ਮਾਨ ਵੱਲੋਂ ਜ਼ੈੱਡ ਪਲੱਸ ਸੁਰੱਖਿਆ ਤੋਂ ਨਾਂਹ

ਮਾਨ ਵੱਲੋਂ ਜ਼ੈੱਡ ਪਲੱਸ ਸੁਰੱਖਿਆ ਤੋਂ ਨਾਂਹ

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀ ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਸੂਬੇ ਵੱਲੋਂ ਦਿੱਤੀ ਸੁਰੱਖਿਆ ’ਤੇ ਭਰੋਸਾ ਪ੍ਰਗਟ ਕੀਤਾ ਹੈ। ‘ਆਪ’ ਦੀ ਕੇਂਦਰ ਦੀ ਭਾਜਪਾ ਸਰਕਾਰ ਨਾਲ ਦਿੱਲੀ ’ਚ ਤਾਕਤਾਂ ਘਟਾਉਣ ਵਾਲੇ ਆਰਡੀਨੈਂਸ ਨੂੰ ਲੈ ਕੇ ਸਿਆਸੀ ਲੜਾਈ ਤਿੱਖੀ ਹੋ ਗਈ ਹੈ ਅਤੇ ਮੁੱਖ ਮੰਤਰੀ ਦੇ ਇਨਕਾਰ ਨੂੰ ਇਸੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਕੇਂਦਰ ਖ਼ਿਲਾਫ਼ ਲੜਾਈ ਵਿਚ ਹੁਣ ਭਗਵੰਤ ਮਾਨ ਵੀ ਖੁੱਲ੍ਹ ਕੇ ਕੁੱਦ ਪਏ ਹਨ।

ਕੇਂਦਰੀ ਗ੍ਰਹਿ ਮੰਤਰਾਲੇ ਨੇ 25 ਮਈ ਨੂੰ ਭਗਵੰਤ ਮਾਨ ਨੂੰ ਕੇਂਦਰੀ ਸੁਰੱਖਿਆ ਬਲਾਂ ਵਾਲੀ ਜ਼ੈੱਡ ਪਲੱਸ ਸੁਰੱਖਿਆ ਦੇਣ ਦਾ ਫ਼ੈਸਲਾ ਕੀਤਾ ਸੀ। ਦੇਸ਼ ਵਿਦੇਸ਼ ’ਚੋਂ ਸੁਰੱਖਿਆ ਖ਼ਤਰੇ ਨੂੰ ਭਾਂਪਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਫ਼ੈਸਲਾ ਕੀਤਾ ਸੀ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਹੁਣ ਇੱਕ ਪੱਤਰ ਲਿਖਿਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਵਿਚ ਜ਼ੈੱਡ ਪਲੱਸ ਸੁਰੱਖਿਆ ਤਹਿਤ ਕੇਂਦਰੀ ਸੁਰੱਖਿਆ ਬਲਾਂ ਦੀ ਕੋਈ ਲੋੜ ਨਹੀਂ ਹੈ। ਪੰਜਾਬ ਜਾਂ ਦਿੱਲੀ ਤੋਂ ਬਾਹਰ ਜਾਣ ’ਤੇ ਹੀ ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਪਏਗੀ।

ਪੰਜਾਬ ਸਰਕਾਰ ਨੇ ਕਿਹਾ ਕਿ ਮੁੱਖ ਮੰਤਰੀ ਇੱਥੇ ਸੁਰੱਖਿਅਤ ਹਨ ਅਤੇ ਉਹ ਸੁਰੱਖਿਆ ਦੀ ਦੋਹਰੀ ਕਮਾਨ ਨਹੀਂ ਚਾਹੁੰਦੇ ਹਨ ਜਿਸ ਨਾਲ ਗ਼ਲਤੀਆਂ ਦੀ ਗੁੰਜਾਇਸ਼ ਬਣੀ ਰਹੇਗੀ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਮੁਤਾਬਕ ਜੇਕਰ ਪੰਜਾਬ ਵਿਚ ਮੁੱਖ ਮੰਤਰੀ ਦੀ ਸੁਰੱਖਿਆ ਕੇਂਦਰੀ ਬਲਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਇਸ ਦਾ ਸੁਨੇਹਾ ਗ਼ਲਤ ਜਾਵੇਗਾ ਕਿ ਮੁੱਖ ਮੰਤਰੀ ਨੂੰ ਆਪਣੀ ਪੰਜਾਬ ਪੁਲੀਸ ’ਤੇ ਭਰੋਸਾ ਨਹੀਂ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਵੀ ਹੈ ਅਤੇ ਉਹ ਅਜਿਹਾ ਸੰਕੇਤ ਕਿਧਰੇ ਨਹੀਂ ਦੇਣਾ ਚਾਹੁਣਗੇ ਕਿ ਉਨ੍ਹਾਂ ਨੂੰ ਪੰਜਾਬ ਪੁਲੀਸ ’ਤੇ ਭਰੋਸਾ ਨਹੀਂ।

ਸੂਤਰਾਂ ਅਨੁਸਾਰ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਸੈਂਕੜੇ ਮੁਲਾਜ਼ਮ ਪਹਿਲਾਂ ਹੀ ਤਾਇਨਾਤ ਹਨ ਅਤੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਯੋਗ ਸੁਰੱਖਿਆ ਪ੍ਰਣਾਲੀ ਇੱਥੇ ਮੌਜੂਦ ਹੈ। ਮੁੱਖ ਮੰਤਰੀ ਨੇ ਪੰਜਾਬ ਅਤੇ ਦਿੱਲੀ ਵਿਚ ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਉਹ ਪੰਜਾਬ ਤੇ ਦਿੱਲੀ ਤੋਂ ਬਾਹਰ ਦੌਰੇ ਮੌਕੇ ਕੇਂਦਰੀ ਸੁਰੱਖਿਆ ਲੈਣਗੇ।