ਮਾਨਸਿਕ ਅਤੇ ਸਰੀਰਕ ਸੰਤੁਲਨ ਲਈ ਯੋਗ ਲਾਹੇਵੰਦ: ਭਗਵੰਤ ਮਾਨ

ਮਾਨਸਿਕ ਅਤੇ ਸਰੀਰਕ ਸੰਤੁਲਨ ਲਈ ਯੋਗ ਲਾਹੇਵੰਦ: ਭਗਵੰਤ ਮਾਨ

ਸੀਐੱਮ ਦੀ ਯੋਗਸ਼ਾਲਾ ਦੌਰਾਨ ਮੁੱਖ ਮੰਤਰੀ ਨੇ 50 ਹਜ਼ਾਰ ਲੋਕਾਂ ਨੂੰ ਯੋਗ ਕਰਵਾਇਆ; ਜਲੰਧਰ ’ਚ ਹੋਇਆ ਸੂਬਾਈ ਸਮਾਗਮ
ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ‘ਸੀਐੱਮ ਦੀ ਯੋਗਸ਼ਾਲਾ’ ਨੂੰ ਲੋਕ ਲਹਿਰ ਵਿੱਚ ਬਦਲਣ ਦੇ ਉਦੇਸ਼ ਨਾਲ ਪੰਜਾਬ ਦੇ ਵੱਖ-ਵੱਖ ਥਾਵਾਂ ’ਤੇ 50,000 ਤੋਂ ਵੱਧ ਲੋਕਾਂ ਨੂੰ ਯੋਗ ਕਰਵਾਉਣ ਦੀ ਅਗਵਾਈ ਕੀਤੀ। ਇੱਥੋਂ ਦੇ ਪੀਏਪੀ ਗਰਾਊਂਡ ਵਿੱਚ ਅੱਜ ‘ਸੀਐਮ ਦੀ ਯੋਗਸ਼ਾਲਾ’ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਹਤ ਖੇਤਰ ਵਿੱਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਬਣਾਉਣਾ ਹੈ। ਇਸ ਸਮਾਗਮ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਕਿ ‘ਸੀਐਮ ਦੀ ਯੋਗਸ਼ਾਲਾ’ ਸਿਹਤਮੰਦ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀਆਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸਿਹਤਮੰਦ ਅਤੇ ਪੁਰਾਤਨ ਸ਼ਾਨ ਵਾਲਾ ਸੂਬਾ ਹੋਣ ਦਾ ਮਾਣ ਮੁੜ ਹਾਸਲ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਇਹ ਕੋਈ ਸਿਆਸੀ ਸਮਾਗਮ ਨਹੀਂ ਰਚਿਆ ਗਿਆ ਸਗੋਂ ਇਸ ਮੁਹਿੰਮ ਦਾ ਇੱਕੋ-ਇੱਕ ਉਦੇਸ਼ ਲੋਕਾਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਬਾਰੇ ਪ੍ਰੇਰਿਤ ਕਰ ਕੇ ਸੂਬੇ ਨੂੰ ਸਿਹਤਮੰਦ ਬਣਾਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ‘ਸੀਐਮ ਦੀ ਯੋਗਸ਼ਾਲਾ’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿਮਾਗ ਦੀ ਉੱਪਜ ਹੈ ਤੇ ਕੌਮੀ ਰਾਜਧਾਨੀ ਵਿੱਚ ਇਸ ਨਾਲ ਵੱਡੀ ਗਿਣਤੀ ਲੋਕ ਜੁੜੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਮੁਫ਼ਤ ਯੋਗ ਸਿਖਲਾਈ ਲਈ ਲੋਕ ਟੌਲ ਫਰੀ ਨੰਬਰ 76694-00500 ਡਾਇਲ ਕਰ ਸਕਦੇ ਹਨ ਜਾਂ ਵੈੱਬਸਾਈਟ ’ਤੇ ਜਾ ਕੇ ਇਹ ਸੇਵਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਉੱਚ ਸਿਖਲਾਈ ਪ੍ਰਾਪਤ ਯੋਗਾ ਇੰਸਟ੍ਰੱਕਟਰ ਖੁੱਲ੍ਹੇ ਪਾਰਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਲੋਕਾਂ ਨੂੰ ਮੁਫ਼ਤ ਯੋਗ ਸਿਖਲਾਈ ਦੇਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਨਾ ਸਿਰਫ਼ ਚੰਗੀ ਸਿਹਤ ਸਗੋਂ ਸੂਬਾ ਵਾਸੀਆਂ ਨੂੰ ਤਣਾਅ ਮੁਕਤ ਵੀ ਕੀਤਾ ਜਾਵੇ। ਸ੍ਰੀ ਮਾਨ ਨੇ ਕਿਹਾ ਕਿ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰ ਕੇ ਅਤੇ ਯੋਗ ਅਭਿਆਸ ਰਾਹੀਂ ਚੰਗਾ ਜੀਵਨ ਬਤੀਤ ਕਰ ਕੇ ਮਾਨਸਿਕ ਅਤੇ ਸਰੀਰਕ ਸੰਤੁਲਨ ਬਣਾ ਕੇ ਰੱਖਣਾ ਜ਼ਰੂਰੀ ਹੈ।

ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ, ਡਾ. ਬਲਬੀਰ ਸਿੰਘ ਅਤੇ ਬ੍ਰਹਮ ਸ਼ੰਕਰ ਜਿੰਪਾ, ਰਾਜ ਸਭਾ ਮੈਂਬਰ ਰਾਘਵ ਚੱਢਾ, ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸ਼ਾਦ ਆਦਿ ਹਾਜ਼ਰ ਸਨ।