦੀ ਉਡੀਕ ’ਚ ਬੈਠੇ ਹਨ, ਪਰ ਮੁੜ ਮੌਸਮ ਵਿਭਾਗ ਦੇ ਰਿਪੋਰਟਾਂ ਤਹਿਤ ਅੱਜ ਫੇਰ ਕਾਲੀਆ ਘਟਾਵਾਂ ਤੇ ਮੀਂਹ ਨੇ ਕਿਸਾਨਾਂ ਨੂੰ ਫ਼ਿਕਰਾਂ ’ਚ ਪਾ ਧਰਿਆ ਹੈ।